For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

12:06 PM May 26, 2024 IST
ਕਾਵਿ ਕਿਆਰੀ
Advertisement

ਸਿਜਦਾ...

ਤ੍ਰੈਲੋਚਨ ਲੋਚੀ

ਉਸਦੇ ਰੁਖ਼ਸਤ ਹੋਵਣ ਵੇਲੇ, ਅਜਬ ਜਿਹਾ ਹੀ ਮੰਜ਼ਰ ਤੱਕਿਆ!
ਸੱਭੇ ਚਿਹਰੇ ਮਿਲੇ ਉਦਾਸੇ, ਹਰ ਇੱਕ ਅੱਖ ਵਿੱਚ ਅੱਥਰ ਤੱਕਿਆ!
...
ਉਹ ਜੋ ਹਵਾ ’ਚ ਹਰਫ਼ ਸੀ ਲਿਖਦਾ, ਹਰਫ਼ਾਂ ਵਿੱਚ ਪਰਵਾਜ਼ ਸੀ ਭਰਦਾ!
ਹਵਾ ਵੀ ਮਿੱਠੜੀ ਹੇਕ ਸੀ ਲਾਉਂਦੀ, ਜਦ ਉਹ ਸੁਰ ਵਿੱਚ ਸਾਜ਼ ਸੀ ਕਰਦਾ!
...
ਉਸ ਦੇ ਸੱਚੇ ਸਿਦਕ ਦੇ ਦੇਖੇ, ਕਿੰਨੇ ਲੋਕ ਗਵਾਹ ਸੀ ਬਣਦੇ!
ਸੁਰ ਲਾਉਂਦਾ ਤਾਂ ਵਕਤ ਸੀ ਰੁਕਦਾ, ਤੁਰ ਪੈਂਦਾ ਤਾਂ ਰਾਹ ਸੀ ਬਣਦੇ!
...
ਗ਼ਜ਼ਲ ਸੀ ਉਸਦਾ ਦਰ ਖੜਕਾਉਂਦੀ, ਠੁਮਕ ਠੁਮਕ ਸੀ ਨਗ਼ਮੇ ਆਉਂਦੇ!
ਬਿਰਖ, ਬੰਸਰੀ, ਕੋਇਲ, ਵਾਇਲਨ, ਰਲਕੇ ਉਸਦੇ ਨਾਲ ਸੀ ਗਾਉਂਦੇ!
...
ਬੋਲ ਸੀ ਉਸਦੇ ਮਾਖਿਓਂ ਮਿੱਠੜੇ, ਤਨ ’ਤੇ ਸੀ ਲਫ਼ਜ਼ਾਂ ਦਾ ਬਾਣਾ!
ਲਫ਼ਜ਼ਾਂ ਦੀ ਦਰਗਾਹ ਹੀ ਤਾਹੀਓਂ, ਬਣਿਆ ਉਸਦਾ ਅਸਲ ਟਿਕਾਣਾ!
...
ਉਹ ਸ਼ਾਇਰ, ਦਰਵੇਸ਼ ਸੀ ਉਹ ਤਾਂ, ਉਸਦੀ ਸੀ ਹਰ ਸ਼ਾਮ ਸੰਧੂਰੀ!
ਚੁੱਪ ਚੁਪੀਤੇ ਰੁਖ਼ਸਤ ਹੋਇਆ, ਮੋਢੇ ਉੱਤੇ ਧਰ ਕੇ ਭੂਰੀ!
...
ਅੱਜ ਦੀ ਸ਼ਾਮ ਤੂੰ ਆਜੀਂ ਲੋਚੀ, ਮਨ ਦਾ ਕੁਝ ਸੱਖਣਾਪਣ ਭਰੀਏ!
ਚੱਲ ਜਗਾ ਦਈਏ ਮੋ’ਬੱਤੀਆਂ, ਸੱਚੇ ਕਵੀ ਨੂੰ ਸਿਜਦਾ ਕਰੀਏ!
ਸੰਪਰਕ: 98142-53315

Advertisement

ਸ਼ਾਇਰੀ ਦਾ ਸਮੁੰਦ

ਮਨਮੋਹਨ ਸਿੰਘ ਦਾਊਂ

ਕਵਿਤਾ ਦੀ ਸਰਸਵਤੀ ਨੂੰ
ਜਦੋਂ ਖ਼ਬਰ ਮਿਲੀ
ਕਿ ਕਵਿਤਾ ਦਾ ਸ਼ਾਹ ਸਵਾਰ
ਸੁਰਜੀਤ ਪਾਤਰ ਤੁਰ ਗਿਆ
ਧਰੂ-ਤਾਰਾ ਪੰਜਾਬੀ ਅਦਬ ਦਾ
ਤਾਂ ਨੈਣਾਂ ’ਚ ਬਾਲ ਕੇ ਦੀਵੇ
ਉਤਾਰਨ ਲੱਗੀ ਆਰਤੀ।
ਪੰਜਾਬੀ ਗ਼ਜ਼ਲ ਦੇ ਤਕੀਏ ਨੂੰ
ਜਦੋਂ ਪਤਾ ਲੱਗਿਆ ‘ਸੁਰ ਜ਼ਮੀਨ’ ਵਾਲਾ
ਮੇਰਾ ਹਮਰਾਜ਼ ‘ਪਾਤਰ’
ਬੋਲਦਾ ਚੁੱਪ ਹੋ ਗਿਆ ਹੈ
ਤਾਂ ਅਲਾਹੁਣੀਆਂ ਦਾ ਵਾਕ
ਲੈ ਬੈਠੀ ਗ਼ਜ਼ਲ ਹੰਝ ਭਰ ਕੇ।
ਜਦੋਂ ਬਿਰਖ਼ ਨੂੰ ਕਿਸੇ ਦੱਸਿਆ
ਤੇਰਾ ਸ਼ਾਇਰ ਪਾਤਰ ‘ਲਫ਼ਜ਼ਾਂ ਦੀ ਦਰਗਾਹ’ ਤੋਂ
ਉੱਠ ਗਿਆ ਛਾਵਾਂ ਨੂੰ ਛੱਡ
ਲੰਮੇ ਸਫ਼ਰ ਉੱਤੇ ਚੁੱਪ-ਚੁਪੀਤਾ
ਤਾਂ ਬਿਰਖ਼ ਦੇ ਪੱਤਰ ਰਿਸਣ ਲੱਗੇ
ਹੰਝੂਆਂ ਦੇ ਮੋਤੀ ਬਣ ‘ਬਿਰਖ਼ ਅਰਜ਼ ਕਰੇ’ ਸੁਣਨ ਲੱਗੇ।
ਵੰਝਲੀ ਦੇ ਕੰਨੀਂ ਜਦੋਂ ਖ਼ਬਰ ਪਹੁੰਚੀ
ਕਿ ਸੁਰੀਲੇ ਗੀਤ ਗਾਉਣ ਵਾਲਾ
ਪਾਤਰ ਖ਼ਾਮੋਸ਼ ਹੋ ਗਿਆ ਹੈ
ਤਾਂ ਸਾਰੀਆਂ ਸੁਰਾਂ ਨੇ ਵੈਰਾਗ ਦੀ ਧੁਨ ਛੇੜੀ।
ਪਿੰਡ ਪੱਤੜ ਕਲਾਂ ਜਦੋਂ
ਕਿਸੇ ਕਾਸਦ ਨੇ ਜਾ ਦੱਸਿਆ ‘ਹਵਾ ਵਿੱਚ ਲਿਖੇ ਹਰਫ਼’ ਵਾਲਾ
ਤੇਰਾ ਜਾਇਆ ‘ਪਾਤਰ’ ਪੂਰਾ ਹੋ ਗਿਆ ਹੈ
ਤਾਂ ਮਿੱਟੀ ਨੇ ਹਟਕੋਰਾ ਭਰਿਆ
ਤੇ ਪਿੰਡ ਡੁਸਕੀਆਂ ਲੈਣ ਲੱਗਾ
ਚੁੱਲ੍ਹਿਆਂ ਅੱਗ ਨਾ ਬਾਲੀ।
‘ਹਨੇਰੇ ਵਿੱਚ ਸੁਲਗਦੀ ਵਰਣਮਾਲਾ’
ਸ਼ਾਇਰੀ ਦੀ ਜੋਤ ਬਣ ਡਿਊਟ ’ਤੇ ਜਗਣ ਲੱਗੀ।
ਸ਼ਹਿਰ ਲੁਧਿਆਣੇ ਪੌਣਾਂ ’ਚ
ਜਦੋਂ ‘ਪਾਤਰ’ ਦੇ ਤੁਰਨ ਦੀ ਖ਼ਬਰ ਫੈਲੀ
ਕਾਲੀ ਘਟਾ ਛਾਈ, ਸ਼ਮ੍ਹਾਂਦਾਨ ਰੋਣ ਲੱਗੇ
ਸੂਰਜ ਨੇ ਬੂਹੇ ਨੂੰ ਮੋਢਾ ਦਿੱਤਾ
ਅੰਬਰ ਨੇ ਘਰ ਦੇ ਅੱਥਰੂ
ਬਦਲੋਟੀ ਦੇ ਲੜ ਨਾਲ ਪੂੰਝੇ।
ਸਾਹਿਤ ਤੇ ਸਭਿਆਚਾਰ ਸੱਥਾਂ ’ਚ
‘ਪਾਤਰ’ ਦੀ ਸੋਗੀ ਖ਼ਬਰ
ਜਦ ਸੱਚ ਹੋਈ -
ਸਭ ਕੁਝ ਸੁੰਨ ਹੋ ਗਿਆ
ਸੱਥਰ ਵਿਛਣ ਵਾਂਗੂ
ਗੱਲਾਂ ਹੋਣ ਲੱਗੀਆਂ:
ਕਵਿਤਾ ਦਾ ਸੂਰਜ ਅਸਤ ਹੋ ਗਿਆ ਹੈ।
ਡੂੰਘੇ ਖੂਹ ਦਾ ਨਿਰਮਲ ਪਾਣੀ
ਕਵਿਤਾ ਦੀ ਲੱਜ ਦਾ ਸਹਿਜ ਚਿੰਤਨ
ਕੌਣ ਕੱਢੇਗਾ ਡੋਲ ਭਰ-ਭਰ ਕੇ।
ਮਾਧੁਰੀ ਦੇ ਪਿਓ ਨੰਦ ਕਿਸ਼ੋਰ ਨੂੰ
ਜਦੋਂ ‘ਪਾਤਰ’ ਦੇ ਤੁਰ ਜਾਣ ਦੀ ਖ਼ਬਰ ਸੁਣੀ
ਤਾਂ ਮਾਧੁਰੀ ਨੇ ਕਾਪੀ ’ਚ ਲਿਖਿਆ:
ਮੈਨੂੰ ਮਾਂ-ਬੋਲੀ ਪੰਜਾਬੀ
ਬਹੁਤ ਪਿਆਰੀ ਹੈ।
ਰਾਤ-ਦਿਵਸ ਦੇ ਗਿੜਦੇ ਪਲ -
ਧੰਮੀ, ਸਰਘੀ, ਪ੍ਰਭਾਤ, ਛਾਹ ਵੇਲਾ,
ਦੁਪਹਿਰ, ਤੀਜਾ ਪਲ, ਆਥਣ, ਸੰਧਿਆ, ਹਨੇਰਾ
‘ਪਾਤਰ’ ਦੀਆਂ ਪੋਥੀਆਂ ਪੜ੍ਹਨ ਲੱਗੇ।
ਆਵਾਜ਼ ਆ ਰਹੀ ਸੀ:
“ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮ੍ਹਾਂਦਾਨ ਕੀ ਕਹਿਣਗੇ।”
ਲੋਕਾਂ ਨੂੰ ਜਗਾਉਣ ਦਾ ਕਰਮ ਕਰ
ਆਪ ਖ਼ਾਮੋਸ਼ ਹੋ ਗਿਆ ‘ਪਾਤਰ’।।
ਸੰਪਰਕ: 98151-23900

Advertisement
Author Image

sukhwinder singh

View all posts

Advertisement
Advertisement
×