ਕੇਜਰੀਵਾਲ ਨੇ ਵਿਗੜਦੀ ਕਾਨੂੰਨ ਵਿਵਸਥਾ ਲਈ ਭਾਜਪਾ ’ਤੇ ਨਿਸ਼ਾਨਾ ਸੇਧਿਆ
ਕੁਲਵਿੰਦਰ ਕੌਰ
ਨਵੀਂ ਦਿੱਲੀ, 28 ਨਵੰਬਰ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਰਾਜਧਾਨੀ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸਾਧਿਆ। ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੀ ਹੋ ਰਿਹਾ ਹੈ। ਕੀ ਉਹ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਉਹ ਦਿੱਲੀ ਨੂੰ ਸੰਭਾਲਣ ਵਿੱਚ ਅਸਮਰੱਥ ਹਨ। ਸੁਰੱਖਿਆ ਲਈ ਦਿੱਲੀ ਦੇ ਲੋਕਾਂ ਨੂੰ ਕਿਸ ਕੋਲ ਜਾਣਾ ਪਵੇਗਾ। ਕੀ ਔਰਤਾਂ ਦਿੱਲੀ ਵਿੱਚ ਸੁਰੱਖਿਅਤ ਮਹਿਸੂਸ ਕਰਦੀਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਦਿੱਲੀ ਵਿੱਚ ਪਿਛਲੇ ਇੱਕ ਤੋਂ ਡੇਢ ਸਾਲਾਂ ਤੋਂ ਅਪਰਾਧ ਵੱਧ ਰਹੇ ਹਨ। ਵਪਾਰੀਆਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ ਅਤੇ ਕਤਲ ਅਤੇ ਛੇੜਛਾੜ ਦੇ ਮਾਮਲੇ ਵੱਧ ਰਹੇ ਹਨ। ਕਈ ਸਾਲਾਂ ਬਾਅਦ ਗੈਂਗਵਾਰ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਹੁਣ ਕਹਿੰਦੇ ਹਨ ਕਿ ਦਿੱਲੀ ਦੁਨੀਆ ਦੀ ਸਭ ਤੋਂ ਅਸੁਰੱਖਿਅਤ ਰਾਜਧਾਨੀ ਹੈ।
ਕੇਜਰੀਵਾਲ ਦੀ ਇਹ ਟਿੱਪਣੀ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਈ ਹੈ। ਉਨ੍ਹਾਂ ਜਬਰੀ ਵਸੂਲੀ ਦੀਆਂ ਧਮਕੀਆਂ, ਗੋਲੀਬਾਰੀ ਅਤੇ ਵੱਧ ਰਹੇ ਜਨਤਕ ਅਪਰਾਧਾਂ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਇਹ ਭਾਜਪਾ ਦੇ ਸ਼ਾਸਨ ਵਿੱਚ ਇੱਕ ਮੰਦਭਾਗਾ ਵਰਤਾਰਾ ਬਣ ਗਿਆ ਹੈ। ਕੇਜਰੀਵਾਲ ਮੁਤਾਬਕ ਦਿੱਲੀ ਦਾ ਮਾਹੌਲ ਡਰ ਅਤੇ ਅਸੁਰੱਖਿਆ ਵਾਲਾ ਹੈ। ਔਰਤਾਂ ਸ਼ਾਮ 7 ਵਜੇ ਤੋਂ ਬਾਅਦ ਬਾਹਰ ਨਿਕਲਣਾ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ ਤੇ ਮਾਪੇ ਆਪਣੀਆਂ ਧੀਆਂ ਦੇ ਕਾਲਜ ਜਾਣ ਨੂੰ ਲੈ ਕੇ ਚਿੰਤਤ ਹਨ। ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਅਪਰਾਧਾਂ ਨੂੰ ਹੱਲ ਕਰਨ ਅਤੇ ਵਸਨੀਕਾਂ ਨੂੰ ਸੁਰੱਖਿਆ ਦੀ ਭਾਵਨਾ ਦੇਣ ਵਿੱਚ ਕਾਰਵਾਈ ਦੀ ਘਾਟ ’ਤੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਵੀ ਦਿੱਲੀ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਚੁੱਕੇ ਸਨ। ‘ਆਪ’ ਨੇ ਉਪ ਰਾਜਪਾਲ ਦੀ ਵੀ ਇਸ ਸਬੰਧੀ ਆਲੋਚਨਾ ਕੀਤੀ। ਕੇਜਰੀਵਾਲ ਦੀ ਇਹ ਟਿੱਪਣੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਈ ਹੈ, ਜਿੱਥੇ ‘ਆਪ’ ਅਤੇ ਭਾਜਪਾ ਵਿੱਚ ਪਹਿਲਾਂ ਹੀ ਸ਼ਾਸਨ ਅਤੇ ਕਾਨੂੰਨ ਲਾਗੂ ਕਰਨ ਦੇ ਮੁੱਦਿਆਂ ’ਤੇ ਮਤਭੇਦ ਹਨ।