ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼
ਕੁਲਦੀਪ ਸਿੰਘ
ਨਵੀਂ ਦਿੱਲੀ, 28 ਨਵੰਬਰ
ਇਥੇ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ, ਦਿੱਲੀ ਯੂਨੀਵਰਸਿਟੀ ਦੇ ਘੱਟ ਗਿਣਤੀ ਸੈੱਲ ਅਤੇ ਕੁਇਜ਼ਅੱਪ ਸੁਸਾਇਟੀ ਨੇ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੁਇਜ਼ ਕਰਵਾਏ ਗਏ। ਕਾਲਜ ਦੇ ਮਾਤਾ ਗੁਜਰੀ ਹਾਲ ਵਿੱਚ ਕਰਵਾਏ ਇਸ ਕੁਇਜ਼ ਦਾ ਵਿਸ਼ਾ ਸੀ ‘ਗੁਰੂ ਨਾਨਕ ਦੇਵ ਜੀ : ਜੀਵਨ, ਫਿਲਾਸਫੀ ਅਤੇ ਵਿਰਾਸਤ’ ਸੀ। ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਵਿਭਿੰਨ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਆਗਾਜ਼ ਕਾਲਜ ਪ੍ਰਾਰਥਨਾ ਦੇ ਨਾਲ ਕੀਤਾ ਗਿਆ।
ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਵਿਰਾਸਤ ਸਿਖਇਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਮਨਜਿੰਦਰ ਕੌਰ ਅਤੇ ਖਾਸ ਮਹਿਮਾਨ ਵਜੋਂ ਪੁੱਜੇ ਵਿਨੀਤ ਕੁਮਾਰ (ਬ੍ਰਾਂਚ ਮੈਨੇਜਰ, ਐਸ.ਬੀ.ਆਈ.) ਅਤੇ ਨਰਗਿਸ ਦਾ ਸੁਆਗਤ ਕੀਤਾ ਤੇ ਨਾਲ ਹੀ ਉਨ੍ਹਾਂ ਪ੍ਰਤਿਯੋਗੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਉਪਰੰਤ ਕੁਇਜ਼ਅੱਪ ਸੁਸਾਇਟੀ ਦੀ ਕਨਵੀਨਰ ਡਾ. ਹੇਮਲਤਾ ਕ੍ਰਿਸ਼ਨਾਨੀ ਨੇ ਪ੍ਰਤਿਯੋਗਤਾ ਦੇ ਵਿਸ਼ੇ, ਨਿਯਮ ਅਤੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਪ੍ਰਤਿਯੋਗਤਾ ਵਿੱਚ 13 ਟੀਮਾਂ ਦੇ ਨਾਲ ਬਹੁ-ਗਿਣਤੀ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਵੇਖੀ ਗਈ। ਪਹਿਲਾ ਸੈਸ਼ਨ ਇਲੀਮੀਨੇਸ਼ਨ ਰਾਊਂਡ ਦਾ ਸੀ ਜਿਸ ਵਿੱਚ ਛੇ ਜੇਤੂ ਟੀਮਾਂ ਨੂੰ ਅੱਗੇ ਜਾਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਘੱਟ ਗਿਣਤੀ ਸੈੱਲ ਦੀ ਕਨਵੀਨਰ ਪ੍ਰੋ. ਦਲਜੀਤ ਕੌਰ ਵੱਲੋਂ ‘ਸਿੱਖ ਚਿੱਤਰਕਾਰੀ ਵਿਚ ਪੇਸ਼ ਗੁਰੂ ਨਾਨਕ ਬਿੰਬ : ਪੁਨਰਝਾਤ’ ਵਿਸ਼ੇ ’ਤੇ ਪੇਸ਼ਕਾਰੀ ਦਿੱਤੀ ਗਈ। ਭਾਸ਼ਣ ਤੋਂ ਬਾਅਦ ਪ੍ਰਤਿਯੋਗਤਾ ਦੇ ਬਾਕੀ ਰਾਊਂਡਾਂ ਨੂੰ ਨਿਰੰਤਰ ਤੋਰਦਿਆਂ ਅੰਤ ਵਿੱਚ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਏ ਪ੍ਰਤੀਭਾਗੀਆਂ ਨੂੰ ਇਨਾਮ ਰੂਪ ਵਿੱਚ ਟ੍ਰਾਫ਼ੀ, ਸਰਟੀਫ਼ਿਕੇਟ ਦੇ ਨਾਲ-ਨਾਲ ਗਿਫ਼ਟ ਦਿੱਤੇ ਗਏ। ਮੰਚ ਸੰਚਾਲਨ ਦਾ ਕਾਰਜ ਡਾ. ਮਨੀਸ਼ਾ ਬੱਤਰਾ ਅਤੇ ਡਾ. ਜੌਲੀ ਸਿੰਘ ਤੇ ਬਾਕੀ ਪ੍ਰਬੰਧਕੀ ਕਾਰਜਾਂ ਨੂੰ ਡਾ. ਕਿਰਨਜੀਤ ਕੌਰ ਨੇ ਬਾਖੂਬੀ ਨਿਭਾਇਆ।
ਪ੍ਰੋਗਰਾਮ ਦੇ ਅੰਤ ਵਿੱਚ ਰਜਿੰਦਰ ਸਿੰਘ ਨੇ ਕਾਲਜ ਪ੍ਰਸ਼ਾਸਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਭਵਿੱਖ ਵਿੱਚ ਇਸ ਪ੍ਰੋਗਰਾਮ ਨੂੰ ਦਿੱਲੀ ਯੂਨੀਵਰਸਿਟੀ ਦੇ ਹੋਰਨਾਂ ਕਾਲਜ ਦੇ ਵਿਦਿਆਰਥੀਆਂ ਨਾਲ ਵੀ ਕਰਵਾਉਣ ਲਈ ਉਪਰਾਲੇ ਕਰਵਾਉਣ ਦੀ ਇੱਛਾ ਪ੍ਰਗਟਾਈ।