ਕੇਰਲ ਨੂੰ ਮੋਹਲੇਧਾਰ ਮੀਂਹ ਬਾਰੇ ਦਿੱਤੀ ਸੀ ਚਿਤਾਵਨੀ: ਸ਼ਾਹ
* ਸੰਸਦ ਦੇ ਦੋਵੇਂ ਸਦਨਾਂ ’ਚ ਗ੍ਰਹਿ ਮੰਤਰੀ ਨੇ ਧਿਆਨ ਦਿਵਾਊ ਮਤਿਆਂ ’ਤੇ ਚਰਚਾ ਦਾ ਦਿੱਤਾ ਜਵਾਬ
* ਐੱਨਡੀਆਰਐੱਫ ਦੀਆਂ 9 ਟੀਮਾਂ 23 ਜੁਲਾਈ ਨੂੰ ਕੇਰਲ ਭੇਜਣ ਦਾ ਕੀਤਾ ਦਾਅਵਾ
* ਮੈਂਬਰਾਂ ਵੱਲੋਂ ਕੁਦਰਤੀ ਆਫ਼ਤ ਐਲਾਨਣ ਦੀ ਮੰਗ
ਨਵੀਂ ਦਿੱਲੀ, 31 ਜੁਲਾਈ
ਕੇਰਲ ਦੇ ਵਾਇਨਾਡ ’ਚ ਕੁਦਰਤੀ ਆਫ਼ਤ ਕਾਰਨ ਮਚੀ ਤਬਾਹੀ ਮਗਰੋਂ ਸਿਆਸਤ ਭਖ਼ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੰਸਦ ਦੇ ਦੋਵੇਂ ਸਦਨਾਂ ’ਚ ਦਾਅਵਾ ਕੀਤਾ ਕਿ ਕੇਰਲ ਸਰਕਾਰ ਨੂੰ ਇਕ ਹਫ਼ਤਾ ਪਹਿਲਾਂ ਸੂਬੇ ’ਚ ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ/ਖਿਸਕਣ ਦੀਆਂ ਕਈ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ। ਲੋਕ ਸਭਾ ਅਤੇ ਰਾਜ ਸਭਾ ’ਚ ਧਿਆਨ ਦਿਵਾਊ ਮਤਿਆਂ ’ਤੇ ਚਰਚਾ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਨੇ ਕਿਸੇ ਵੀ ਸੰਭਾਵੀ ਆਫ਼ਤ ਨਾਲ ਸਿੱਝਣ ਲਈ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੀਆਂ 9 ਟੀਮਾਂ 23 ਜੁਲਾਈ ਨੂੰ ਹੀ ਕੇਰਲ ਲਈ ਰਵਾਨਾ ਕਰ ਦਿੱਤੀਆਂ ਸਨ। ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕੁਦਰਤੀ ਆਫ਼ਤ ਤੋਂ ਪੀੜਤ ਲੋਕਾਂ ਦੀ ਹਰਸੰਭਵ ਸਹਾਇਤਾ ਕੀਤੀ ਜਾਵੇ। ਰਾਹੁਲ ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਭਲਕੇ ਵਾਇਨਾਡ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।
ਵਿਰੋਧੀ ਧਿਰ ਵੱਲੋਂ ਕੁਦਰਤੀ ਆਫ਼ਤਾਂ ਲਈ ਅਗਾਊਂ ਚਿਤਾਵਨੀ ਪ੍ਰਣਾਲੀਆਂ ਦੀ ਕਮੀ ਕਾਰਨ ਜਾਨੀ ਨੁਕਸਾਨ ਦੇ ਲਾਏ ਜਾ ਰਹੇ ਦੋਸ਼ਾਂ ’ਤੇ ਗ੍ਰਹਿ ਮੰਤਰੀ ਨੇ ਦਖ਼ਲ ਦਿੰਦਿਆਂ ਕਿਹਾ ਕਿ 23 ਜੁਲਾਈ ਨੂੰ ਹੀ ਕੇਰਲ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਅਗਾਊਂ ਚਿਤਾਵਨੀ ਦੇ ਦਿੱਤੀ ਗਈ ਸੀ। ਗ੍ਰਹਿ ਮੰਤਰੀ ਨੇ ਕਿਹਾ, ‘‘ਜਦੋਂ ਵਾਇਨਾਡ ’ਚ ਢਿੱਗਾਂ ਡਿੱਗੀਆਂ ਤਾਂ ਐੱਨਡੀਆਰਐੱਫ ਟੀਮਾਂ ਨੂੰ ਕੁਲੈਕਟਰ ਤੋਂ ਸਿਗਨਲ ਮਿਲਿਆ ਅਤੇ ਉਨ੍ਹਾਂ ਰਾਹਤ ਕਾਰਜ ਫੌਰੀ ਸ਼ੁਰੂ ਕਰ ਦਿੱਤੇ।’’ ਕਈ ਮੈਂਬਰਾਂ ਨੇ ਕੇਰਲ ਹਾਦਸੇ ਨੂੰ ਕੁਦਰਤੀ ਆਫ਼ਤ ਐਲਾਨਣ ਦੀ ਮੰਗ ਕੀਤੀ। ਸ਼ਾਹ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ ਥਲ ਤੇ ਹਵਾਈ ਸੈਨਾ ਸਮੇਤ ਹੋਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ‘ਮੈਂ ਸੰਸਦ ਰਾਹੀਂ ਕੇਰਲ ਅਤੇ ਵਾਇਨਾਡ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਰਾਹਤ, ਬਚਾਅ ਅਤੇ ਮੁੜ ਵਸੇਬੇ ਲਈ ਹਰਸੰਭਵ ਕੋਸ਼ਿਸ਼ਾਂ ਅਤੇ ਸਹਾਇਤਾ ਪ੍ਰਦਾਨ ਕਰੇਗੀ। ਇਹ ਵਾਇਨਾਡ ਨਾਲ ਚੱਟਾਨ ਵਾਂਗ ਡਟ ਕੇ ਖੜ੍ਹਨ ਦਾ ਸਮਾਂ ਹੈ ਅਤੇ ਇਸ ਪ੍ਰਤੀ ਮੋਦੀ ਸਰਕਾਰ ਵਚਨਬੱਧ ਹੈ।’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕਰੀਬ ਛੇ ਸਾਲ ਪਹਿਲਾਂ ਆਈਆਈਟੀ-ਦਿੱਲੀ ਦੇ ਮਾਹਿਰਾਂ ਨੇ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਭੇਜਣ ਦਾ ਸੁਝਾਅ ਦਿੱਤਾ ਸੀ ਪਰ ਉਨ੍ਹਾਂ ਦੀ ਸਲਾਹ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 2014 ’ਚ ਸੱਤਾ ’ਚ ਆਉਣ ਮਗਰੋਂ ਸੰਭਾਵੀ ਆਫ਼ਤਾਂ ਕਾਰਨ ਜਾਨੀ ਨੁਕਸਾਨ ਰੋਕਣ ਲਈ ਅਗਾਊਂ ਤਿਆਰੀ ਅਤੇ ਬਚਾਅ ਕੰਮਾਂ ’ਤੇ ਜ਼ੋਰ ਦਿੱਤਾ ਗਿਆ। ਸ਼ਾਹ ਨੇ ਕਿਹਾ ਕਿ 18 ਜੁਲਾਈ ਨੂੰ ਕੇਰਲ ਦੇ ਪੱਛਮੀ ਕੰਢੇ ’ਤੇ ਆਮ ਨਾਲੋਂ ਵੱਧ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਸੀ। ਇਸੇ ਤਰ੍ਹਾਂ 25 ਜੁਲਾਈ ਨੂੰ ਮੋਹਲੇਧਾਰ ਮੀਂਹ ਦੀ ਸੰਭਾਵਨਾ ਜਤਾਈ ਗਈ ਸੀ।
ਉਨ੍ਹਾਂ ਕਿਹਾ ਕਿ 26 ਜੁਲਾਈ ਨੂੰ ਦੱਸਿਆ ਗਿਆ ਸੀ ਕਿ 20 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਸਕਦਾ ਹੈ ਅਤੇ ਢਿੱਗਾਂ ਡਿੱਗਣ ਦੀ ਸੰਭਾਵਨਾ ਹੈ ਤੇ ਮਲਬਾ ਆਉਣ ਕਾਰਨ ਲੋਕ ਦੱਬ ਕੇ ਮਰ ਸਕਦੇ ਹਨ। ਸ਼ਾਹ ਨੇ ਉੜੀਸਾ ਅਤੇ ਗੁਜਰਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਦਰਤੀ ਆਫ਼ਤਾਂ ਲਈ ਅਗਾਊਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲੈਣ ਸਦਕਾ ਕਈ ਸੂਬਿਆਂ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਗਾਊਂ ਚਿਤਾਵਨੀ ਪ੍ਰਣਾਲੀ ’ਤੇ ਸਰਕਾਰ ਨੇ 2014 ਮਗਰੋਂ 2 ਹਜ਼ਾਰ ਕਰੋੜ ਰੁਪਏ ਖ਼ਰਚੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਸਾਰੀ ਜਾਣਕਾਰੀ ਵੈੱਬਸਾਈਟ ’ਤੇ ਪਈ ਹੈ। ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਕਿਹਾ ਕਿ ਕੁਝ ਲੋਕ ਭਾਰਤੀ ਸਾਈਟਾਂ ਨਹੀਂ ਖੋਲ੍ਹਦੇ ਹਨ ਅਤੇ ਵਿਦੇਸ਼ੀ ਸਾਈਟਾਂ ’ਤੇ ਇਹ ਪ੍ਰਣਾਲੀ ਨਜ਼ਰ ਨਹੀਂ ਆਵੇਗੀ। ਰਾਜ ਸਭਾ ’ਚ ਧਿਆਨ ਦਿਵਾਊ ਮਤੇ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਸੀਪੀਐੱਮ ਦੇ ਜੌਹਨ ਬ੍ਰਿਟਾਸ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਇਸ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ। ਚਰਚਾ ’ਚ ਬਸਪਾ ਦੇ ਰਾਮਜੀ ਗੌਤਮ, ਆਰਜੇਡੀ ਦੇ ਮਨੋਜ ਕੁਮਾਰ ਝਾਅ, ਸੀਪੀਐੱਮ ਦੇ ਵੀ. ਸ਼ਿਵਦਾਸਨ, ਟੀਐੱਮਸੀ ਦੇ ਸਾਕੇਤ ਗੋਖਲੇ, ਡੀਐੱਮਕੇ ਦੇ ਤਿਰੁਚੀ ਸ਼ਿਵਾ ਨੇ ਵੀ ਹਿੱਸਾ ਲਿਆ। -ਪੀਟੀਆਈ
ਵਿਜਯਨ ਨੇ ਸ਼ਾਹ ਦਾ ਦਾਅਵਾ ਨਕਾਰਿਆ
ਤਿਰੂਵਨੰਤਪੁਰਮ:
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਦਾਅਵੇ ਨੂੰ ਨਕਾਰਿਆ ਹੈ ਕਿ ਵਾਇਨਾਡ ’ਚ ਸੰਭਾਵੀ ਕੁਦਰਤੀ ਆਫ਼ਤ ਬਾਰੇ ਕੇਂਦਰ ਨੇ ਸੂਬਾ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਸੀ। ਵਿਜਯਨ ਨੇ ਕਿਹਾ ਕਿ ਮੌਸਮ ਵਿਭਾਗ ਨੇ ਢਿੱਗਾਂ ਡਿੱਗਣ ਤੋਂ ਪਹਿਲਾਂ ਜ਼ਿਲ੍ਹੇ ’ਚ ਸਿਰਫ਼ ਔਰੇਂਜ ਅਲਰਟ ਜਾਰੀ ਕੀਤਾ ਸੀ ਜਦਕਿ ਜ਼ਿਲ੍ਹੇ ’ਚ 500 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਉਨ੍ਹਾਂ ਕਿਹਾ ਕਿ ਜਦੋਂ ਢਿੱਗਾਂ ਡਿੱਗ ਗਈਆਂ ਤਾਂ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੂਸ਼ਣਬਾਜ਼ੀ ਹੋਈ ਹੋਵੇੇ। ਸ਼ਾਹ ਨੇ ਕਿਹਾ ਸੀ ਕਿ ਸੂਬੇ ਨੂੰ ਢਿੱਗਾਂ ਡਿੱਗਣ ਤੋਂ ਸੱਤ ਦਿਨ ਪਹਿਲਾਂ ਚੌਕਸ ਕਰ ਦਿੱਤਾ ਗਿਆ ਸੀ। ਉਨ੍ਹਾਂ ਕੇਂਦਰ ਵੱਲੋਂ ਸੂਬੇ ਵਿੱਚ ਐੱਨਡੀਆਰਐੱਫ ਟੀਮਾਂ ਭੇਜਣ ਬਾਰੇ ਕਿਹਾ ਕਿ ਕੇਰਲ ਵੱਲੋਂ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਵਿੱਚ ਹੀ ਨੌਂ ਐੱਨਡੀਆਰਐੱਫ ਟੀਮਾਂ ਭੇਜਣ ਲਈ ਕਿਹਾ ਗਿਆ ਸੀ ਜਿਸ ਤਹਿਤ ਇਹ ਟੀਮਾਂ ਭੇਜੀਆਂ ਗਈਆਂ ਸਨ। -ਪੀਟੀਆਈ
ਮ੍ਰਿਤਕਾਂ ਦੀ ਗਿਣਤੀ ਵਧ ਕੇ 167 ਹੋਈ
ਵਾਇਨਾਡ:
ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 167 ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ 191 ਵਿਅਕਤੀ ਅਜੇ ਵੀ ਲਾਪਤਾ ਹਨ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਵਾਇਨਾਡ ’ਚ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਸੂਬੇ ’ਚ ਅਜਿਹਾ ਦਰਦਨਾਕ ਕੁਦਰਤੀ ਹਾਦਸਾ ਪਹਿਲਾਂ ਕਦੇ ਨਹੀਂ ਹੋਇਆ। ਥਲ ਅਤੇ ਜਲ ਸੈਨਾ ਤੇ ਐੱਨਡੀਆਰਐੱਫ ’ਤੇ ਆਧਾਰਿਤ ਬਚਾਅ ਟੀਮਾਂ ਲੋਕਾਂ ਦੀ ਭਾਲ ’ਚ ਜੁਟੀਆਂ ਹੋਈਆਂ ਹਨ। ਰੱਖਿਆ ਵਿਭਾਗ ਦੇ ਇਕ ਬਿਆਨ ਮੁਤਾਬਕ ਸੈਨਾ ਦੇ ਜਵਾਨਾਂ ਨੇ ਮੰਗਲਵਾਰ ਰਾਤ ਤੱਕ ਪ੍ਰਭਾਵਿਤ ਇਲਾਕਿਆਂ ’ਚੋਂ ਕਰੀਬ ਇਕ ਹਜ਼ਾਰ ਲੋਕਾਂ ਨੂੰ ਬਚਾਇਆ। ਮੁੱਖ ਮੰਤਰੀ ਨੇ ਕਿਹਾ ਕਿ ਵਾਇਨਾਡ ਜ਼ਿਲ੍ਹੇ ’ਚ 82 ਰਾਹਤ ਕੈਂਪਾਂ ’ਚ 8,017 ਲੋਕ ਹਨ ਜਿਨ੍ਹਾਂ ’ਚ 19 ਗਰਭਵਤੀ ਮਹਿਲਾਵਾਂ ਵੀ ਸ਼ਾਮਲ ਹਨ। ਕੇਂਦਰੀ ਮੰਤਰੀ ਜੌਰਜ ਕੁਰੀਅਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਕੁਰੀਅਨ ਨੇ ਵਾਇਨਾਡ ’ਚ ਪ੍ਰਭਾਵਿਤ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਤੇ ਚੀਨ ਨੇ ਕੇਰਲ ਦੇ ਵਾਇਨਾਡ ’ਚ ਢਿੱਗਾਂ ਡਿੱਗਣ ਕਾਰਨ ਮਚੀ ਤਬਾਹੀ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ