ਕੇਰਲ ਦੇ ਮੰਦਰ ’ਚ ਆਤਿਸ਼ਬਾਜ਼ੀ ਦੌਰਾਨ ਅੱਗ ਲੱਗੀ; 154 ਜ਼ਖਮੀ
ਕਾਸਰਾਗੋਡ (ਕੇਰਲਾ), 29 ਅਕਤੂਬਰ
ਇੱਥੋਂ ਦੇ ਨੀਲੇਸ਼ਵਰਮ ਨੇੜੇ ਇਕ ਮੰਦਰ ’ਚ ਬੀਤੀ ਦੇਰ ਰਾਤ ਪਟਾਕੇ ਫਟਣ ਕਾਰਨ 154 ਜਣੇ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ ਅੱਠ ਦੀ ਹਾਲਤ ਗੰਭੀਰ ਹੈ। ਇਹ ਪਟਾਖੇ ਮੰਦਰ ਨੇੜਲੇ ਕਮਰੇ ਵਿਚ ਰੱਖੇ ਹੋਏ ਸਨ ਕਿ ਇਕ ਆਤਿਸ਼ਬਾਜ਼ੀ ਪਟਾਖਿਆਂ ਦੇ ਭੰਡਾਰ ’ਤੇ ਡਿੱਗ ਗਈ ਤੇ ਅੱਗ ਲੱਗ ਗਈ। ਕਾਸਰਗੋਡ ਜ਼ਿਲ੍ਹਾ ਪੁਲੀਸ ਮੁਖੀ ਡੀ ਸ਼ਿਲਪਾ ਨੇ ਇਸ ਹਾਦਸੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਵਧੀਕ ਡਿਵੀਜ਼ਨਲ ਮੈਜਿਸਟਰੇਟ ਨੂੰ ਘਟਨਾ ਦੀ ਵੱਖਰੇ ਤੌਰ ’ਤੇ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੇਰਲ ਦੇ ਉੱਤਰੀ ਜ਼ਿਲ੍ਹੇ ਵਿੱਚ ਨੀਲੇਸ਼ਵਰਮ ਨੇੜੇ ਅੰਜੂਤਨਬਲਮ ਵੀਰੇਰਕਾਵੂ ਮੰਦਰ ਵਿੱਚ ਵਾਪਰੀ। ਇਸ ਸਬੰਧੀ ਪੁਲੀਸ ਨੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਕਿ ਇਹ ਪਟਾਕੇ ਬਿਨਾਂ ਕਿਸੇ ਮਨਜ਼ੂਰੀ ਦੇ ਮੰਦਰ ਵਿੱਚ ਭੰਡਾਰ ਕੀਤੇ ਗਏ ਸਨ ਜਿਸ ਕਾਰਨ ਹਾਦਸਾ ਵਾਪਰ ਗਿਆ। -ਪੀਟੀਆਈ