For the best experience, open
https://m.punjabitribuneonline.com
on your mobile browser.
Advertisement

ਖੰਨਾ: ਰੇਲਵੇ ਵਿਭਾਗ ਵੱਲੋਂ ਚੋਰ ਰਸਤੇ ਬੰਦ

10:53 AM May 01, 2024 IST
ਖੰਨਾ  ਰੇਲਵੇ ਵਿਭਾਗ ਵੱਲੋਂ ਚੋਰ ਰਸਤੇ ਬੰਦ
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 30 ਅਪਰੈਲ
ਅੰਬਾਲਾ-ਅੰਮ੍ਰਿਤਸਰ ਮੁੱਖ ਰੇਲਵੇ ਮਾਰਗ ’ਤੇ ਰੇਲਵੇ ਵਿਭਾਗ ਨੇ ਖੰਨਾ ਸ਼ਹਿਰ ਵਿੱਚ ਲਾਈਨ ਦੇ ਨਾਲ ਵਿਨੋਦ ਨਗਰ ਨੂੰ ਜਾਣ ਵਾਲੇ ਚੋਰ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਲੋਕਾਂ ਨੇ ਰੇਲਵੇ ਦੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਪਰ ਉਨ੍ਹਾਂ ਦੀ ਨਹੀਂ ਚੱਲੀ। ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਘਰਾਂ ਵਿੱਚ ਹੀ ਕੈਦ ਕਰ ਦਿੱਤਾ ਗਿਆ ਹੈ ਤੇ ਕੋਈ ਵੀ ਰਸਤਾ ਆਉਣ-ਜਾਣ ਲਈ ਨਹੀਂ ਰਿਹਾ। ਉਹ ਇੱਥੇ ਕਰੀਬ 50 ਸਾਲਾਂ ਤੋਂ ਰਹਿ ਰਹੇ ਹਨ ਅਤੇ ਇਸ ਥਾਂ ’ਤੇ ਜਗ੍ਹਾ ਖਰੀਦ ਕੇ ਨਕਸ਼ਾ ਪਾਸ ਕਰਵਾ ਕੇ ਮਕਾਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹਨ। ਨਗਰ ਕੌਂਸਲ ਨੇ ਹੁਣ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਤਾਂ ਰੇਲਵੇ ਵਿਭਾਗ ਨੇ ਆ ਕੇ ਰਸਤੇ ਬੰਦ ਕਰ ਦਿੱਤੇ। ਰੇਲਵੇ ਨੇ ਇਸ ਸਬੰਧੀ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਤੇ ਸਿੱਧਾ ਜੇਸੀਬੀ ਮਸ਼ੀਨਾਂ ਲਿਆ ਕੇ ਪੱਕੇ ਤੌਰ ਉੱਤੇ ਰਸਤੇ ਬੰਦ ਕਰ ਦਿੱਤੇ ਗਏ। ਇਸ ਦੌਰਾਨ ਨਗਰ ਕੌਂਸਲ ਦੀਆਂ ਸੀਵਰੇਜ ਦੀਆਂ ਲਾਈਨਾਂ ਵੀ ਟੁੱਟ ਗਈਆਂ।
ਇਸ ਦੌਰਾਨ ਲੋਕਾਂ ਨੇ ਸਿਆਸੀ ਆਗੂਆਂ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਰੇਲਵੇ ਲਾਈਨਾਂ ਵੱਲ ਸੜਕ ਬਣਨਾ ਨਾਜਾਇਜ਼ ਹੈ ਤਾਂ ਅੱਜ ਤੱਕ ਕਿਸੇ ਨੁਮਾਇੰਦੇ ਨੇ ਆ ਕੇ ਇਸ ਦਾ ਹੱਲ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨਗੇ। ਦੂਜੇ ਪਾਸੇ, ਰੇਲਵੇ ਅਧਿਕਾਰੀ ਜਸਮੇਲ ਸਿੰਘ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਸਾਰੇ ਗੈਰਕਾਨੂੰਨੀ ਰਸਤੇ ਬੰਦ ਕੀਤੇ ਜਾ ਰਹੇ ਹਨ ਤਾਂ ਜੋ ਰੇਲ ਹਾਦਸਿਆਂ ਨੂੰ ਰੋਕਿਆ ਜਾ ਸਕੇ। ਅਕਸਰ ਲੋਕ ਇਨ੍ਹਾਂ ਗਲਤ ਰਸਤਿਆਂ ਤੋਂ ਰੇਲਵੇ ਲਾਈਨਾਂ ਪਾਰ ਕਰਦੇ ਹੋਏ ਆਪਣੀ ਕੀਮਤੀ ਜਾਨ ਗੁਆ ਬੈਠਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਉਨ੍ਹਾਂ ਦਾ ਇਰਾਦਾ ਨਹੀਂ ਹੈ, ਉਹ ਸਿਰਫ਼ ਨਿਯਮਾਂ ਅਨੁਸਾਰ ਕਾਰਵਾਈ ਕਰ ਰਹੇ ਹਨ।

Advertisement

Advertisement
Author Image

Advertisement
Advertisement
×