For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

09:25 AM Oct 20, 2024 IST
ਕਾਵਿ ਕਿਆਰੀ
Advertisement

ਗ਼ਜ਼ਲ

ਬਲਵਿੰਦਰ ਬਾਲਮ ਗੁਰਦਾਸਪੁਰ
ਸਮਝਾਇਆਂ ਜਿਹੜੇ ਸਮਝੇ ਉਹ ਪਾਰ ਗਏ।
ਬਾਕੀ ਸਾਰੇ ਪਾਣੀ ਦੇ ਵਿਚਕਾਰ ਗਏ।
ਨੇਰ੍ਹੀ ਨਾਲ ਯਾਰਾਨੇ ਪਾ ਕੇ ਵੇਖ ਲਿਆ,
ਤਿਣਕਾ-ਤਿਣਕਾ ਕਰਕੇ ਸਭ ਗੁਲਜ਼ਾਰ ਗਏ।
ਲੱਖਾਂ ਸੱਪ ਸਪੋਲੀਏ ਉੱਭਰ ਆਏ ਨੇ,
ਤਿਉੜੀ ਵਾਲੀ ਵਰਮੀ ਵਿੱਚ ਇਕਰਾਰ ਗਏ।
ਦੁੱਖ ਦਾ ਤੂਫ਼ਾਂ ਅੰਬਰ ਤਕ ਨੂੰ ਛੂਹ ਚੁੱਕਾ,
ਪਹਿਲਾਂ ਦੁਸ਼ਮਣ, ਸੱਜਣ ਫਿਰ ਦਿਲਦਾਰ ਗਏ।
ਪਤਝੜ ਜੋਬਨ ਉੱਤੇ ਆ ਕੇ ਮੁਸਕਾਈ,
ਫੁੱਲ ਤੇ ਪੱਤੇ ਸੁੱਕੇ ਫਿਰ ਕਚਨਾਰ ਗਏ।
ਸਿਖ਼ਰ ਦੁਪਹਿਰਾਂ ਏਦਾਂ ਡੋਲੀ ਲੁੱਟੀ ਹੈ,
ਤੜਕ ਸਵੇਰੇ ਦੇ ਘੁੰਢ ’ਚੋਂ ਦੀਦਾਰ ਗਏ।
ਪੈਰੀਂ ਪੈਣਾ, ਸਿਰ ਤੋਂ ਚੁੰਨੀ, ਸ਼ਰਮ ਹਯਾ,
ਵਿਦਿਆ ਦੀ ਅਗਵਾਈ ਵਿੱਚ ਸਤਿਕਾਰ ਗਏ।
ਰਾਤ ਗਈ ਤਾਂ ਦਿਨ ਦੇ ਸੋਹਣੇ ਆਂਚਲ ਵਿੱਚ,
ਖ਼ਾਬਾਂ ਵਾਲੇ ਸਭ ਸੁੰਦਰ ਸੰਸਾਰ ਗਏ।
ਭੂੰ ਮੰਡਲੀਕਰਣ ’ਚ ਕੀ ਦੱਸਾਂ ਨਾ ਦੱਸਾਂ,
ਸ਼ਿਸ਼ਟਾਚਾਰ, ਚਰਿੱਤਰ, ਸੱਭਿਆਚਾਰ ਗਏ।
ਸ਼ਾਦੀ ਦਾ ਤਿਉਹਾਰ ਮਨਾਇਆ ਜਸ਼ਨਾਂ ਨਾਲ,
ਮਾਪਿਆਂ ਕੋਲੋਂ ਬੱਚਿਆਂ ਵਾਲੇ ਪਿਆਰ ਗਏ।
ਬਾਲਮ ਮਾਇਆ ਜਾਲ ’ਚ ਰਿਸ਼ਤੇ ਟੁੱਟ ਰਹੇ,
ਬੰਦੇ ਵਿੱਚੋਂ ਬੰਦੇ ਦੇ ਕਿਰਦਾਰ ਗਏ।
ਸੰਪਰਕ: 98156-25409

Advertisement

ਪੰਛੀ ਦਾ ਧਰਤੀ ’ਤੇ ਗੁੱਸਾ

ਜਸਵੰਤ ਗਿੱਲ ਸਮਾਲਸਰ
ਸੁਣ ਨੀ ਧਰਤੀਏ ਭੈੜੀਏ!
ਸਾਡੇ ਮਰਸੀਏ ਗਾਉਣ ਹਵਾਵਾਂ।
ਸਾਡੇ ਬਚਪਨ ਜਵਾਨੀ ਲੁੱਟ ਲਏ
ਅੱਗਾਂ ਲਾ, ਰੁੱਖਾਂ ਦੀਆਂ ਛਾਵਾਂ।
ਅਸੀਂ ਕਿਵੇਂ ਤੈਨੂੰ ਮਾਂ ਆਖੀਏ
ਤੇਰੇ ਬੰਦਿਆਂ ਕੀਤਾ ਨਾਸ਼,
ਅੱਜ ਜਿਵੇਂ ਅਸੀਂ ਹਾਂ ਉੱਜੜੇ
ਤੇਰਾ ਹੋਣਾ ਨਾਹੀ ਵਾਸ।

Advertisement

ਨੀ ਬਦਸ਼ਗਨੀ ਕੀ ਹੋ ਗਈ
ਤੇਰੀ ਵਿਗੜੀ ਸਾਰੀ ਚਾਲ,
ਰੁੱਖ ਤੇ ਪਾਣੀ ਮੁੱਕ ਗਏ
ਤੇਰਾ ਹੋਇਆ ਮੰਦੜਾ ਹਾਲ।
ਤੈਨੂੰ ਮਾਤਾ ਆਖਣ ਵਾਲੇ ਹੀ
ਤੇਰੇ ਨਾਲ ਕਰਨ ਖਿਲਵਾੜ,
ਲਾਲਚ ਦੇ ਵੱਸ ਪੈ ਕੇ ਉਹ
ਖਾਵਣ ਆਪਣੇ ਖੇਤ ਦੀ ਵਾੜ।

ਅੱਜ ਜੀਵਾਂ ਨੂੰ ਵੇਖਾਂ ਰੋਂਦਿਆਂ
ਤੇ ਰੁੱਖਾਂ ਸੁਣਦੀ ਧਾਹ,
ਨੀ ਤੇਰੀ ਹੋਣੀ ਨੂੰ ਅੱਜ ਵੇਖ ਕੇ
ਮੇਰੇ ਨਿਕਲੇ ਕਲੇਜਿਓਂ ਤਰਾਹ।
ਆਉਂਦੀ ਨਸਲ ਤੇ ਫ਼ਸਲ ਲਈ
ਨਾ ਪਾਣੀ, ਨਾ ਹੀ ਰਹਿਣੀ ਛਾਂ,
ਜਦ ਬੰਜਰ ਭੂਮੀ ਹੋ ਗਈ
ਫਿਰ ਨਾ ਤੂੰ, ਧਰਤੀ, ਨਾ ਮਾਂ।
ਸੰਪਰਕ: 97804-51878
* * *

ਗ਼ਜ਼ਲ

ਜਗਜੀਤ ਗੁਰਮ
ਦੁਸ਼ਮਣ ਤਾਂ ਦੁਸ਼ਮਣ, ਮੈਂ ਦੋਸਤ ਵੀ ਦੁਸ਼ਮਣ ਵਾਂਗ ਬਣਾ ਲਏ
ਇੱਕ ਇੱਕ ਕਰਕੇ ਮੇਰੇ ਸਾਰੇ ਰਿਸ਼ਤੇ ਸਚਾਈ ਨੇ ਖਾ ਲਏ।
ਸਰਕਾਰ ਲਈ ਵਿਦਰੋਹ ਕੁਚਲਣਾ ਕਿੰਨਾ ਸੌਖਾ ਹੋ ਗਿਆ
ਜਦ ਲੋਕਾਂ ਨੇ ਵਿਚਾਰਾਂ ਨੂੰ ਪਾਸੇ ਰੱਖ ਹਥਿਆਰ ਉਠਾ ਲਏ।
ਜਿੱਤ ਲਈਆਂ ਜਾਣ ਅਜੇ ਵੀ ਚੋਣਾਂ ਇਸ ਗੱਲ ਸਹਾਰੇ
ਕਦੇ ਮਸਜਿਦ ਢਹਾ ਲਈ ਭੀੜਾਂ ਕੋਲੋਂ ਕਦੇ ਮੰਦਿਰ ਬਣਵਾ ਲਏ।
ਦੁਰਕਾਰੇ ਹੀ ਏਨੇ ਜ਼ਿਆਦਾ ਗਏ ਇਹ ਲੋਕ ਸਦੀਆਂ ਤੋਂ
ਹੁਣ ਉਸ ਦੇ ਹੋ ਜਾਂਦੇ ਨੇ ਜਿਸ ਨੇ ਗਲ਼ ਨਾਲ ਲਗਾ ਲਏ।
ਖੁੱਲ੍ਹੀ ਜਦ ਅੱਖ ਫੇਰ ਹਕੀਕਤ ਸਾਹਮਣੇ ਮੇਰੇ ਆਈ
ਮੈਂ ਸੁਪਨੇ ਵਿੱਚ ਤਾਂ ਰਾਤੀਂ ਰੁੱਸੇ ਹੋਏ ਯਾਰ ਮਨਾ ਲਏ।
ਬੱਚਿਆਂ ਨੂੰ ਹਫ਼ਤਾ ਪਹਿਲਾਂ ਹੀ ਲਿਆ ਦਿੱਤੇ ਸੀ ਕੱਪੜੇ ਨਵੇਂ
ਖ਼ੁਦ ਬਾਪੂ ਨੇ ਸ਼ਾਦੀ ਵਿੱਚ ਪੁਰਾਣੇ ਕੱਪੜੇ ਹੀ ਪਾ ਲਏ।
ਕਿੰਨਾ ਪਿਆਰਾ ਲੱਭਿਆ ਬਦਲ ‘ਗੁਰਮ’ ਨੇ ਉਸ ਨੂੰ ਭੁੱਲਣ ਦਾ
ਅੱਧੀ ਰਾਤੀਂ ਉੱਠ ਕਦੇ ਗਾ ਲਈ ਗ਼ਜ਼ਲ ਕਦੇ ਗੀਤ ਗਾ ਲਏ।
ਸੰਪਰਕ: 99152-64836

Advertisement
Author Image

Advertisement