ਕਾਵਿ ਕਿਆਰੀ
ਬਾਬਾ ਬੋਹੜ
ਸੁਖਵਿੰਦਰ ਸਿੰਘ ਨੂਰਪੁਰੀ
ਸਾਹਿਤ ਦੀ ਧਰਤੀ ’ਤੇ ਜਿਸ ਨੇ,
ਇੰਦਰ ਬਣ ਬੁਛਾੜਾਂ ਲਾਈਆਂ
ਚੁੰਮਾਂ ਉਨ੍ਹਾਂ ਰਾਹਵਾਂ ਨੂੰ ਮੈਂ,
ਜਿਨ੍ਹੀਂ ਰਾਹੀਂ ਪੈੜਾਂ ਪਾਈਆਂ
ਕਿੰਝ ਖਲਾਅ ਹੋਏਗਾ ਪੂਰਾ
ਕਿੰਝ ਹੋਏਗੀ ਪੂਰੀ ਥੋੜ
ਮੌਤ ਰਾਣੀ ਨੇ ਖੋਹ ਲਿਆ ਸਾਥੋਂ
ਸਾਹਿਤ ਦਾ ਇੱਕ ਬਾਬਾ ਬੋਹੜ...
ਅੱਜ ਇੱਕ ਯੁੱਗ, ਅਤੀਤ ਹੋ ਗਿਆ
ਅਮਰ ਹੈ ਹਰ ਉਹ ਗੀਤ ਹੋ ਗਿਆ
ਜਿਹੜਾ ਉਸਦੀ ਕਲਮ ਨੇ ਲਿਖਿਆ
ਲਿਖ ਸਕਦਾ ਨਾ ਕੋਈ ਹੋਰ
ਮੌਤ ਰਾਣੀ ਨੇ ਖੋਹ ਲਿਆ ਸਾਥੋਂ,
ਸਾਹਿਤ ਦਾ ਇੱਕ ਬਾਬਾ ਬੋਹੜ...
ਤੁਰ ਗਿਆ ‘ਪਾਤਰ’ ਪੱਤਰੇ ਰੋਏ
ਕਲਮ, ਦਵਾਤਾਂ, ਪੈੱਨ ਵੀ ਮੋਏ
ਹਰ ਇੱਕ ਦੇ ਨਮ ਹੋਏ ਕੋਏ
ਮਾਂ ਬੋਲੀ ਦੇ ਪੁੱਤ ਨੂੰ ਤੋਰ
ਮੋਤ ਰਾਣੀ ਨੇ ਖੋਹ ਲਿਆ ਸਾਥੋਂ
ਸਾਹਿਤ ਦਾ ਇੱਕ ਬਾਬਾ ਬੋਹੜ...
ਇੰਝ ਲੱਗਦਾ ਹੈ, ਪੱਤਝੜ ਆ ਗਈ
ਹੁਣ ਅਗਲੀ ਰੁੱਤ ਦਾ ਕਰੋ ਯਕੀਨ
ਲੈਣ ਗਿਆ ਹੈ ‘ਪਾਤਰ’ ਕਲਮਾਂ
ਤੁਸੀਂ ਫੁੱਲਾਂ ਜੋਗੀ ਰੱਖੋ ਜ਼ਮੀਨ
‘ਨੂਰਪੁਰੀ’ ਦੀ ਕਲਮ ਦੇ ਹੰਝੂ,
ਵਹਿੰਦੇ ਜਾਂਦੇ ਜ਼ੋਰੋ ਜ਼ੋਰ
ਮੌਤ ਰਾਣੀ ਨੇ ਖੋਹ ਲਿਆ ਸਾਥੋਂ
ਸਾਹਿਤ ਦਾ ਇੱਕ ਬਾਬਾ ਬੋਹੜ...।
ਧਰਮ ਦੀ ਪੈਰੋਕਾਰ ਨੂੰ ਅਰਜ਼ੋਈ
ਸਿਮਰਜੀਤ ਕੌਰ ਗਰੇਵਾਲ
ਜੇ ਤੂੰ ਮੇਰਾ ਪੈਰੋਕਾਰ।
ਸੁਣ ਲੈ ਮੇਰੀ ਦਿਲੀ ਪੁਕਾਰ।
ਮੈਨੂੰ ਸਿਆਸਤ ਵਰਤ ਰਹੀ,
ਮੱਚ ਗਈ ਹੈ ਹਾਹਾਕਾਰ।
ਮੈਂ ਤਖ਼ਤ ਦਾ ਪਾਵਾ ਬਣਿਆ,
ਮੇਰੇ ਉੱਤੇ ਪਾਇਆ ਭਾਰ।
ਲਾ ਦਿੱਤਾ ਹੈ ਖੋਰਾ ਮੈਨੂੰ,
ਪੈਂਦੀ ਜਾਂਦੀ ਭੈੜੀ ਮਾਰ।
ਮੇਰੇ ਨਾਂ ’ਤੇ ਵੰਡਾਂ ਪਾਈਆਂ,
ਸਾਂਝਾਂ ਹੋਈਆਂ ਦਰਕਿਨਾਰ।
ਰਾਜੇ ਨੂੰ ਇਹ ਰਾਸ ਆ ਗਿਆ,
ਪਰ ਮੈਂ ਰੋਵਾਂ ਜ਼ਾਰੋ-ਜ਼ਾਰ।
ਰਾਜੇ ਨੂੰ ਬਸ ਤਾਜ ਪਿਆਰਾ,
ਪਰਜਾ ਨਾਲ ਨਹੀਂ ਹੈ ਪਿਆਰ।
ਮੈਨੂੰ ਢਾਲ਼ ਬਣਾਕੇ ਹੀ ਉਹ,
ਗੱਦੀ ਲੋਚੇ ਵਾਰੋ-ਵਾਰ।
ਸੱਚ ਦੀ ਕੋਈ ਕਦਰ ਨਹੀਂ,
ਬਣਿਆ ਇਹ ਕੈਸਾ ਦਰਬਾਰ।
ਧਰਮੀ ਰਾਜਾ ਉਹੀ ਹੁੰਦਾ,
ਪਰਜਾ ਦੀ ਜੋ ਲੈਂਦਾ ਸਾਰ।
ਜੇ ਹਾਲੇ ਵੀ ਅੱਖ ਨਾ ਖੋਲ੍ਹੀ,
ਹੋਏਂਗਾ ਤੂੰ ਬਹੁਤ ਖ਼ੁਆਰ।
ਇਕਜੁੱਟਤਾ, ਇਕਮੁੱਠਤਾ ਦਾ,
ਤਹਿਦਿਲੋਂ ਤੂੰ ਕਰ ਸਤਿਕਾਰ।
ਭੁੱਲਕੇ ਲਾਈਲੱਗ ਬਣੀ ਨਾ,
ਕਰ ਲੈ ਬਹਿਕੇ ਸੋਚ-ਵਿਚਾਰ।
ਸਮਝ ਨਾ ਆਵੇ, ਕੀਹਤੋਂ ਪੁੱਛਾਂ?
ਕਿਉਂ ਬਦਲੀ ਹੈ ਮੇਰੀ ਨੁਹਾਰ?
ਮੈਂ ਤਾਂ ਸਭ ਨੂੰ ਦੇਣਾ ਚਾਹਾਂ,
ਦਿਲੀ-ਦੁਆਵਾਂ, ਦਿਲੀ-ਪਿਆਰ।
ਮੇਰੇ ਨਾਂ ’ਤੇ ਉੱਸਰੇ ਕਾਹਤੋਂ?
ਨਫ਼ਰਤ ਦਾ ਇਹ ਕਾਰੋਬਾਰ।
ਝੋਰਾ ਮੈਨੂੰ ਖਾਈ ਜਾਵੇ,
ਕਿੰਝ ਹੋਊਗਾ ਬੇੜਾ ਪਾਰ?
ਹਾਲੇ ਵੀ ਜੇ ਗ਼ੌਰ ਨਾ ਕੀਤੀ,
ਡੁੱਬੇਂਗਾ ਤੂੰ ਅੱਧ-ਵਿਚਕਾਰ।
ਉਹ ਮੇਰਾ ਹੋ ਸਕਦਾ ਨਾਹੀਂ,
ਕਰਦਾ ਹੈ ਜੋ ਕੂੜ ਵਪਾਰ।
ਉਹ ਮੇਰਾ ਹੋ ਸਕਦਾ ਨਾਹੀਂ,
ਜਿਸਦੇ ਸਿਰ ਨੂੰ ਚੜ੍ਹੇ ਹੰਕਾਰ।
ਮੁੜ-ਮੁੜ ਤੈਨੂੰ ਆਖ ਰਿਹਾ ਮੈਂ,
ਗੱਲ ਮੇਰੀ ਨਾ ਦੇਈਂ ਵਿਸਾਰ।
ਸੋਚ-ਸਮਝ ਕੇ ਲਈਂ ਫ਼ੈਸਲਾ,
ਕਰ ਮੇਰੇ ਨਾਲ ਇਹ ਇਕਰਾਰ।
ਜੇ ਤੂੰ ਚਾਹੁੰਨੈਂ ਖੁਸ਼ਹਾਲੀ ਨੂੰ,
ਜੇ ਤੂੰ ਚਾਹੁੰਨੈਂ ਰੁੱਤ-ਬਹਾਰ।
ਜੇ ਤੂੰ ਚਾਹੁੰਨੈਂ ਖ਼ੂਬ ਤਰੱਕੀ,
ਲੱਭਣਾ ਚਾਹੁੰਨੈਂ ਜੇ ਰੁਜ਼ਗਾਰ।
ਜੇ ਚਾਹੇਂ ਇੱਕ ਸੋਹਣੀ ਜ਼ਿੰਦਗੀ,
ਜਿਸਦਾ ਹੋਵੇ ਉੱਚ-ਮਿਆਰ।
ਤਾਂ ਚਾਨਣ ਦੇ ਨਾਲ ਖਲੋ ਜਾ,
ਨੇਰ੍ਹੇ ਨੂੰ ਫਿਰ ਦੇਈਂ ਨਕਾਰ।
ਦੁਨੀਆ ਵੀ ਜਸ ਤੇਰਾ ਗਾਊ,
‘ਸਿਮਰ’ ਤੇਰੇ ਤੋਂ, ਹੈ ਬਲਿਹਾਰ।
ਸੰਪਰਕ: 98151-98121