For the best experience, open
https://m.punjabitribuneonline.com
on your mobile browser.
Advertisement

ਅਗਲੇ ਚਾਰ ਦਿਨ ਜਾਰੀ ਰਹੇਗਾ ਗਰਮੀ ਦਾ ਕਹਿਰ

07:20 AM May 20, 2024 IST
ਅਗਲੇ ਚਾਰ ਦਿਨ ਜਾਰੀ ਰਹੇਗਾ ਗਰਮੀ ਦਾ ਕਹਿਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 19 ਮਈ
ਪੰਜਾਬ ਤੇ ਹਰਿਆਣਾ ਵਿੱਚ ਜੇਠ ਮਹੀਨੇ ਦੀ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਲੂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗਰਮੀ ਕਰਕੇ ਲੋਕ ਘਰਾਂ ਵਿਚ ਤੜੇੇ ਰਹਿਣ ਲਈ ਮਜਬੂਰ ਹਨ। ਪੰਜਾਬ ਦਾ ਪਠਾਨਕੋਟ ਸ਼ਹਿਰ 45.5 ਡਿਗਰੀ ਦੇ ਸਿਖਰਲੇ ਤਾਪਮਾਨ ਨਾਲ ਅੱਜ ਸਭ ਤੋਂ ਗਰਮ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 20, 21, 22 ਤੇ 23 ਮਈ ਨੂੰ ਅਤਿ ਦੀ ਗਰਮੀ ਪੈਣ ਦੀ ਚੇਤਾਵਨੀ ਜਾਰੀ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 4-5 ਦਿਨਾਂ ਵਿੱਚ ਸੂਬੇ ਦਾ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਗਰਮ ਹਵਾਵਾਂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਸੂਬੇ ਵਿੱਚ ਪਿਛਲੇ ਇਕ ਹਫ਼ਤੇ ਤੋਂ ਪੈ ਰਹੀ ਅਤਿ ਦੀ ਗਰਮੀ ਕਰਕੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਦਿੱਕਤ ਆ ਰਹੀ ਹੈ ਅਤੇ ਨੌਜਵਾਨਾਂ ਨੂੰ ਨਿੱਤ ਕੰਮ ’ਤੇ ਜਾਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਰਕੇ ਸੂਬਾ ਸਰਕਾਰ ਨੇ ਪੰਜਾਬ ਦੇ ਸਕੂਲਾਂ ਦਾ ਸਮਾਂ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਸਾਹ ਵੀ ਸੁੱਕਣੇ ਪਏ ਹੋਏ ਹਨ। ਅਤਿ ਦੀ ਗਰਮੀ ਪੈਣ ਕਰਕੇ ਪੰਜਾਬ ਵਿਚ ਬਿਜਲੀ ਦੀ ਮੰਗ ਵੀ ਵਧੀ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਪੰਜਾਬ ਵਿੱਚ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ ਸੀ, ਜੋ ਸ਼ਾਮ ਹੁੰਦਿਆਂ ਘੱਟ ਕੇ 9200 ਮੈਗਾਵਾਟ ਰਹਿ ਗਈ। ਮੌਸਮ ਵਿਗਿਆਨੀਆਂ ਵੱਲੋਂ ਵੀ ਲੋਕਾਂ ਨੂੰ ਲੋੜ ਅਨੁਸਾਰ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।ਪੰਜਾਬ ਵਿੱਚ ਪਠਾਨਕੋਟ ਸਭ ਤੋਂ ਗਰਮ ਸ਼ਹਿਰ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 45.5 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ।

Advertisement

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਘਟੀ

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪਾਣੀ ਪਾ ਕੇ ਫਰਸ਼ ਠੰਢਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਸ਼ਰਧਾਲੂ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਮਈ
ਸ਼ਹਿਰ ਵਿੱਚ 40 ਡਿਗਰੀ ਸੈਲਸੀਅਸ ਤੋਂ ਵੱਧ ਚੱਲ ਰਹੇ ਤਾਪਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਆਮ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲਗਪਗ ਇੱਕ ਲੱਖ ਸੈਲਾਨੀ ਮੱਥਾ ਟੇਕਣ ਆਉਂਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਇਹ ਗਿਣਤੀ ਕਾਫੀ ਘਟ ਗਈ ਹੈ। ਦੂਜੇ ਪਾਸੇ ਗਰਮੀ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਨੇ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ (ਪਰਿਕਰਮਾ) ਨਰਿੰਦਰ ਸਿੰਘ ਨੇ ਕਿਹਾ, “ਐਤਵਾਰ ਨੂੰ ਛੱਡ ਕੇ ਬਾਕੀ ਦਿਨਾਂ ਵਿੱਚ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ।’’ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਿਰਫ ਅਤਿ ਦੀ ਗਰਮੀ ਵਾਲੀ ਸਥਿਤੀ ਕਾਰਨ ਹੈ। ਉਨ੍ਹਾਂ ਕਿਹਾ ਕਿ ਪਰਿਕਰਮਾ ਦੇ ਪੱਥਰ ਨੂੰ ਠੰਢਾ ਰੱਖਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਅਤੇ ਸ਼ਰਧਾਲੂਆਂ ਵੱਲੋਂ ਜਲ ਨਾਲ ਇੱਥੇ ਵਿਛਾਏ ਹੋਏ ਗਲੀਚੇ ਠੰਢੇ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਪ੍ਰਬੰਧਕ ਇਹ ਯਤਨ ਕਰਦੇ ਹਨ ਕਿ ਇਹ ਮੈਟ ਪਾਣੀ ਨਾਲ ਭਿੱਜੇ ਰਹਿਣ ਅਤੇ ਠੰਢੇ ਰਹਿਣ। ਦਰਸ਼ਨੀ ਡਿਓਢੀ ਵਾਲੇ ਹਿੱਸੇ ਵਿੱਚ ਸੰਗਤ ’ਤੇ ਛੱਤ ਵਾਲੇ ਪੱਖਿਆਂ ਤੋਂ ਇਲਾਵਾ ਪਾਣੀ ਦੇ ਛਿੜਕਾਅ ਦੀ ਇੱਕ ਵਿਸ਼ੇਸ਼ ਵਿਧੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਵਿਧੀ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਹੈ, ਜਿਸ ਲਈ ਪਾਣੀ ਨੂੰ ਉੱਪਰੋਂ ਫਿੱਟ ਕੀਤੀਆਂ ਵਿਸ਼ੇਸ਼ ਪਾਈਪਾਂ ਰਾਹੀਂ ਸੰਚਾਰਿਤ ਕੀਤਾ ਜਾਂਦਾ ਹੈ।

Advertisement
Author Image

sukhwinder singh

View all posts

Advertisement
Advertisement
×