ਕਾਵਿ ਕਿਆਰੀ
ਲੁੱਟਿਆ ਦੇਸ਼ ਪੰਜਾਬ
ਬੇਅੰਤ ਕੌਰ ਮੋਗਾ
ਰਾਹੇ-ਰਾਹੇ ਜਾਂਦੀਏ ਮੁਟਿਆਰੇ ਨੀਂ
ਤੇਰਾ ਲੁੱਟਿਆ ਦੇਸ਼ ਪੰਜਾਬ ਬਾਂਕੀਏ ਨਾਰੇ ਨੀਂ...
ਗਲੀ-ਗਲੀ ਵਿੱਚ ਪੀਜ਼ੇ ਬਰਗਰ ਵਾਲੇ ਨੀਂ,
ਦੱਸ ਕਿੱਥੇ ਤਪਣ ਤੰਦੂਰ ਤੇ ਚੁੱਲ੍ਹੇ-ਹਾਰੇ ਨੀਂ?
ਸੋਹਣੇ ਗੱਭਰੂ ਛੈਲ ਛਬੀਲੇ ਨਸ਼ਿਆਂ ਖਾ ਲਏ ਨੀਂ,
ਦੱਸ ਕਿੱਥੇ ਬੱਕੀ, ਹਾਥੀ, ਊਠ ਸ਼ਿੰਗਾਰੇ ਨੀਂ?
ਪਿੱਪਲ, ਬੋਹੜ, ਬਰੋਟੇ, ਮੌਲਾਂ ਸੜਕਾਂ ਢਾਹ ਲਏ ਨੀਂ,
ਸਖੀਆਂ ਕਿੱਥੇ ਝੂਟਣ ਪੀਂਘਾਂ ਕਿੱਥੇ ਲੈਣ ਹੁਲਾਰੇ ਨੀਂ?
ਤੈਨੂੰ ਵੇਖ ਸ਼ਰਮਾਉਂਦੇ ਸੀ ਕਦੇ ਮੋਰ ਵਿਚਾਰੇ ਨੀਂ,
ਤੂੰ ਸ਼ਹਿਰਨ ਅੰਗਰੇਜਣ ਭੁੱਲਗੀ ਖੇਤ ਕਿਆਰੇ ਨੀਂ?
ਟੰਗਦੀ ਸੀ ਕਦੇ ਫੁੱਲ ਸਰੋਂਆਂ ਦੇ ਗੁੱਤ ਦੁਆਲੇ ਨੀਂ,
ਦੱਸ ਕਿੱਥੇ ਵੱਢ ਕੇ ਸੁੱਟਤੇ ਜੂੜੇ ਗੁੱਤ ਪਿਆਰੇ ਨੀਂ?
ਬਾਬੇ-ਪੋਤੇ ਗਏ ਪ੍ਰਦੇਸ, ਤੇ ਭਾਬੋ-ਵੀਰਾ ਨਾਲੇ ਨੀਂ,
ਕਮਲੀਏ ਕੁੜੀਏ ਕਿੱਥੋਂ ਭਾਲੇਂ ਦੱਸ ਸੰਧਾਰੇ ਨੀਂ?
ਚਰਖੇ ‘ਗਿੱਲ’ ਨਿਮਾਣੀ ਗੇੜੇ ਭਾਵੇਂ ਆਸਾਂ ਵਾਲੇ ਨੀਂ,
ਕਿੱਥੋਂ ਲੱਭਣੇ ਨਾਰਾਂ, ਬਾਗ ਬਗੀਚੇ, ਕੈਂਠੇ ਵਾਲੇ ਨੀਂ?
ਰਾਹੇ ਰਾਹੇ ਜਾਂਦੀਏ ਮੁਟਿਆਰੇ ਨੀਂ
ਤੇਰਾ ਲੁੱਟਿਆ ਦੇਸ਼ ਪੰਜਾਬ ਬਾਂਕੀਏ ਨਾਰੇ ਨੀਂ
ਸੰਪਰਕ: 83603-47384
* * *
ਜ਼ਿੰਦਗੀ ਦੀ ਰੁੱਤ
ਸੀਰਾ ਗਰੇਵਾਲ ਰੌਂਤਾ
ਜ਼ਿੰਦਗੀ ਦੀ ਰੁੱਤ ਹੁਣ,
ਡਾਹਢੀ ਹੀ ਉਦਾਸ ਲੱਗੇ,
ਬੋਲਾਂ ਵਿੱਚ ਬੱਝੀ ਹੋਈ,
ਚੁੱਪ ਕੋਈ ਖ਼ਾਸ ਹੈ।
ਨਾਤਿਆਂ ਦੀ ਭੀੜ ਵਿੱਚੋਂ,
ਜਿਹੜਾ ਕੁਝ ਮਿਲਿਆ ਨਾ,
ਦੋਸਤਾਂ ਦੀ ਦੁਨੀਆ ’ਚੋਂ,
ਉਸ ਦੀ ਤਲਾਸ਼ ਹੈ।
ਇਮਤਿਹਾਨ ਜ਼ਿੰਦਗੀ ਨੇ,
ਲਏ ਕਈ ਕਈ ਵਾਰੀ,
ਨਹੀਂ ਪਤਾ ਬੰਦਾ ਅਜੇ,
ਫੇਲ੍ਹ ਹੈ ਜਾਂ ਪਾਸ ਹੈ।
ਡੰਗਦੇ ਰਹੇ ਨੇ ਉਹੀ,
ਬਣੇ ਪਰਛਾਵੇਂ ਜਿਹੜੇ,
ਖ਼ੁਦ ਉੱਤੇ ਵੀ ਨਾ ਰਿਹਾ,
ਹੁਣ ਵਿਸ਼ਵਾਸ ਹੈ।
ਕਿਸ ਅੱਗੇ ਦਿਲ ਖੋਲ੍ਹ,
ਰੱਖ ਦੇਵਾਂ ਦੋਸਤਾ ਮੈਂ,
ਆਮ ਹੀ ਨੇ ਸਾਰੇ ਇੱਥੇ,
ਕੋਈ ਵੀ ਨਾ ਖ਼ਾਸ ਹੈ!
ਮਸ਼ਹੂਰ ਹੋ ਕੇ ਜਿਓਣਾ,
ਮਜ਼ਾ ਜਾਂਦਾ ਰਿਹੈ ਸਾਰਾ,
ਗੁੰਮਨਾਮ ਹੋ ਜੀਣ ਦਾ,
ਹੋਇਆ ਅਭਿਆਸ ਹੈ।
ਟੁੱਟ ਚੁੱਕੀ ਜਿੰਦ ਤਾਈਂ,
ਦੇਵਾਂ ਕਾਹਦਾ ਆਸਰਾ ਮੈਂ,
ਆਸਰੇ ਦੇ ਉੱਤੇ ਵੀ ਨਾ,
ਰਿਹਾ ਵਿਸ਼ਵਾਸ ਹੈ।
ਤੁਰਦੇ ਹਾਂ ਜਾਂਦੇ ਰਾਹ ’ਤੇ,
ਮਿਲੇਗੀ ਮੰਜ਼ਿਲ ਵੇਖੀਂ,
ਮਾਰ ਲੈਂਦੇ ਹਾਂ ਉਡਾਰੀ,
ਖੁੱਲ੍ਹਾ ਪਿਆ ਅਕਾਸ਼ ਹੈ।
ਚਲ ਛੱਡ ਪਰ੍ਹਾਂ ਸੀਰੇ,
ਲੈ ਨਿਸ਼ਾਨਾ ਮਿੱਥ ਕੋਈ,
ਜ਼ਿੰਦਗੀ ਨੂੰ ਮਾਣ ਪੂਰਾ,
ਜ਼ਿੰਦਗੀ ਹੀ ਆਸ ਹੈ।
ਸੰਪਰਕ: 98780-77279
* * *
ਤੇਰਾ ਪੁੰਨ ਹੋਊ
ਦਰਸ਼ਨ ਸਿੰਘ ਬਨੂੜ
ਪਾ ਰੁੱਖਾਂ ਵਿੱਚ ਪਾਣੀ ਤੇਰਾ ਪੁੰਨ ਹੋਊ।
ਸੌਖੀ ਹੋਊ ਜ਼ਿੰਦਗਾਨੀ, ਤੇਰਾ ਪੁੰਨ ਹੋਊ।
ਗ਼ਰਮੀ ਦਾ ਪ੍ਰਕੋਪ ਜੋ ਅੱਜ ਅਸੀਂ ਝੱਲ ਰਹੇ
ਕਰ ਲਓ ਹਿੰਮਤ ਥੋੜ੍ਹੀ ਬਚਿਆ ਕੱਲ੍ਹ ਰਹੇ
ਕੁਝ ਨਾਲ ਰਲਾ ਲੈ ਹਾਣੀ, ਤੇਰਾ ਪੁੰਨ ਹੋਊ।
ਪਾ ਰੁੱਖਾਂ ਵਿੱਚ ਪਾਣੀ, ਤੇਰਾ ਪੁੰਨ ਹੋਊ।
ਧਰਤੀ ਬੰਜਰ ਹੁੰਦੀ ਜਾਂਦੀ ਹੈ ਕੋਸ ਰਹੀ
ਐਪਰ ਮਾਂ ਦੇ ਪੁੱਤਰਾਂ ਨੂੰ ਨਾ ਹੋਸ਼ ਰਹੀ
ਕਰੀ ਜਾਵਣ ਮਨਮਾਨੀ, ਤੇਰਾ ਪੁੰਨ ਹੋਊ।
ਪਾ ਰੁੱਖਾਂ ਵਿੱਚ ਪਾਣੀ, ਤੇਰਾ ਪੁੰਨ ਹੋਊ।
ਰੁੱਖਾਂ ਨਾਲ ਹੀ ਧਰਤੀ ਸੁਹਣੀ ਲੱਗਦੀ ਹੈ
ਹਰਿਆਲੀ ਖੁਸ਼ਹਾਲੀ ਰੌਣਕ ਜੱਗ ਦੀ ਹੈ
ਨਹੀਂ ਤਾਂ ਖ਼ਤਮ ਕਹਾਣੀ, ਤੇਰਾ ਪੁੰਨ ਹੋਊ।
ਪਾ ਰੁੱਖਾਂ ਵਿੱਚ ਪਾਣੀ, ਤੇਰਾ ਪੁੰਨ ਹੋਊ।
ਅੱਗਾਂ ਲਾ ਲਾ ਰੁੱਖਾਂ ਨੂੰ ਨੇ ਸਾੜ ਰਹੇ
ਮਤਲਬਖੋਰੇ ਵੱਢ ਵੱਢ ਰੁੱਖ ਉਜਾੜ ਰਹੇ
ਇਹ ਕਰ ਕੀ ਰਿਹਾ ਪ੍ਰਾਣੀ, ਤੇਰਾ ਪੁੰਨ ਹੋਊ।
ਪਾ ਰੁੱਖਾਂ ਵਿੱਚ ਪਾਣੀ, ਤੇਰਾ ਪੁੰਨ ਹੋਊ।
ਜੇ ਰੁੱਖ ਨਾ ਰਹੇ ਪਰਿੰਦੇ ਸਾਰੇ ਮੁੱਕ ਜਾਣੇ
ਚਿੜੀਆਂ, ਤੋਤੇ, ਮੋਰ ਕਿਤੇ ਜਾ ਲੁਕ ਜਾਣੇ
ਮੈਂ ਤਾਂ ਸੀ ਗੱਲ ਸਮਝਾਣੀ ,ਤੇਰਾ ਪੁੰਨ ਹੋਊ।
ਪਾ ਰੁੱਖਾਂ ਵਿੱਚ ਪਾਣੀ, ਤੇਰਾ ਪੁੰਨ ਹੋਊ।
ਜੇ ਲਾ ਨਹੀਂ ਸਕਦਾ ਵੱਢੀ ਕਾਹਤੋਂ ਜਾਨਾ ਏ
ਪ੍ਰਕਿਰਤੀ ਨਾਲ ਕਿੜ ਕਿਉਂ ਕੱਢੀ ਜਾਨਾ ਏ
ਤੈਨੂੰ ਕੀਮਤ ਪਊ ਚੁਕਾਉਣੀ, ਤੇਰਾ ਪੁੰਨ ਹੋਊ।
ਪਾ ਰੁੱਖਾਂ ਵਿੱਚ ਪਾਣੀ, ਤੇਰਾ ਪੁੰਨ ਹੋਊ।
ਸੰਪਰਕ: 98726-85400
* * *
ਬੰਦਾ ਹਰਦਾ ਏ
ਦੀਪ ਜ਼ੀਰਵੀ
ਨਿੱਤ ਜਿੱਤਣ ਦੀ ਖੇਚਲ ਕਰਦਿਆਂ ਬੰਦਾ ਨਿੱਤ ਨਿੱਤ ਹਰਦਾ ਏ
ਮੈਂ ਨਹੀਂ ਮਰਦਾ ਸੋਚਣ ਵਾਲਾ ਪਲ ਪਲ ਛਿਣ ਛਿਣ ਮਰਦਾ ਏ
ਘਟ ਘਟ ਅੰਦਰ ਵਸਣ ਵਾਲਾ ਕਦੇ ਨਾ ਤਿਲ ਪਰ ਘਟਦਾ ਏ
ਮਨ ਮਨ ਅੰਦਰ ਵਸਣ ਵਾਲਾ ਹਰ ਇੱਕ ਮਨ ਦਾ ਪਰਦਾ ਏ
ਮੈਂ ਮੈਂ ਕਰਦਿਆਂ ਕੱਟ ਕੇ ਪੁੱਠਾ ਕੋਈ ਲਮਕਦਾ ਏ
ਮੈਂ ਨਾ ਨਾਮ ਕਰਾ ਕੇ ਕੋਈ ਹਰ ਇੱਕ ਮਨ ਨੂੰ ਹਰਦਾ ਏ
ਮਨ ਚਿੱਤ ਬੇੜੀ ਕਰ ਇਕਾਗਰ ਜਿਹੜਾ ਪਾਂਧੀ ਤੁਰਦਾ ਏ
ਉਹੀ ਪਾਂਧੀ ਧਾਰਾ ਉਲਟ ਹਮੇਸ਼ਾ ਹਿੰਮਤ ਧਾਰੀ ਤਰਦਾ ਏ
ਨ੍ਹੇਰਾ ਹਨੇਰਾ ਕਰਕੇ ਅਕਸਰ ਲੋਕੀਂ ਰੌਲਾ ਪਾਉਂਦੇ ਨੇ
ਪਰ ਪੂਰੇ ਕਿਸੇ ਗੁਰੂ ਦਾ ਚੇਲਾ ਬਾਲ ਦੀਪ ਇੱਕ ਧਰਦਾ ਏ