ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਵਿ ਕਿਆਰੀ

07:06 AM Jun 30, 2024 IST

ਮਰਿਆਦਾ

ਸਿਮਰਜੀਤ ਕੌਰ ਗਰੇਵਾਲ
ਤਖ਼ਤਾਂ ਤਾਜਾਂ ਦੀ ਮਰਿਆਦਾ, ਬਿਲਕੁਲ ਹੀ ਉਹ ਭੁੱਲ ਗਏ।
ਦੇਸ਼ ਪਿਆਰੇ ਦੀ ਬੇੜੀ ਨੂੰ, ਡੋਬਣ ਉੱਤੇ ਤੁਲ ਗਏ।

Advertisement

ਸਾਫ਼ ਦਿਸੀ ਤਸਵੀਰ ਕਪਟ ਦੀ, ਜਾਗਣ ਵਾਲੇ ਲੋਕਾਂ ਨੂੰ,
ਉਸ ਪਾਜੀ ਦੇ ਪਾਜ ਅਵੱਲੇ, ਤਾਹੀਂ ਅੜਿਆ ਖੁੱਲ੍ਹ ਗਏ।
ਤਖ਼ਤਾਂ ਤਾਜਾਂ ਦੀ ਮਰਿਆਦਾ, ਬਿਲਕੁਲ ਹੀ ਉਹ ਭੁੱਲ ਗਏ।

ਨ੍ਹੇਰੇ ਨੂੰ ਹੀ ਚਾਹੁੰਦੇ ਜੋ, ਚਾਨਣ ਨੂੰ ਨਾ ਲੋਚਣ ਉਹ,
ਤਾਹੀਂ ਜਗਦੇ ਦੀਵੇ ਦੀ, ਉਹ ਬੱਤੀ ਨੂੰ ਕਰ ਗੁੱਲ ਗਏ।
ਤਖ਼ਤਾਂ ਤਾਜਾਂ ਦੀ ਮਰਿਆਦਾ, ਬਿਲਕੁਲ ਹੀ ਉਹ ਭੁੱਲ ਗਏ।

Advertisement

ਤਖ਼ਤਨਸ਼ੀਨਾਂ ਨੇ ਪਰਜਾ ਨੂੰ, ਭੰਬਲਭੂਸੇ ਪਾ ਦਿੱਤਾ,
ਲੋਕਾਂ ਦੇ ਹਿਤਕਾਰੀ ਨਾ ਉਹ, ਬਸ ਤਾਜਾਂ ’ਤੇ ਡੁੱਲ ਗਏ।
ਤਖ਼ਤਾਂ ਤਾਜਾਂ ਦੀ ਮਰਿਆਦਾ, ਬਿਲਕੁਲ ਹੀ ਉਹ ਭੁੱਲ ਗਏ।

ਬੰਦੇ ਨੂੰ ਕਿਰਦਾਰੋਂ ਥੋਥਾ, ਕਰਿਆ ਲਾਲਚ ਦੇ ਘੁਣ ਨੇ,
ਵਿਕਣ ਜ਼ਮੀਰਾਂ ਪੈਸੇ ਪਿੱਛੇ, ਤਾਹੀਂ ਲੈ ਉਹ ਮੁੱਲ ਗਏ।
ਤਖ਼ਤਾਂ ਤਾਜਾਂ ਦੀ ਮਰਿਆਦਾ, ਬਿਲਕੁਲ ਹੀ ਉਹ ਭੁੱਲ ਗਏ।

ਸਮਝ ਅਦੀਬਾ! ਦੌਰ ਅਜੋਕਾ, ਸਮਝ ਕਹਾਣੀ ਸਾਰੀ ਵੇ,
ਕਿਉਂ ਨਫ਼ਰਤ ਦੇ ਝੱਖੜ, ਸਾਂਝੇ ਵਿਹੜੇ ਅੰਦਰ ਝੁੱਲ ਗਏ।
ਤਖ਼ਤਾਂ ਤਾਜਾਂ ਦੀ ਮਰਿਆਦਾ, ਬਿਲਕੁਲ ਹੀ ਉਹ ਭੁੱਲ ਗਏ।

‘ਸਿਮਰ’ ਅਸਾਂ ਨੂੰ ਚੈਨ ਮਿਲੂਗਾ, ਭਾਗਾਂ ਭਰਿਆ ਦਿਨ ਆਊ,
ਚਾਰੇ ਪਾਸੇ ਸਾਂਝਾਂ ਦੇ ਹੀ, ਖਿੜ ਜਦ ਸੂਹੇ ਫੁੱਲ ਗਏ।
ਤਖ਼ਤਾਂ ਤਾਜਾਂ ਦੀ ਮਰਿਆਦਾ, ਬਿਲਕੁਲ ਹੀ ਉਹ ਭੁੱਲ ਗਏ।
ਦੇਸ਼ ਪਿਆਰੇ ਦੀ ਬੇੜੀ ਨੂੰ, ਡੋਬਣ ਉੱਤੇ ਤੁਲ ਗਏ।
ਸੰਪਰਕ: 98151-98121
* * *

ਬੈਕੁੰਠ

ਐੱਸ. ਪ੍ਰਸ਼ੋਤਮ
ਮੈਂ ਉਸ ਵਰ ਨਾਲ ਲਾਵਾਂ-ਫੇਰਿਆਂ ’ਚ
ਨਹੀਂ ਨਰੜੀ ਜਾਵਾਂਗੀ ਬਾਬਲਾ,
ਜੋ ਮੰਨਦੇ ਭਜਨ, ਭੋਜਨ, ਖ਼ਜ਼ਾਨਾ, ਨਾਰੀ,
ਅੱਜ ਵੀ ਹੈਨ ਪਰਦੇ ਦੇ ਅਧਿਕਾਰੀ।

ਸ਼ਾਹਾਨਾ ਹਵੇਲੀ ਦੀਆਂ ਵਲਗਣਾਂ ’ਚ,
ਝਾਂਜਰਾਂ ਦੇ ਚਾਅ ਨੂੰ ਬੰਨ੍ਹਣ ਜ਼ੰਜੀਰਾਂ।

ਕੈਫੇ, ਕਲੱਬ ’ਚ ਨਾਰੀ ਦੇ ਸ਼ਰਾਬ ਪੀਣੇ ਨਿਵੇਕਲੇ,
ਰੰਗੀਨ ਮਿਜ਼ਾਜ ਰੋਗ ਤੇ ਨ੍ਰਿਤ ਨੂੰ,
ਛੋਟੇ ਪਹਿਰਾਵੇ ’ਚ ਨਿਝੱਕ ਬਜ਼ਾਰੀਂ,
ਸ਼ਾਪਿੰਗ ਕਰਦੀਆਂ ਮੁਟਿਆਰਾਂ ਨੂੰ,
ਔਰਤ ਦਾਸੀ ਮਾਨਸਿਕਤਾ ਵਾਲੇ ਜੋ ਕਹਿੰਦੇ,
ਇਹ ਹੈ ਬਰਾਬਰ ਸੱਭਿਅਕ ਆਜ਼ਾਦੀ।

ਮੁੰਡਾ ਜੰਮਣ ਲਈ ਅਧੇੜ ਉਮਰ ਤੱਕ,
ਜੋ ਮੇਰਾ ਵਾਰ ਵਾਰ ਕਰਾਉਣ ਗਰਭਪਾਤ।

ਉੱਥੇ ਵੀ ਨਾ ਤੋਰੀਂ ਡੋਲਾ,
ਮਿਲਣੇ ਦੀ ਤਾਂਘ ’ਚ ਸਮੁੰਦਰੋਂ ਪਾਰ ਲਈ,
ਤੇਰੇ ਸਾਧਨ ਹੋ ਜਾਵਣ ਖ਼ਤਮ।

ਮੇਰਾ ਉੱਥੇ ਕਾਜ ਰਚਾਈਂ ਬਾਬਲਾ,
ਜੋ ਝੂਠੇ ਵਿਖਾਵੇ, ਨਸ਼ਿਆਂ, ਏਡਜ਼,
ਹਰ ਪ੍ਰੀਖਿਆ ’ਚੋਂ ਨਿਕਲੇ ਪਾਕ ਪਵਿੱਤ।

ਮੇਰੇ ਪਤੀਵਰਤਾ ਇਮਤਿਹਾਨ ’ਚ ਖ਼ੁਦ ਪਤਨੀਵਰਤਾ ਬਣ,
ਮੁਹੱਬਤਾਂ ਦਾ ਵਰਸਾਏਂ ਮੀਂਹ।

ਉਹ ਕੁਟੰਬ ਵੀ ਜਿੱਥੇ ਹੋਵੇ ਇਕਮਿਕਤਾ ਦਾ ਵਾਸਾ,
ਮੇਰਾ ਡੋਲੀ ’ਚੋਂ ਆਪਣੇ ਸੁਹਾਗ ਘਰ ਪੈਰ ਪੈਣ ’ਤੇ ਹੋ ਜਾਏ ਬੈਕੁੰਠ ਜਿਹਾ ਵਾਧਾ।
ਸੰਪਰਕ: 98152-71246
* * *

ਬੇਜਾਨ

ਮਨਜੀਤ ਸਿੰਘ ਬੱਧਣ
ਉਹ ਸਾਰੇ ਵਧੀਆ ਸਨ
ਜਿੱਤ ਗਏ ਹੋਣਗੇ
ਮਾਂ...
ਮੈਂ ਹਾਰਿਆ ਨਹੀਂ ਹਾਂ।

ਦੌੜ ਵਿੱਚ ਅੱਗੇ,
ਅੱਗੇ ਨਿਕਲ ਗਏ ਉਹ
ਮੈਂ ਵੀ ਭੱਜਿਆ
ਮਾਂ...
ਭੱਜਣ ਤੋਂ ਭੱਜਿਆ ਨਹੀਂ ਹਾਂ।

ਮੇਰੀ ਦੌੜ ਤਾਂ ਮੇਰੇ ਨਾਲ ਹੈ
ਸਿਕੰਦਰ ਨਹੀਂ ਹਾਂ
ਜਿੱਤ ਕੇ ਜੋ ਹਾਰ ਗਿਆ
ਜੇਤੂਆਂ ਦਾ ਨਾਂ ਹੁੰਦੈ
ਸ਼ੋਹਰਤਾਂ ਮਿਲਦੀਆਂ
ਮੇਰੀ ਵੀ ਸਲਾਮ ਹੈ
ਮਾਂ...
ਮੇਰੀ ਸਲਾਮ ਮੇਰੀ ਹਾਰ ਨਹੀਂ ਹੈ।

ਸ਼ਾਇਦ ਕੋਈ ਨਾਕਾਮੀ
ਲੁਕਾ ਰਿਹਾਂ
ਸ਼ਾਇਦ ਦਿਲ ਆਪਣਾ
ਸਮਝਾ ਰਿਹਾਂ
ਇਹ ਨਾ ਸਮਝ ਲਵੀਂ
ਮੈਂ ਆਪਣੇ ਅੰਦਰ ਝਾਕਾਂ
ਕਦੀ ਕੁਠਾਲ਼ੀ ਵਿੱਚ
ਕਦੀ ਸਾਨ ’ਤੇ ਆ ਰਿਹਾਂ
ਬੇਪਰਵਾਹੀ ਵਿੱਚ ਹਾਂ
ਮਾਂ...
ਲਾਪਰਵਾਹ ਨਹੀਂ ਹਾਂ

ਇਸੇ ਲਈ ਤਾਂ
ਪਰਵਾਹ ਨਹੀਂ
ਕਿੰਨੇ ਮੇਰੇ ਅੱਗੇ
ਕਿੰਨਿਆਂ ਤੋਂ ਮੈਂ ਅੱਗੇ
ਖਿਡਾਰੀ ਹਾਂ ਮੈਂ
ਮਾਂ...
ਮੈਂ ਵਪਾਰੀ ਨਹੀਂ ਹਾਂ

ਜ਼ਿੰਦਗੀ ਖੇਡ ਨਹੀਂ
ਜਿੰਦ ਵਿੱਚ ਖੇਡ ਹੁੰਦੀ
ਮੈਦਾਨ ਵਿੱਚ ਵੇਖ ਮੈਨੂੰ
ਨੱਠਦਾਂ, ਹਫਦਾਂ, ਡਿੱਗਦਾਂ
ਫਿਰ ਉੱਠਦਾਂ
ਜਿੱਤਣ ਲਈ ਨਹੀਂ
ਆਪਣੇ ਲਈ ਫਿਰ ਦੌੜਦਾਂ
ਥੱਕ ਤਾਂ ਗਿਆ ਹਾਂ
ਮਾਂ...
ਮੈਂ ਬੇਜਾਨ ਨਹੀਂ ਹਾਂ
* * *

ਮੇਰੀ ਮਾਂ

ਹਰਜੀਤ ਸਿੰਘ ਰਤਨ
ਓਹੀ ਫ਼ਲ, ਫੁੱਲ, ਬਾਗ਼, ਬਗੀਚੇ
ਪਰ ਮਾਂ ਤੇਰੇ ਬਾਝੋਂ ਖਾਲੀ
ਓਹੀ ਗਲੀਚੇ ਅਤੇ ਦਰੀਚੇ
ਕੌਣ ਇਨ੍ਹਾਂ ਦਾ ਵਾਰਸ-ਵਾਲੀ

ਇੱਕ ਇੱਕ ਕਰਕੇ ਸੁਪਨਾ ਹੋ ਗਏ
ਬਾਪ ਸੀ ਰਾਜਾ ਮਾਂ ਸੀ ਰਾਣੀ
ਬਾਪ ਦੇ ਨਾਲ ਹੀ ਰਾਜਾ ਮਰਿਆ
ਮਾਂ ਦੇ ਨਾਲ ਹੀ ਮਰ ਗਈ ਰਾਣੀ

ਪਤਾ ਨਹੀਂ ਜਾ ਕਿੱਥੇ ਬਹਿ ਗਈ?
ਮੈਥੋਂ ਹੱਥ ਛੁਡਾ ਕੇ ਤੁਰ ਗਈ
ਸਾਰੀਆਂ ਖੁਸ਼ੀਆਂ ਨਾਲ ਹੀ ਲੈ ਗਈ
ਮਾਂ! ਤੂੰ ਕਿਹੜੇ ਮੋੜ ਤੋਂ ਮੁੜ ਗਈ?

ਕਿੰਨਾ ਸੁੰਨਾ! ਤੇਰੇ ਬਾਝੋਂ
ਤੇਰਾ ਘਰ ਤੇ ਤੇਰਾ ਵਿਹੜਾ
ਹੋਂਦ ਤੇਰੀ ਦੀ ਉਸ ਖੁਸ਼ਬੂ ਨੂੰ
ਦੱਸ ਹੁਣ ਮੋੜ ਲਿਆਊ ਕਿਹੜਾ?

ਰਾਜ਼ੀ ਰਹੋ ਤੇ ਧਰ ਧਰ ਭੁੱਲੋ
ਤੇਰੀਆਂ ਕਿੱਥੇ ਗਈਆਂ ਅਸੀਸਾਂ?
ਰਾਤਾਂ ਤੋਂ ਪ੍ਰਭਾਤਾਂ ਤੀਕਰ
ਰੋਮ ਰੋਮ ’ਚੋਂ ਉੱਠਦੀਆਂ ਚੀਸਾਂ

ਹੁਣ ਨੈਣਾਂ ਦੇ ਸਾਥੀ ਹੰਝੂ
ਇੱਕ ਦੂਜੇ ਨਾਲ ਗੱਲਾਂ ਕਰਦੇ
ਲੋੜ ਜਿਨ੍ਹਾਂ ਦੀ ਹੋਏ ਘਨੇਰੀ
ਉਹ ਕਿਉਂ ਏਨੀ ਕਾਹਲ਼ੀ ਕਰਦੇ

ਮਾਂ ਦੇ ਨਾਲ ਮਹਿਕਦਾ ਘਰ ਸੀ
ਖਿੜ ਜਾਂਦਾ ਸੀ ਚਾਰ ਚੁਫ਼ੇਰਾ
ਹੁਣ ਮਾਂ ਤੇਰੇ ਬਾਝੋਂ ਲੱਗਦਾ
ਚਾਰੇ ਪਾਸੇ ਘੁੱਪ ਹਨੇਰਾ

ਮਾਂ ਸੀ ਲੱਗਦਾ ਕੋਲ ਹੀ ਰੱਬ ਹੈ
ਮਾਂ ਦੇ ਨਾਲ ਸੀ ਹੱਸਦੇ ਗਾਉਂਦੇ
ਜੋ ਇੱਕ ਵਾਰੀ ਤੁਰ ਜਾਂਦੇ ਨੇ
ਫੇਰ ਕਦੇ ਪਰਤ ਨਹੀਂ ਆਉਂਦੇ

ਨੈਣਾਂ ਅੰਦਰ ਮਾਂ ਦੀਆਂ ਯਾਦਾਂ
ਹਰ ਦਮ ਗਿੱਲੇ ਰਹਿੰਦੇ ਕੋਏ
ਸਦਾ ਹੀ ਨੈਣ ਸਲ੍ਹਾਬੇ ਰਹਿੰਦੇ
ਮਾਂ ਦੇ ਨਾਲ ਹੀ ਸੁਪਨੇ ਮੋਏ

ਕਦਮ ਤੇਰੇ ਦੀ ਆਹਟ ਹੋਵੇ
ਮਨ ਨੂੰ ਪਲ ਪਲ ਪੈਣ ਭੁਲੇਖੇ
ਸ਼ਾਇਦ ਮਾਂ ਦਾ ਸਾਥ ਸੀ ਏਨਾ
ਇਹ ਕਰਮਾਂ, ਕਿਸਮਤ ਦੇ ਲੇਖੇ...
ਸੰਪਰਕ: 97819-00870

Advertisement
Advertisement