For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਬਦਲਣ ਸਮੇਂ ਮੈਨੂੰ ਹਨੇਰੇ ਵਿਚ ਰੱਖਿਆ: ਵਿੱਜ

07:56 AM Apr 09, 2024 IST
ਮੁੱਖ ਮੰਤਰੀ ਬਦਲਣ ਸਮੇਂ ਮੈਨੂੰ ਹਨੇਰੇ ਵਿਚ ਰੱਖਿਆ  ਵਿੱਜ
ਅਨਿਲ ਵਿੱਜ
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 8 ਅਪਰੈਲ
ਹਰਿਆਣਾ ਵਿੱਚ ਭਾਜਪਾ-ਜਜਪਾ ਗੱਠਜੋੜ ਟੁੱਟਣ ਅਤੇ 12 ਮਾਰਚ ਨੂੰ ਮੁੱਖ ਮੰਤਰੀ ਬਦਲੇ ਜਾਣ ਤੋਂ ਬਾਅਦ ਸਾਬਕਾ ਮੰਤਰੀ ਅਨਿਲ ਵਿੱਜ ਆਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਉਨ੍ਹਾਂ ਹੁਣ ਇੱਕ ਇੰਟਰਵਿਊ ਵਿੱਚ ਆਪਣੀ ਟੀਸ ਬਰਕਰਾਰ ਰੱਖਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮੁੱਖ ਮੰਤਰੀ ਨੂੰ ਬਦਲਿਆ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਨੇ ਇਸ ਬਾਰੇ ਦੱਸਿਆ ਸੀ। ਉਨ੍ਹਾਂ ਇਕ ਚੈਨਲ ਨਾਲ ਗੱਲ ਕਰਦਿਆਂ ਕਿਹਾ, ‘‘ਮੇਰੇ ਨਾਲ ਕਿਸੇ ਨੇ ਵੀ ਗੱਲ ਨਹੀਂ ਸੀ ਕੀਤੀ ਕਿ ਮੁੱਖ ਮੰਤਰੀ ਨੂੰ ਬਦਲਿਆ ਜਾ ਰਿਹਾ ਹੈ।’’
ਵਿੱਜ ਨੇ ਕਿਹਾ, ‘‘ਮੈਂ ਹਰਿਆਣਾ ਦਾ ਸਭ ਤੋਂ ਸੀਨੀਅਰ ਵਿਧਾਇਕ ਹਾਂ। ਮੈਂ 6 ਵਾਰ ਵਿਧਾਇਕ ਹਾਂ, ਪਰ ਸ਼ਾਇਦ ਹੋਰਾਂ (ਵਿਧਾਇਕਾਂ/ਮੰਤਰੀਆਂ) ਨੂੰ ਪਤਾ ਹੋਵੇ। ਮਨੋਹਰ ਲਾਲ ਨੂੰ ਜ਼ਰੂਰ ਪਤਾ ਹੋਵੇਗਾ। ਉਸ ਦਿਨ ਮੁੱਖ ਮੰਤਰੀ ਦੀ ਕਾਰ ਵਿੱਚ ਬੈਠ ਕੇ ਮੈਂ ਵੀ ਆਪਣਾ ਅਸਤੀਫ਼ਾ ਦੇਣ ਰਾਜ ਭਵਨ ਗਿਆ ਸੀ। ਇਸ ਦੌਰਾਨ ਵੀ ਉਸ (ਮਨੋਹਰ ਲਾਲ) ਨੇ ਨਹੀਂ ਦੱਸਿਆ।’’ ਵਿੱਜ ਨੇ ਕਿਹਾ ਕਿ ਜੇ ਉਨ੍ਹਾਂ ਨੂੰ ‘ਮੇਰੇ ‘ਤੇ ਭਰੋਸਾ ਨਹੀਂ ਹੈ ਤਾਂ ਇਕੱਠੇ ਕੰਮ ਕਰਨਾ ਮੁਸ਼ਕਲ ਹੋਵੇਗਾ।’
ਵਿਧਾਇਕ ਦਲ ਦੀ ਮੀਟਿੰਗ ਛੱਡ ਕੇ ਆ ਜਾਣ ਦੇ ਮਾਮਲੇ ਵਿਚ ਅਨਿਲ ਵਿੱਜ ਨੇ ਕਿਹਾ ਕਿ ਉਹ ਗੁੱਸੇ ਵਿਚ ਨਹੀਂ ਸੀ। ਉਨ੍ਹਾਂ ਕਿਹਾ, ‘‘ਸਿਰਫ਼ ਗੱਲ ਏਨੀ ਸੀ ਕਿ ਉਨ੍ਹਾਂ ਨੇ ਮੇਰੇ ਨਾਲ ਇਹ ਗੱਲ ਸਾਂਝੀ ਨਹੀਂ ਸੀ ਕੀਤੀ ਕਿ ਮੁੱਖ ਮੰਤਰੀ ਬਦਲਿਆ ਜਾ ਰਿਹਾ ਹੈ। ਮੈਂ ਇਹ ਕਹਿ ਕੇ ਬਾਹਰ ਆ ਗਿਆ ਕਿ ‘ਜਦੋਂ ਤੁਸੀਂ ਲੋਕ ਮੇਰੇ ‘ਤੇ ਭਰੋਸਾ ਹੀ ਨਹੀਂ ਕਰਦੇ ਤਾਂ ਤੁਹਾਡੇ ਨਾਲ ਬੈਠ ਕੇ ਕੰਮ ਕਰਨਾ ਆਸਾਨ ਨਹੀਂ ਹੋਵੇਗਾ।’’ ਉਨ੍ਹਾਂ ਨੂੰ ਡਿਪਟੀ ਸੀਐਮ ਬਣਾਉਣ ਬਾਰੇ ਵਿੱਜ ਨੇ ਕਿਹਾ ਕਿ ਉਨ੍ਹਾਂ ਨਾਲ ਕਿਸੇ ਨੇ ਕੋਈ ਗੱਲ ਸਾਂਝੀ ਨਹੀਂ ਕੀਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਅੰਬਾਲਾ ਸ਼ਹਿਰ ਵਿਜੈ ਸੰਕਲਪ ਰੈਲੀ ਵਿਚ ਆਉਣ ਅਤੇ ਵਿੱਜ ਵੱਲੋਂ ਗੈਰਹਾਜ਼ਰ ਰਹਿਣ ਬਾਰੇ ਵਿੱਜ ਨੇ ਸੰਖੇਪ ਵਿਚ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਕਿ ਸੀਐਮ ਨਾਇਬ ਸਿੰਘ ਸੈਣੀ ਅੰਬਾਲਾ ਆ ਰਹੇ ਹਨ। ਸਿਹਤ ਮੰਤਰੀ ਹੁੰਦਿਆਂ ਵਿਭਾਗ ਵਿੱਚ ਸੀਐਮਓ ਦੀ ਦਖ਼ਲਅੰਦਾਜ਼ੀ ਬਾਰੇ ਵਿੱਜ ਨੇ ਕਿਹਾ, ‘‘ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਹੈ। ...ਮੈਂ ਸੁਝਾਅ ਮੰਗ ਸਕਦਾ ਹਾਂ ਪਰ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰ ਸਕਦਾ।’’ ਨਾਇਬ ਸੈਣੀ ਸਰਕਾਰ ਵਿਚ ਕੋਈ ਵਿਭਾਗ ਨਾ ਦਿੱਤੇ ਜਾਣ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ। ‘ਨਾਇਬ ਸੈਣੀ ਅਤੇ ਮਨੋਹਰ ਲਾਲ ਨੇ ਬੈਠ ਕੇ ਸੋਚਿਆ ਹੋਵੇਗਾ, ਇਹੀ ਗੱਲ ਹੋਈ ਹੋਵੇਗੀ। ’ਲੋਕ ਸਭਾ ਚੋਣਾਂ ਦੌਰਾਨ ਮੀਟਿੰਗ ਤੋਂ ਦੂਰੀ ਬਾਰੇ ਵਿੱਜ ਨੇ ਕਿਹਾ, ‘‘ਹੁਣ ਜਦੋਂ ਇੰਨੀ ਵੱਡੀ ਘਟਨਾ ਵਾਪਰੀ ਤਾਂ ਕਿਸੇ ਨੇ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ। ਮਤਲਬ ਕਿ ਮੈਂ ਇੱਕ ਛੋਟਾ ਜਿਹਾ ਆਦਮੀ ਤੇ ਵਰਕਰ ਹਾਂ। ਮੇਰੀ ਇਹੀ ਹੈਸੀਅਤ ਹੈ, ਮੈਂ ਆਪਣੇ ਆਪ ਨੂੰ ਅੰਬਾਲਾ ਛਾਉਣੀ ਤੱਕ ਸੀਮਤ ਰੱਖਾਂਗਾ।’’

Advertisement

‘ਐਕਸ’ ਉਤੇ ਕੀਤਾ ‘ਐਕਸ’ ਹੋਣ ਦਾ ਐਲਾਨ

ਅਨਿਲ ਵਿੱਜ ‘ਐਕਸ’ (ਪਹਿਲਾਂ ਟਵਿੱਟਰ) ਉਤੇ ਆਪਣੇ ਅਕਾਊਂਟ ’ਤੇ ਕੀਤੀ ਤਬਦੀਲੀ ਕਾਰਨ ਵੀ ਚਰਚਾ ਵਿਚ ਹਨ। ਦਰਅਸਲ ਉਨ੍ਹਾਂ ਦੇ ਅਕਾਊਂਟ ’ਤੇ ਅਜੇ ਤੱਕ ਗ੍ਰਹਿ ਮੰਤਰੀ ਲਿਖਿਆ ਸੀ। ਵਿੱਜ ਨੇ ਅੱਜ ‘ਹੋਮ ਮਨਿਸਟਰ’ ਅੱਗੇ ‘ਐਕਸ’ ਭਾਵ ਸਾਬਕਾ ਗ੍ਰਹਿ ਮੰਤਰੀ ਲਿਖ ਦਿੱਤਾ ਜਿਸ ਕਰਕੇ ਉਨ੍ਹਾਂ ਦੇ ਨਾਂ ਤੋਂ ਬਾਅਦ ਲਿਖਿਆ ‘ਮੋਦੀ ਕਾ ਪਰਿਵਾਰ’ ਹਟ ਗਿਆ, ਜੋ ਉਨ੍ਹਾਂ ਨੂੰ ਥੱਲੇ ਲਿਖਣਾ ਪਿਆ। ਇਸ ’ਤੇ ‘ਮੋਦੀ ਕਾ ਪਰਿਵਾਰ’ ਹਟਾਉਣ ਦੀ ਗੱਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਵਿੱਜ ਨੇ ਇਸ ਮਾਮਲੇ ਵਿਚ ਆਪਣੀ ਸਥਿਤੀ ਸਪਸ਼ਟ ਕਰਦਿਆਂ ਲਿਖਿਆ ਹੈ: ਸਭ ਨੂੰ ਪਤਾ ਹੈ ਮੈਂ ਹੁਣ ਐਕਸ ਹੋ ਗਿਆ ਹਾਂ ਅਤੇ ਹਰ ਥਾਂ ਮੈਨੂੰ ਐਕਸ ਲਿਖਣਾ ਚਾਹੀਦਾ। ਪਰੰਤੂ ਜਦੋਂ ਮੈਂ ‘X’ (ਟਵਿੱਟਰ) ’ਤੇ ਆਪਣੀ ਪ੍ਰੋਫਾਈਲ ਵਿਚ ‘ਐਕਸ’ ਲਿਖਣ ਲੱਗਾ ਤਾਂ ਨਾਂ ਅੱਖਰਾਂ ਦੀ ਗਿਣਤੀ ਤੈਅ ਗਿਣਤੀ ਤੋਂ ਵਧ ਗਈ ਤੇ ‘ਮੋਦੀ ਕਾ ਪਰਿਵਾਰ’ ਜੋ ਮੈਂ ਹਾਂ ਹੀ, ਉੱਤੋਂ ਹਟ ਗਿਆ ਜੋ ਥੱਲੇ ਲਾਉਣਾ ਪਿਆ, ਜਿਸ ਨਾਲ ਕੁਝ ਲੋਕਾਂ ਨੂੰ ਖੇਲ੍ਹਣ ਦਾ ਮੌਕਾ ਮਿਲ ਗਿਆ।’’

Advertisement
Author Image

joginder kumar

View all posts

Advertisement
Advertisement
×