ਕੇਜਰੀਵਾਲ ਉਹ ਰਿਪੋਰਟ ਜਨਤਕ ਕਰਨ ਜਿਸ ਦੇ ਆਧਾਰ ’ਤੇ ਯਮੁਨਾ ’ਚ ਜ਼ਹਿਰ ਮਿਲਾਉਣ ਦਾ ਦੋਸ਼ ਲਗਾਇਆ: ਸ਼ਾਹ
ਨਵੀਂ ਦਿੱਲੀ, 28 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਸਰਕਾਰ ’ਤੇ ਯਮੁਨਾ ਵਿੱਚ ਜ਼ਹਿਰ ਮਿਲਾਉਣ ਦਾ ਝੂਠਾ ਦੋਸ਼ ਲਗਾਇਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਚੁਣੌਤੀ ਦਿੱਤੀ ਕਿ ਉਹ (ਕੇਜਰੀਵਾਲ) ਉਸ ਰਿਪੋਰਟ ਨੂੰ ਜਨਤਕ ਕਰਨ ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਇਹ ਦੋਸ਼ ਲਗਾਇਆ ਹੈ। ਕਾਲਕਾਜੀ ਵਿਧਾਨ ਸਭਾ ਖੇਤਰ ਵਿੱਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੇਜਰੀਵਾਲ ਨੂੰ ਇਹ ਚੁਣੌਤੀ ਵੀ ਦਿੱਤੀ ਕਿ ਉਹ ਦਿੱਲੀ ਦੇ ਲੋਕਾਂ ਨੂੰ ਉਸ ਜ਼ਹਿਰ ਦਾ ਨਾਮ ਦੱਸਣ ਜਿਸ ਨੂੰ ਯਮੁਨਾ ਵਿੱਚ ਮਿਲਾਉਣ ਦਾ ਦਾਅਵਾ ਕੀਤਾ ਹੈ।
ਸ਼ਾਹ ਨੇ ਜ਼ਿਕਰ ਕੀਤਾ ਕਿ ‘ਆਪ’ ਸੁਪਰੀਮੋ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਨੇ ‘ਜ਼ਹਿਰੀਲੇ’ ਯਮੁਨਾ ਦੇ ਪਾਣੀ ਨੂੰ ਦਿੱਲੀ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਕੇ ਦਿੱਲੀ ਦੇ ਲੋਕਾਂ ਨੂੰ ਬਚਾਇਆ। ਉਨ੍ਹਾਂ ਕਿਹਾ, ‘‘ਕੇਜਰੀਵਾਲ ਜੀ, ਹਾਰ-ਜਿੱਤ ਚੋਣ ਪ੍ਰਕਿਰਿਆ ਦਾ ਹਿੰਸਾ ਹੈ। ਆਪਣਾ ਚਿਹਰਾ ਨਿਰਦੋਸ਼ ਦਿਖਾਉਂਦੇ ਹੋਏ, ਤੁਸੀਂ ਹਰਿਆਣਾ ਸਰਕਾਰ ’ਤੇ ਯਮੁਨਾ ’ਚ ਜ਼ਹਿਰ ਮਿਲਾਉਣ ਦਾ ਦੋਸ਼ ਲਗਾਇਆ ਅਤੇ ਦਿੱਲੀ ਦੇ ਲੋਕਾਂਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸਿਆਸਤ ਇਸ ਤੋਂ ਵੱਧ ਗੰਦੀ ਨਹੀਂ ਹੋ ਸਕਦੀ।’’ ਸ਼ਾਹ ਨੇ ਦੋਸ਼ ਲਗਾਇਆ ਕਿ ‘ਆਪ’ ਆਗੂ ਝੂਠੇ ਹਨ ਅਤੇ ਜਦੋਂ ਵਾਅਦੇ ਤੋੜਨ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਕੇਜਰੀਵਾਲ ਦਾ ਮੁਕਾਬਲਾ ਨਹੀਂ ਕਰ ਸਦਾ। ਉਨ੍ਹਾਂ ਕਿਹਾ, ‘‘5 ਫਰਵਰੀ ਦਿੱਲੀ ਦੇ ਲੋਕਾਂ ਲਈ ਇਸ ‘ਆਫ਼ਤ’ ਤੋਂ ਛੁਟਕਾਰਾ ਪਾਉਣ ਦਾ ਇਕ ਵੱਡਾ ਮੌਕਾ ਹੈ।’’ -ਪੀਟੀਆਈ