ਚੁੱਲ੍ਹੇ ਬਲ਼ਦੇ ਰਹਿਣ
ਸੁਖਵਿੰਦਰ ਸਿੰਘ ਸਿੱਧੂ
ਦਫ਼ਤਰੋਂ ਘਰ ਆ ਚਾਹ ਦਾ ਕੱਪ ਪੀ ਤਰੋਤਾਜ਼ਾ ਹੋ ਸੋਫ਼ੇ ’ਤੇ ਬੈਠ ਕਿਤਾਬ ਪੜ੍ਹਨ ਲਗਦਾ ਹਾਂ। ਅਚਾਨਕ ਘੰਟੀ ਵੱਜਦੀ ਏ। ਬਾਹਰ ਦੇਖਦਾਂ, ਚੌਕੀਦਾਰ ਖੜ੍ਹੈ। ਉਹ ਉੱਚੀ ਆਵਾਜ਼ ’ਚ ਆਖਦਾ, “ਨਮਸਕਾਰ ਜੀ।” ਨਮਸਕਾਰ ਦਾ ਜਵਾਬ ਦੇ ਅੰਦਰ ਆ ਜਾਂਦਾ ਤੇ ਜੇਬ ਵਿੱਚੋਂ 50 ਰੁਪਏ ਕੱਢ ਕੇ ਉਹਨੂੰ ਦੇ ਆਉਨਾ। ਉਹ ਹਰ ਮਹੀਨੇ 50 ਰੁਪਏ ਲੈਂਦਾ। ਉਹਦੀ ਕੋਈ ਪੱਕੀ ਨੌਕਰੀ ਨਹੀਂ। ਜਦੋਂ ਤੋਂ ਇੱਥੇ ਰਹਿਣ ਲੱਗੇ ਹਾਂ, ਉਸ ਨੂੰ ਪੈਸੇ ਦੇ ਰਹੇ ਹਾਂ। ਪਹਿਲਾਂ ਉਹ 40 ਰੁਪਏ ਲੈਂਦਾ ਸੀ। ਇਲਾਕੇ ਦੀ ਚੌਕੀਦਾਰੀ ਉਸ ਦੇ ਜਿ਼ੰਮੇ ਹੈ। ਉਹ ਸਾਰੀ ਰਾਤ ਗਲੀਆਂ ’ਚ ਸੋਟੀ ਖੜਕਾਉਂਦਾ ਤੇ ਲੋਕ ਆਰਾਮ ਨਾਲ ਸੁੱਤੇ ਰਹਿੰਦੇ। ਮਹੀਨੇ ਦੇ ਪਹਿਲੇ ਹਫ਼ਤੇ ਉਹ ਸਾਰੇ ਘਰਾਂ ’ਚੋਂ ਆਪਣਾ ਮਿਹਨਤਾਨਾ ਇਕੱਠਾ ਕਰ ਲੈਂਦਾ। ਉਸ ਨੂੰ ਇਹ ਕੰਮ ਕਿਸ ਨੇ ਸੌਂਪਿਆ, ਕਿਸੇ ਨੂੰ ਨਹੀਂ ਪਤਾ। ਉਹ ਨੇਪਾਲ ਤੋਂ ਆ ਕੇ ਇੱਥੇ ਚੌਕੀਦਾਰਾ ਕਰ ਕੇ ਆਪਣਾ ਟੱਬਰ ਪਾਲ਼ ਰਿਹਾ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਬੰਦੇ ਟਰਾਈਸਿਟੀ ਵਿੱਚ ਹਰ ਰੋਜ਼ ਚੌਕੀਦਾਰਾ ਕਰਨ ਅਤੇ ਸਵੇਰੇ-ਸਵੇਰੇ ਘਰੋ-ਘਰੀ ਕਾਰਾਂ ਧੋਣ ਦਾ ਕੰਮ ਕਰਦੇ ਹਨ। ਇਹ ਸਾਰੇ ਨੇਪਾਲੀ ਮੂਲ ਦੇ ਹਨ ਜੋ ਰੁਜ਼ਗਾਰ ਅਤੇ ਆਪਣੇ ਚੰਗੇ ਭਵਿੱਖ ਲਈ ਚੰਡੀਗੜ੍ਹ ਆਏ ਹਨ; ਉਵੇਂ ਹੀ, ਜਿਵੇਂ ਸਾਡੇ ਬੱਚੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ’ਚ ਜਾ ਕੇ ਕੰਮ ਕਰ ਰਹੇ ਹਨ।
ਉਹਨੂੰ ਪੈਸੇ ਦੇ ਕੇ ਰੁਜ਼ਗਾਰ ਅਤੇ ਪਰਵਾਸ ਬਾਰੇ ਉੱਤੇ ਸੋਚਣ ਲੱਗਦਾਂ। ਰੁਜ਼ਗਾਰ ਵਰਤਮਾਨ ਹਾਕਮਾਂ ਨੂੰ ਭਾਵੇਂ ਬੋਝ ਲੱਗਦਾ ਹੈ ਪਰ ਦੇਸ਼ ਦੀ ਅਰਥ ਵਿਵਸਥਾ ਦਾ ਪਹੀਆ ਰਵਾਂ ਰੱਖਣ ਲਈ ਰੁਜ਼ਗਾਰ ਅਹਿਮ ਹੈ। ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਹਰ ਦੇਸ਼ ਦੀ ਸਰਕਾਰ ਦਾ ਮੁੱਢਲਾ ਫਰਜ਼ ਹੈ ਕਿ ਉਹ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ। ਨੌਕਰੀ ਪੇਸ਼ਾ ਸ਼ਖ਼ਸ ਦੀ ਜੇਬ ਵਿੱਚ ਆਇਆ ਤਨਖ਼ਾਹ ਰੂਪੀ ਧਨ ਕਈ ਹੋਰ ਕਿਰਤੀਆਂ, ਦੁਕਾਨਦਾਰਾਂ ਦੇ ਚੁੱਲ੍ਹੇ ਬਲ਼ਦੇ ਰੱਖਣ ਲਈ ਸਹਾਈ ਹੁੰਦਾ। ਪੈਸੇ ਦਾ ਇਹ ਚੱਕਰ ਬਾਜ਼ਾਰ ਵਿੱਚ ਸਮਤੋਲ ਬਣਾਈ ਰੱਖਦਾ।
ਆਪਣੇ ਬਚਪਨ ਦੇ ਉਹ ਦਿਨ ਯਾਦ ਨੇ ਜਦੋਂ ਪਿਤਾ ਜੀ ਦੀ ਆਮਦਨ ਦਾ ਕੋਈ ਬੱਝਵਾਂ ਵਸੀਲਾ ਨਹੀਂ ਸੀ ਹੁੰਦਾ; ਖੇਤੀਬਾੜੀ ਦੇ ਸਿਰ ’ਤੇ ਗੁਜ਼ਾਰਾ ਚੱਲਦਾ ਸੀ। ਘਰ ਵਿੱਚ ਹਮੇਸ਼ਾ ਪੈਸਿਆਂ ਦੀ ਥੁੜ੍ਹ ਰਹਿੰਦੀ। ਉਹ ਕਹਿੰਦੇ- “ਪੜ੍ਹ ਲਓ ਪੁੱਤਰੋ, ਚੰਗੇ ਰਹੋਗੇ... ਨਹੀਂ ਤਾਂ ਮੇਰੇ ਵਾਂਗ ਮਿੱਟੀ ਨਾਲ ਮਿੱਟੀ ਹੁੰਦੇ ਰਹੋਗੇ ਸਾਰੀ ਉਮਰ।” ਬਸ ਉਦੋਂ ਤੋਂ ਕਿਤੇ ਕੁਝ ਬਣਨ ਦੀ ਧਾਰ ਲਈ। ਪੜ੍ਹੇ ਲਿਖੇ, ਮਿਹਨਤ ਕੀਤੀ, ਔਕੜਾਂ ਝੱਲਦਿਆਂ ਸਰਕਾਰੀ ਨੌਕਰੀ ਪ੍ਰਾਪਤ ਕੀਤੀ। ਬੱਝਵੇਂ ਰੁਜ਼ਗਾਰ ਦੀ ਅਹਿਮੀਅਤ ਸਮਝ ਆਈ।
ਪਿਛਲੇ ਦੋ ਦਹਾਕਿਆਂ ਦੀਆਂ ਸਰਕਾਰਾਂ ਦਾ ਨੌਕਰੀਆਂ ਵੱਲ ਜੋ ਨਾਂਹ ਪੱਖੀ ਰੁਝਾਨ ਚੱਲ ਰਿਹਾ ਹੈ, ਇਸ ਨਾਲ ਪੇਂਡੂ ਵਰਗ ਨੂੰ ਵੱਡੀ ਢਾਹ ਲੱਗੀ ਹੈ। ਨੌਜਵਾਨਾਂ ਦੇ ਵੱਡੀ ਗਿਣਤੀ ਵਿੱਚ ਵਿਦੇਸ਼ ਪਰਵਾਸ ਦਾ ਸ਼ਾਇਦ ਇਹੋ ਕਾਰਨ ਹੋਵੇ। ਰੁਜ਼ਗਾਰ ਦੀ ਅਹਿਮੀਅਤ ਉਸ ਨੂੰ ਪੁੱਛੋ ਜੋ ਸਾਰਾ ਦਿਨ ਲੇਬਰ ਚੌਕ ’ਤੇ ਖੜ੍ਹ ਕੇ ਸ਼ਾਮ ਨੂੰ ਖਾਲੀ ਹੱਥ ਘਰ ਪਰਤਦਾ ਹੈ। ਕਿਸੇ ਇੱਕ ਨੂੰ ਨੌਕਰੀ ਮਿਲਦੀ ਏ ਤਾਂ ਸਿੱਧੇ ਅਸਿੱਧੇ ਰੂਪ ਵਿੱਚ 10-20 ਘਰਾਂ ਦੇ ਚੁੱਲ੍ਹੇ ਬਲ਼ਦੇ ਨੇ।
ਰਾਸ਼ਨ, ਸਬਜ਼ੀ ਅਤੇ ਦੁੱਧ ਜਿਹੀਆਂ ਜ਼ਰੂਰੀ ਲੋੜਾਂ ਲਈ ਤਾਂ ਹਰ ਇੱਕ ਨੇ ਪੈਸਾ ਖਰਚਣਾ ਹੀ ਹੁੰਦਾ ਪਰ ਕੁਝ ਕੰਮ ਜੋ ਅਸੀਂ ਖ਼ੁਦ ਕਰ ਸਕਦੇ ਹਾਂ- ਜਿਵੇਂ ਕਾਰ ਧੋਣਾ, ਕੱਪੜੇ ਪ੍ਰੈੱਸ ਕਰਨਾ, ਗਮਲਿਆਂ ’ਚ ਲੱਗੇ ਬੂਟਿਆਂ ਦੀ ਦੇਖਭਾਲ ਕਰਨਾ, ਝਾੜੂ ਪੋਚਾ ਕਰਨਾ ਆਦਿ, ਬਹੁਤ ਸਾਰੇ ਲੋਕ ਇਨ੍ਹਾਂ ਕਾਮਿਆਂ ਤੋਂ ਕਰਵਾਉਂਦੇ। ਇਹ ਕਿਰਤੀ (ਮਰਦ ਔਰਤਾਂ) ਭਾਵੇਂ ਘਰ-ਘਰ ਜਾਂ ਥੋੜ੍ਹਾ ਸਮਾਂ (ਪਾਰਟ ਟਾਈਮ) ਕੰਮ ਕਰਦੇ ਹਨ ਪਰ ਉਹ ਮਹੀਨਾ ਭਰ ਕੰਮ ਕਰ ਕੇ ਗੁਜ਼ਾਰੇ ਜੋਗਾ ਮਿਹਨਤਾਨਾ ਇਕੱਠਾ ਕਰ ਲੈਂਦੇ। ਇਉਂ ਪੈਸੇ ਦਾ ਇਹ ਜਿਹੜਾ ਚੱਕਰ ਬਣਦਾ ਹੈ, ਇਹ ਉਨ੍ਹਾਂ ਦੀ ਕਬੀਲਦਾਰੀ ਨਜਿੱਠਣ ਵਿੱਚ ਸਹਾਈ ਹੁੰਦਾ। ਅਸੀਂ ਵੀ ਕੁਝ ਕੰਮ ਇਨ੍ਹਾਂ ਕਾਮਿਆਂ ਤੋਂ ਕਰਵਾ ਲੈਂਦੇ ਹਾਂ ਤਾਂ ਜੋ ਇਨ੍ਹਾਂ ਦੇ ਚਿਹਰਿਆਂ ’ਤੇ ਵੀ ਮੁਸਕਾਨ ਰਹੇ। ਇਉਂ ਮਹੀਨੇ ਦੇ ਸ਼ੁਰੂ ਵਿੱਚ ਅਖ਼ਬਾਰ ਵਾਲਾ, ਗੱਡੀ ਧੋਣ ਵਾਲਾ, ਪ੍ਰੈੱਸ ਕਰਨ ਵਾਲਾ, ਮਾਲੀ, ਸਬਜ਼ੀ ਵਾਲਾ, ਫਲਾਂ ਵਾਲਾ, ਕੂੜੇ ਵਾਲਾ ਆਦਿ ਆਪੋ-ਆਪਣਾ ਹਿੱਸਾ ਵਸੂਲਦੇ ਹਨ। ਇਹ ਸਿਲਸਿਲਾ ਹਫ਼ਤਾ ਭਰ ਚੱਲੀ ਜਾਂਦਾ। ਜੇ ਚਾਹੀਏ ਤਾਂ ਇਹ ਖਰਚਾ ਬਚਾ ਵੀ ਸਕਦੇ ਹਾਂ ਪਰ ਸੋਚੀਦਾ, ਦੂਜਿਆਂ ਦੇ ਚੁੱਲ੍ਹੇ ਵੀ ਬਲ਼ਦੇ ਰਹਿਣ ਤੇ ਚਿਹਰੇ ਖਿੜੇ ਰਹਿਣ।
ਸੰਪਰਕ: 94635-28494