ਖਹਿਰਾ ਨਾਜਾਇਜ਼ ਖਣਨ ਖ਼ਿਲਾਫ਼ ਲੱਗੇ ਧਰਨੇ ਵਿੱਚ ਪੁੱਜੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਫਰਵਰੀ
ਕਾਂਗਰਸ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਤਲੁਜ ਦਰਿਆ ਕੰਢੇ ਸਥਿਤ ਬੇਟ ਇਲਾਕੇ ਦੇ ਪਿੰਡ ਅੱਕੂਵਾਲ ’ਚ ਨਾਜਾਇਜ਼ ਖਣਨ ਦੇ ਮੁੱਦੇ ’ਤੇ ਧਰਨਾ ਦੇ ਰਹੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅੱਕੂਵਾਲ, ਭੈਣੀ ਗੁੱਜਰਾਂ ਤੇ ਗੱਗ ਕਲਾਂ ਦੇ ਲੋਕ ਪਿਛਲੇ ਪੰਜ ਦਿਨਾਂ ਤੋਂ ਨਾਜਾਇਜ਼ ਖਣਨ ਖ਼ਿਲਾਫ਼ ਧਰਨਾ ਦੇ ਰਹੇ ਹਨ, ਜਿਸ ਬਾਰੇ ਜਾਣਕਾਰੀ ਮਿਲਣ ’ਤੇ ਕਾਂਗਰਸ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅੱਜ ਪਿੰਡ ਅੱਕੂਵਾਲ ਪਹੁੰਚੇ।
ਧਰਨੇ ’ਚ ਸ਼ਾਮਲ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਮਗਰੋਂ ਸ੍ਰੀ ਖਹਿਰਾ ਨੇ ਮੌਕੇ ’ਤੇ ਇਕੱਤਰ ਲੋਕਾਂ ਦੀ ਕਚਹਿਰੀ ਸ਼ੁਰੂ ਕਰ ਦਿੱਤੀ ਤੇ ਮੋਹਤਬਰਾਂ ਨੂੰ ਇਕ-ਇਕ ਕਰਕੇ ਆਪਣੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦੱਸਣ ਲਈ ਕਿਹਾ। ਇਕੱਠ ’ਚ ਸ਼ਾਮਲ ਲੋਕਾਂ ਨੇ ਨੌ ਫੁੱਟ ਚੌੜੀ ਸੜਕ ਤੋਂ ਅੱਠ ਫੁੱਟੇ ਟਿੱਪਰ ਦਿਨ-ਰਾਤ ਲੰਘਣ ਦੀ ਸਮੱਸਿਆ ਦੱਸੀ ਅਤੇ ਇਸ ਕਾਰਨ ਵਾਪਰਨ ਵਾਲੇ ਹਾਦਸਿਆਂ ਤੇ ਹੋਰ ਨੁਕਸਾਨ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਸੁਖਪਾਲ ਖਹਿਰਾ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਰੇਤਾ ’ਚੋਂ ਵੀਹ ਹਜ਼ਾਰ ਕਰੋੜ ਕਮਾਉਣ ਵਾਲਾ ਫਾਰਮੂਲਾ ਹੁਣ ਕਿੱਥੇ ਗਿਆ? ਉਨ੍ਹਾਂ ਸਵਾਲ ਕੀਤਾ ਕਿ ਹਜ਼ਾਰਾਂ ਕਰੋੜਾਂ ਦੀ ਇਹ ਰਕਮ ਆਖਰ ਕਿੱਥੇ ਜਾ ਰਹੀ ਹੈ। ਉਨ੍ਹਾਂ ਵਿਧਾਇਕਾ ਮਾਣੂੰਕੇ ਨਾਲ ਸਬੰਧਤ ਕੋਠੀ ਵਾਲੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੇ ਮਾਮਲਿਆਂ ’ਚ ਸ਼ਾਮਲ ਆਪਣੇ ਵਿਧਾਇਕਾਂ ਦੀ ਜਾਂਚ ਕਰਵਾਉਣ ਚਾਹੀਦੀ ਹੈ। ਇਸ ਮੌਕੇ ਕੈਪਟਨ ਸੰਦੀਪ ਸੰਧੂ ਤੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਠੇਕੇਦਾਰ ਵੀ ਮੌਜੂਦ ਸਨ।