ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਲਗੋਜ਼ੇ ਨਾਲ ਲੋਕ ਗਾਥਾਵਾਂ ਸੁਣਾਉਣ ਵਾਲਾ ਖਰੈਤੀ ਲਾਲ ਬਾਰਨਾ

06:18 AM Jan 06, 2024 IST

ਹਰਦਿਆਲ ਸਿੰਘ ਥੂਹੀ
Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਦੇ ਪ੍ਰਸਿੱਧ ‘ਜੋੜੀ ਵਾਦਕਾਂ’ ਵਿਚੋਂ ਹੀ ਇਕ ਨਾਂ ਹੈ ਖਰੈਤੀ ਲਾਲ ਬਾਰਨਾ। ਉਹ ਹੰਸ ਰਾਜ ਲਾਲਕਾ ਅਤੇ ਅਸ਼ੋਕ ਕੁਮਾਰ ਲਾਲਕਾ ਦੇ ਗਰੁੱਪ ਨਾਲ ਜੋੜੀ ਵਜਾ ਰਿਹਾ ਹੈ। ਖਰੈਤੀ ਲਾਲ ਦਾ ਜਨਮ 1961 ਵਿਚ ਉਸ ਸਮੇਂ ਦੇ ਪੰਜਾਬ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਬਾਰਨਾ ਦੇ ਨੇੜਲੀ ਬਾਜ਼ੀਗਰ ਬਸਤੀ ਡੇਰਾ ਪਾਵਰ ਹਾਊਸ ਵਿਖੇ ਪਿਤਾ ਅਰੂੜਾ ਰਾਮ ਤੇ ਮਾਤਾ ਕੇਸਰੋ ਦੇਵੀ ਦੇ ਘਰ ਹੋਇਆ। ਪੰਜਾਬੀ ਸੂਬਾ ਬਣਨ ’ਤੇ ਇਹ ਲੋਕ ਭਾਵੇਂ ਹਰਿਆਣਵੀ ਹੋ ਗਏ, ਪ੍ਰੰਤੂ ਉੱਥੇ ਰਹਿ ਕੇ ਵੀ ਇਹ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ। ਖਰੈਤੀ ਲਾਲ ਹੁਰੀਂ ਮਾਪਿਆਂ ਦੀਆਂ ਨੌਂ ਔਲਾਦਾਂ ਪੰਜ ਭੈਣਾਂ ਤੇ ਚਾਰ ਭਰਾ ਹਨ।
ਉਸ ਦਾ ਪਿਛੋਕੜ ਲਹਿੰਦੇ ਪੰਜਾਬ ਦਾ ਹੈ, ਜਿੱਥੇ ਉਸ ਦਾ ਦਾਦਾ ਖਾਨੂ ਰਾਮ ਅਲਗੋਜ਼ੇ ਵਜਾਉਂਦਾ ਸੀ। ਉਸ ਦਾ ਪਿਤਾ ਅਰੂੜਾ ਰਾਮ ਵਧੀਆ ਢੋਲੀ ਸੀ। ਖਰੈਤੀ ਦਾ ਵੱਡਾ ਭਰਾ ਅਮਰ ਲਾਲ ਵੀ ਅਲਗੋਜ਼ੇ ਵਜਾਉਣ ਲੱਗ ਪਿਆ। ਉਸ ਨੂੰ ਦੇਖ ਕੇ ਖਰੈਤੀ ਨੇ ਵੀ ਅਲਗੋਜ਼ਿਆਂ ਵਿਚ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਿੱਦਿਆ ਦੇ ਪੱਖ ਤੋਂ ਇਹ ਕੋਰਾ ਹੀ ਰਿਹਾ। ਸਕੂਲ ਦਾਖਲ ਤਾਂ ਜ਼ਰੂਰ ਹੋਇਆ, ਪ੍ਰੰਤੂ ਇਕ ਸਾਲ ਵੀ ਪੂਰਾ ਨਾ ਲਾਇਆ। ਅਲਗੋਜ਼ਿਆਂ ਵਿਚ ਫੂਕਾਂ ਮਾਰਦਾ ਮਾਰਦਾ ਸਾਹ ਪਲਟਾਉਣ ਲੱਗ ਪਿਆ। ਏਧਰ ਰੁਚੀ ਦੇਖ ਕੇ ਅਰੂੜਾ ਰਾਮ ਨੇ ਉਸ ਨੂੰ ਮੋਹਨਪੁਰ ਕਲਸਾ ਵਾਲੇ ਬਿਸ਼ਨ ਦਾਸ ਦਾ ਸ਼ਾਗਿਰਦ ਬਣਾ ਦਿੱਤਾ। ਬਿਸ਼ਨ ਦਾਸ ਉੱਚੇ ਪਿੰਡ ਸੰਘੋਲ ਵਾਲੇ ਫਕੀਰ ਮੁਹੰਮਦ ਦਾ ਸ਼ਾਗਿਰਦ ਸੀ। ਫਕੀਰ ਮੁਹੰਮਦ ਆਪਣੇ ਸਮੇਂ ਦਾ ਨਾਮੀ ਜੋੜੀ ਵਾਦਕ ਹੋਇਆ ਹੈ। ਖਰੈਤੀ ਲਾਲ ਨੇ ਤਿੰਨ ਸਾਲ ਆਪਣੇ ਉਸਤਾਦ ਕੋਲ ਰਹਿ ਕੇ ਇਸ ਸਾਜ਼ ਦੀ ਸਿੱਖਿਆ ਪ੍ਰਾਪਤ ਕੀਤੀ।
ਖਰੈਤੀ ਲਾਲ ਦਾ ਉਸਤਾਦ ਬਿਸ਼ਨ ਦਾਸ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਜਗਤ ਰਾਮ ਲਾਲਕਾ ਦਾ ਜੋੜੀਵਾਦਕ ਵਜੋਂ ਸਾਥ ਨਿਭਾਉਂਦਾ ਸੀ। ਕਦੇ ਕਦਾਈਂ ਖਰੈਤੀ ਲਾਲ ਵੀ ਇਨ੍ਹਾਂ ਨਾਲ ਪ੍ਰੋਗਰਾਮਾਂ ’ਤੇ ਚਲਾ ਜਾਂਦਾ ਸੀ। ਬਿਸ਼ਨ ਦਾਸ ਦੀ ਮੌਤ ਤੋਂ ਬਾਅਦ ਖਰੈਤੀ ਲਾਲ ਪੱਕੇ ਤੌਰ ’ਤੇ ਜਗਤ ਰਾਮ ਲਾਲਕਾ ਦੇ ਗਰੁੱਪ ਵਿਚ ਸ਼ਾਮਲ ਹੋ ਗਿਆ। ਜਗਤ ਰਾਮ ਲਾਲਕਾ ਕਿਉਂਕਿ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦਾ ਰਜਿਸਟਰਡ ਕਲਾਕਾਰ ਸੀ, ਇਸ ਲਈ ਉਹ ਕੇਂਦਰ ਦੇ ਸੱਦੇ ’ਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰੋਗਰਾਮ ਕਰਨ ਜਾਂਦਾ ਸੀ। ਇਸ ਤਰ੍ਹਾਂ ਖਰੈਤੀ ਲਾਲ ਨੇ ਜਗਤ ਰਾਮ ਦੇ ਨਾਲ ਭਾਰਤ ਦੇ ਵੱਡੇ ਸ਼ਹਿਰਾਂ ਦੀ ਸੈਰ ਕੀਤੀ। ਦਿੱਲੀ ਤੋਂ ਲੈ ਕੇ ਧੁਰ ਦੱਖਣ ਦੇ ਸ਼ਹਿਰਾਂ, ਪੱਛਮ ਵਿਚ ਗੁਜਰਾਤ ਅਤੇ ਰਾਜਸਥਾਨ ਦੇ ਪ੍ਰਮੁੱਖ ਸ਼ਹਿਰਾਂ, ਪੂਰਬੀ ਰਾਜਾਂ ਵਿਚ ਅੰਤਰ-ਰਾਜੀ ਟੂਰ ਲਾਏ। ਜਗਤ ਰਾਮ ਨਾਲ ਉਸ ਦਾ ਲੰਮਾ ਸਮਾਂ ਸਾਥ ਰਿਹਾ। ਉਸ ਨਾਲ ਖਰੈਤੀ ਲਾਲ ਕਈ ਵਾਰ ਜਲੰਧਰ ਰੇਡੀਓ ਸਟੇਸ਼ਨ ’ਤੇ ਵੀ ਗਿਆ। ਜਗਤ ਰਾਮ ਨੇ ਇਕ ਆਡੀਓ ਕੈਸੇਟ ਵੀ ਰਿਕਾਰਡ ਕਰਵਾਈ, ਜਿਸ ਵਿਚ ਖਰੈਤੀ ਲਾਲ ਨੇ ਆਪਣੇ ਅਲਗੋਜ਼ਿਆਂ ਦੇ ਸੁਰ ਬਿਖੇਰੇ ਹੋਏ ਹਨ।
ਜਗਤ ਰਾਮ ਤੋਂ ਇਲਾਵਾ ਖਰੈਤੀ ਲਾਲ ਨੇ ਜਗਤ ਰਾਮ ਦੇ ਸ਼ਾਗਿਰਦ ਗਾਇਕ ਬਾਬੂ ਰਾਮ ਲਾਲਕਾ, ਮੂਣਕ ਵਾਲੇ ਨਾਲ ਛੇ ਸਾਲ ਜੋੜੀ ਵਜਾਈ। ਇਸ ਸਮੇਂ ਦੌਰਾਨ ਅਣਗਿਣਤ ਥਾਵਾਂ ’ਤੇ ਪ੍ਰੋਗਰਾਮ ਕੀਤੇ। ਅੱਜਕੱਲ੍ਹ ਖਰੈਤੀ ਲਾਲ, ਜਗਤ ਰਾਮ ਲਾਲਕਾ ਦੇ ਭਰਾ ਹੰਸ ਰਾਜ ਲਾਲਕਾ ਅਤੇ ਪੁੱਤਰ ਅਸ਼ੋਕ ਕੁਮਾਰ ਲਾਲਕਾ ਦੇ ਗਰੁੱਪ ਨਾਲ ਜੋੜੀ ਵਜਾ ਰਿਹਾ ਹੈ। ਚਾਚੇ ਭਤੀਜੇ ਦੇ ਇਸ ਗਰੁੱਪ ਨਾਲ ਉਹ ਪਿਛਲੇ ਛੇ ਸੱਤ ਸਾਲਾਂ ਤੋਂ ਕੰਮ ਕਰ ਰਿਹਾ ਹੈ। ਹੰਸ ਰਾਜ ਤੇ ਅਸ਼ੋਕ ਕੁਮਾਰ ਵੀ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਰਜਿਸਟਰਡ ਕਲਾਕਾਰ ਹਨ। ਇਸ ਕੇਂਦਰ ਵੱਲੋਂ ਇਹ ਗਰੁੱਪ ਚੰਡੀਗੜ੍ਹ ਦੇ ਕਲਾਗ੍ਰਾਮ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਜ਼ਿਲ੍ਹਾ ਵਿਰਾਸਤੀ ਮੇਲਿਆਂ ਜਿਵੇਂ ਸਰਸ ਮੇਲਾ ਫ਼ਰੀਦਕੋਟ, ਸਰਸ ਮੇਲਾ ਰੂਪਨਗਰ, ਸਰਸ ਮੇਲਾ ਹੁਸ਼ਿਆਰਪੁਰ, ਸਰਸ ਮੇਲਾ ਪਟਿਆਲਾ, ਸਰਸ ਮੇਲਾ ਸੰਗਰੂਰ ਆਦਿ ਵਿਚ ਲਗਾਤਾਰ ਪ੍ਰੋਗਰਾਮ ਪੇਸ਼ ਕਰਦਾ ਆ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਲੱਗਣ ਵਾਲੇ ਵੱਡੇ ਮੇਲਿਆਂ, ਗੀਤਾ ਜਯੰਤੀ ਮੇਲਾ ਕੁਰੂਕਸ਼ੇਤਰ, ਸੂਰਜ ਕੁੰਡ ਮੇਲਾ ਪਿੰਜੌਰ ਆਦਿ ’ਤੇ ਵੀ ਇਨ੍ਹਾਂ ਵੱਲੋਂ ਕਈ ਕਈ ਦਿਨ ਲਗਾਤਾਰ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਇਸ ਗਾਇਨ ਸ਼ੈਲੀ ਵਿਚ ਗਾਈਆਂ ਜਾਣ ਵਾਲੀਆਂ ਲੋਕ ਗਾਥਾਵਾਂ ਜਿਵੇਂ ਜੈਮਲ ਫੱਤਾ, ਰਾਜਾ ਰਸਾਲੂ, ਵੀਰ ਤੇ ਜੋਧ, ਦੁੱਲਾ ਭੱਟੀ, ਸ਼ਾਹ ਦਹੂਦ, ਮਿਰਜ਼ਾ, ਸੈਫ ਮਲੂਕ, ਸੱਸੀ, ਪੂਰਨ ਭਗਤ, ਪੀਰ ਮੁਰਾਦੀਆ ਆਦਿ ਸਭ ਅਲੱਗ ਅਲੱਗ ਤਰਜ਼ਾਂ ਵਿਚ ਗਾਈਆਂ ਜਾਂਦੀਆਂ ਹਨ। ਖਰੈਤੀ ਲਾਲ ਇਨ੍ਹਾਂ ਤਰਜ਼ਾਂ ਨੂੰ ਅਲਗੋਜ਼ਿਆਂ ’ਤੇ ਵਜਾਉਣ ਦੇ ਸਮਰੱਥ ਹੈ। ਅਲਗੋਜ਼ਿਆਂ ਦੀ ਲੈਅ ਨਾਲ ਹੀ ਬਾਕੀ ਬਾਜ਼ੀ ਸਾਥ ਨਿਭਾਉਂਦੇ ਹਨ। 17-18 ਸਾਲ ਦੀ ਉਮਰ ਵਿਚ ਖਰੈਤੀ ਲਾਲ ਦਾ ਵਿਆਹ ਤਰਾਵੜੀ ਨਿਵਾਸੀ ਕਰਮ ਚੰਦ ਤੇ ਸ਼ਾਨੋ ਦੇਵੀ ਦੀ ਧੀ ਸਕੁੰਤਲਾ ਦੇਵੀ ਨਾਲ ਹੋਇਆ। ਇਨ੍ਹਾਂ ਦੇ ਘਰ ਤਿੰਨ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ। ਪੁੱਤਰਾਂ ਵਿਚੋਂ ਕੋਈ ਵੀ ਉਸ ਦੇ ਨਕਸ਼ੇ ਕਦਮਾਂ ’ਤੇ ਨਹੀਂ ਚੱਲਿਆ। ਖਰੈਤੀ ਲਾਲ ਨੂੰ ਪ੍ਰੋਗਰਾਮ ਘੱਟ ਹੀ ਮਿਲਦੇ ਹਨ, ਇਸ ਲਈ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਉਸ ਨੂੰ ਵੀ ਆਪਣੇ ਪੁੱਤਰਾਂ ਵਾਂਗ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਹੈ।
ਸੰਪਰਕ: 84271-00341

Advertisement
Advertisement