ਕੇਜਰੀਵਾਲ ਜ਼ਮਾਨਤ ਲਈ ਅੰਬ ਅਤੇ ਮਠਿਆਈਆਂ ਖਾ ਰਹੇ ਨੇ: ਈਡੀ
ਨਵੀਂ ਦਿੱਲੀ: ਆਬਕਾਰੀ ਘੁਟਾਲੇ ਦੇ ਮਾਮਲੇ ’ਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਾਈਪ 2 ਦੀ ਡਾਇਬਟੀਜ਼ ਹੋਣ ਦੇ ਬਾਵਜੂਦ ਰੋਜ਼ਾਨਾ ਚੀਨੀ ਵਾਲੀ ਚਾਹ, ਕੇਲਾ, ਆਲੂ-ਪੂੜੀ, ਅੰਬ ਅਤੇ ਮਠਿਆਈਆਂ ਵਰਗੇ ਵੱਧ ਸ਼ੂਗਰ ਵਾਲੇ ਪਦਾਰਥ ਖਾ ਰਹੇ ਹਨ ਤਾਂ ਜੋ ਮੈਡੀਕਲ ਆਧਾਰ ’ਤੇ ਜ਼ਮਾਨਤ ਲਈ ਦਾਅਵਾ ਪੇਸ਼ ਕੀਤਾ ਜਾ ਸਕੇ। ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਇਹ ਦਾਅਵਾ ਸੀਬੀਆਈ ਅਤੇ ਈਡੀ ਕੇਸਾਂ ਦੀ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਅੱਗੇ ਕੀਤਾ। ਜੱਜ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਕੇਜਰੀਵਾਲ ਦੇ ਡਾਈਟ ਚਾਰਟ (ਖਾਣ-ਪੀਣ ਦਾ ਵੇਰਵਾ) ਸਮੇਤ ਮਾਮਲੇ ਦੀ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਜਰੀਵਾਲ ਨੇ ਅਦਾਲਤ ਕੋਲ ਪਹੁੰਚ ਕਰਕੇ ਆਪਣੇ ਰੈਗੂਲਰ ਡਾਕਟਰ ਨਾਲ ਵੀਡੀਓ ਕਾਨਫਰੰਸ ਰਾਹੀਂ ਮਸ਼ਵਰਾ ਕਰਨ ਦੀ ਇਜਾਜ਼ਤ ਮੰਗੀ ਸੀ ਕਿਉਂਕਿ ਉਸ ਦੀ ਸ਼ੂਗਰ ਦਾ ਪੱਧਰ ਵਧ-ਘੱਟ ਰਿਹਾ ਹੈ। ਜੱਜ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਭਲਕੇ ਤੱਕ ਰਿਪੋਰਟ ਪੇਸ਼ ਕਰਨ ਜਦੋਂ ਅਦਾਲਤ ਵੱਲੋਂ ਦੁਬਾਰਾ ਮਾਮਲੇ ਦੀ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਉਧਰ ਕੇਜਰੀਵਾਲ ਨੇ ਆਪਣੇ ਡਾਕਟਰ ਨਾਲ ਹਫ਼ਤੇ ’ਚ ਤਿੰਨ ਵਾਰ ਬਲੱਡ ਸ਼ੂਗਰ ਲੈਵਲ ਆਦਿ ’ਤੇ ਨਿਗਰਾਨੀ ਸਬੰਧੀ ਵਰਚੁਅਲੀ ਮਸ਼ਵਰੇ ਦੀ ਮੰਗ ਵਾਲੀ ਅਰਜ਼ੀ ਵਾਪਸ ਲੈ ਲਈ ਹੈ।ਇਸ ਦੌਰਾਨ ਜੱਜ ਨੇ ਗੋਆ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਫੰਡਾਂ ਦਾ ਕਥਿਤ ਤੌਰ ’ਤੇ ਪ੍ਰਬੰਧ ਕਰਨ ਵਾਲੇ ਚੰਨਪ੍ਰੀਤ ਸਿੰਘ ਨੂੰ 23 ਅਪਰੈਲ ਤੱਕ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ’ਚ ਹਿਰਾਸਤ ਦੀ ਮਿਆਦ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜੱਜ ਨੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵੀ 26 ਅਪਰੈਲ ਤੱਕ ਵਧਾ ਦਿੱਤੀ ਹੈ। ਉਸ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਸਿਸੋਦੀਆ ਨਾਲ ਸਹਿ-ਮੁਲਜ਼ਮ ਸੰਜੈ ਸਿੰਘ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕੇਸ ’ਚ ਜ਼ਮਾਨਤ ਦਿੱਤੀ ਹੋਈ ਹੈ, ਵੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਹੋਏ। ਸੀਬੀਆਈ ਵੱਲੋਂ ਦਾਖ਼ਲ ਕੇਸ ’ਚ ਸਿਸੋਦੀਆ ਦੀ ਨਿਆਂਇਕ ਹਿਰਾਸਤ 26 ਅਪਰੈਲ ਨੂੰ ਖ਼ਤਮ ਹੋਵੇਗੀ। -ਪੀਟੀਆਈ
ਕੇਜਰੀਵਾਲ ਦੀ ਸਿਹਤ ਸਬੰਧੀ ਖ਼ੁਲਾਸਾ ਹੈਰਾਨ ਕਰਨ ਵਾਲਾ: ਤਿਵਾੜੀ
ਨਵੀਂ ਦਿੱਲੀ (ਪੱਤਰ ਪ੍ਰੇਰਕ(: ਭਾਜਪਾ ਆਗੂ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਅਜਿਹਾ ਖਾਣਾ ਖਾਂਦੇ ਦੇਖ ਕੇ ਹੈਰਾਨੀ ਹੁੰਦੀ ਹੈ ਜੋ ਸ਼ੂਗਰ ਦੇ ਮਰੀਜ਼ ਦੀ ਸਿਹਤ ਲਈ ਪੂਰੀ ਤਰ੍ਹਾਂ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਅਹਿਸਾਸ ਹੈ ਕਿ ਈਡੀ ਦਾ ਕੇਸ ਇੰਨਾ ਮਜ਼ਬੂਤ ਹੈ ਕਿ ਉਸ ਦੀ ਅਗਲੇ ਕੁਝ ਮਹੀਨਿਆਂ ਵਿਚ ਜ਼ਮਾਨਤ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਇਸ ਲਈ ਉਹ ਮੈਡੀਕਲ ਜ਼ਮਾਨਤ ’ਤੇ ਬਾਹਰ ਆਉਣ ਲਈ ਬੇਤਾਬ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਿਹਾੜ ਜੇਲ੍ਹ ਕੇਜਰੀਵਾਲ ਸਰਕਾਰ ਦੇ ਅਧੀਨ ਹੈ ਇਸ ਲਈ ਮੁੱਖ ਮੰਤਰੀ ਆਸਾਨੀ ਨਾਲ ਆਪਣੇ ਲਈ ਸਹੂਲਤਾਂ ਦਾ ਪ੍ਰਬੰਧ ਕਰ ਰਹੇ ਹਨ ਅਤੇ ਗੈਰ-ਪ੍ਰਮਾਣਿਤ ਭੋਜਨ ਖਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜੇਲ ਮੈਨੂਅਲ ਅਤੇ ਮੁੱਖ ਮੰਤਰੀ ਦੀ ਸਿਹਤ ਦੋਵਾਂ ਦਾ ਖਿਆਲ ਰੱਖਣ ਦੇ ਇਰਾਦੇ ਨਾਲ ਇਹ ਜ਼ਰੂਰੀ ਹੈ ਕਿ ਕੇਜਰੀਵਾਲ ਨੂੰ ਦਿੱਲੀ ਤੋਂ ਬਾਹਰ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਜੋ ‘ਆਪ’ ਸਰਕਾਰ ਦੇ ਅਧੀਨ ਨਾ ਹੋਵੇ।
ਕੇਜਰੀਵਾਲ ਨੂੰ ‘ਅਸਧਾਰਨ ਅੰਤਰਿਮ ਜ਼ਮਾਨਤ’ ਲਈ ਜਨਹਿੱਤ ਪਟੀਸ਼ਨ ਦਾਇਰ
ਨਵੀਂ ਦਿੱਲੀ: ਮਨੀ ਲਾਂਡਰਿੰਗ ਕੇਸ ਵਿਚ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ (ਜੇਲ੍ਹ ਵਿਚ ਬੰਦ ਹੋਰਨਾਂ ਕੱਟੜ ਅਪਰਾਧੀਆਂ ਕਰਕੇ) ਖ਼ਤਰੇ ਵਿਚ ਹੋਣ ਦੇ ਹਵਾਲੇ ਨਾਲ ‘ਆਪ’ ਕਨਵੀਨਰ ਨੂੰ ‘ਅਸਧਾਰਨ ਅੰਤਰਿਮ ਜ਼ਮਾਨਤ’ ਦੇਣ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ ਦਿੱਲੀ ਹਾਈ ਕੋਰਟ ਵਿਚ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਕੇਜਰੀਵਾਲ ਦੀ ਸਰੀਰਕ ਮੌਜੂਦਗੀ ਉਨ੍ਹਾਂ ਦੇ ਦਫ਼ਤਰ ਤੇ ਘਰ ਵਿਚ ਲੋੜੀਂਦੀ ਹੈ ਕਿਉਂਕਿ ਉਨ੍ਹਾਂ ਕਈ ਸਾਰੇ ਮਸਲਿਆਂ ਨੂੰ ਲੈ ਕੇ ਫੌਰੀ ਫੈਸਲੇ ਲੈਣੇ ਤੇ ਲੋਕ ਭਲਾਈ ਕੰਮਾਂ ਲਈ ਹੁਕਮ ਦੇਣੇ ਹੁੰਦੇ ਹਨ। ਕਾਰਜਕਾਰੀ ਚੀਫ਼ ਜਸਟਿਸ ਮਨਮੋਹਨ ਤੇ ਜਸਟਿਸ ਮਨਮੀਤ ਪੀ.ਐੱਸ.ਅਰੋੜਾ ਦੇ ਬੈਂਚ ਵੱਲੋਂ ਇਸ ਪਟੀਸ਼ਨ ’ਤੇ 22 ਅਪਰੈਲ ਨੂੰ ਸੁਣਵਾਈ ਕੀਤੀ ਜਾਣੀ ਹੈ। -ਪੀਟੀਆਈ