ਕਾਵਿ ਕਿਆਰੀ
ਸਿਆਸਤ ਦੇ ਫੁੱਲ
ਹਰਦਮ ਮਾਨ
ਭਾਵੇਂ ਦਿਸਦੇ ਰੰਗ ਬਿਰੰਗੇ ਫੁੱਲ ਸਿਆਸਤ ਦੇ
ਅੰਦਰ ਰੰਗ ਤਾਂ ਇੱਕੋ ਹੁੰਦੈ ਕੁੱਲ ਸਿਆਸਤ ਦੇ
ਭੁੱਲ ਜਾ ਬਾਬਾ ਸੇਵਾ-ਸੂਵਾ, ਵੇਲਾ ਬੀਤ ਗਿਆ
ਪੈਂਦੇ ਨੇ ਹੁਣ ਵੱਡੇ ਵੱਡੇ ਮੁੱਲ ਸਿਆਸਤ ਦੇ
ਨੇਤਾ ਲੋਕ ਤਾਂ ਪੂਜਾ ਕਰਦੇ ਕੁਰਸੀ ਰਾਣੀ ਦੀ
ਝੱਲੇ ਲੋਕੀਂ ਚੁੱਕੀ ਫਿਰਦੇ ਝੁੱਲ ਸਿਆਸਤ ਦੇ
ਦੋਧੀ ਛੱਲੀਆਂ ਚੂੰਡ ਨੇ ਲੈਂਦੇ ਇਹ ਉਹ ਤੋਤੇ ਨੇ
ਲੋਕਾਂ ਦੇ ਤਾਂ ਪੱਲੇ ਪੈਂਦੇ ਗੁੱਲ ਸਿਆਸਤ ਦੇ
ਨਫ਼ਰਤ, ਹਿੰਸਾ, ਧੋਖਾ, ਠੱਗੀ, ਥਾਂ ਥਾਂ ਝੂਠ ਫ਼ਰੇਬ
ਇਹ ਸਾਰੇ ਹੀ ਗਹਿਣੇ ਨੇ ਅਣਮੁੱਲ ਸਿਆਸਤ ਦੇ
ਸਾਹਿਤ, ਸੇਵਾ, ਸਿਹਤ, ਸਿੱਖਿਆ, ਗੱਲ ਕੀ ਸ਼ੋਹਬੇ ਸਭ
ਫਿਰ ਹੀ ਰੁੜ੍ਹਦੇ ਨੇ ਜਦ ਲੱਗਣ ਟੁੱਲ ਸਿਆਸਤ ਦੇ
ਤਾਕਤ, ਹੈਂਕੜ, ਰੁਤਬਾ, ਸ਼ੁਹਰਤ ਸੁਸਰੀ ਬਣ ਸੌਂ ਜਾਣ
ਦੌਲਤ ਵਾਲੇ ਸਿਉਂ ਦਿੰਦੇ ਨੇ ਬੁੱਲ੍ਹ ਸਿਆਸਤ ਦੇ
ਸੂਝ, ਸਿਆਣਪ, ਨੀਅਤ, ਨੀਤੀ, ਇਨ੍ਹਾਂ ਦੀ ਕੀ ਲੋੜ
‘ਮਾਨ’ ਕਵੀ ਜਦ ਬੰਨ੍ਹਦੇ ਰਹਿਣ ਪੜੁੱਲ ਸਿਆਸਤ ਦੇ
ਸੰਪਰਕ: 1-604-308-6663
ਗ਼ਜ਼ਲ
ਜਗਤਾਰ ਪੱਖੋ
ਮੁਕੰਮਲ ਹੋਣ ਲਈ ਸੱਜਣ, ਹੋ ਪੱਬਾਂ ਭਾਰ ਆਇਆ ਹੈ।
ਜਿਵੇਂ ਪਾਣੀ ਨਦੀ ਦੇ ਕੰਢਿਆਂ ਤੋਂ, ਪਾਰ ਆਇਆ ਹੈ।
ਗਿਆ ਸੀ ਅੰਬਰਾਂ ਉੱਤੇ, ਖ਼ਰੀਦਣ ਪੀਂਘ ਰੰਗਾਂ ਦੀ,
ਉਹ ਦਿਲਬਰ ਜਾਪਦਾ ਸੰਵੇਦਨਾ ਹੀ, ਮਾਰ ਆਇਆ ਹੈ।
ਜੋ ਇਸਪਾਤ ਦਾ ਬਣਿਆ, ਤੇ ਗਹਿਰਾ ਸੀ ਸਮੁੰਦਰ ਤੋਂ,
ਮਾਮੂਲੀ ਰੁਤਬਿਆਂ ਖ਼ਾਤਰ, ਕਿਵੇਂ ਸਿਰ ਹਾਰ ਆਇਆ ਹੈ।
ਬੇਗਾਨੇ ਰਸਤਿਆਂ ਉੱਤੇ ਜੋ ਤੁਰਿਆ ਸੀ ਕਦੇ ਯਾਰੋ,
ਗਵਾਏ ਪੈਰ ਉਸ ਅਪਣੇ, ਤੇ ਮੁੜ ਸਿਰ ਭਾਰ ਆਇਆ ਹੈ।
ਜਜ਼ੀਰੇ ਦਾ ਬਾਸ਼ਿੰਦਾ ਜੋ, ਅਸਰ ਜਿਸ ’ਤੇ ਸਮੁੰਦਰ ਦਾ,
ਮੁਹੱਬਤ ਦੀ ਜਗ੍ਹਾ ਤੇ ਦਿਲ ’ਚ ਲੈ ਕੇ ਖਾਰ ਆਇਆ ਹੈ।
ਅਜ਼ਲ ਤੋਂ ਪੰਡ ਚੁੱਕੀ ਹੈ, ਜਨਮ ਤੋਂ ਢੋਅ ਰਿਹਾ ਰਿਸ਼ਤੇ,
ਮਨੁੱਖੀ ਜੂਨ ਅੰਦਰ ਧੌਲ ਬਣ, ਜਗਤਾਰ ਆਇਆ ਹੈ।
ਸੰਪਰਕ: 94651-96946
* * *
ਸਿਨੇਮਾਘਰ ਤੇ ਮੁਖਤਿਆਰਾ
ਗੁਰਦਿੱਤ ਸਿੰਘ ਸੇਖੋਂ
ਅੱਜ ਸਿਨੇਮਾਘਰਾਂ ਵਿੱਚ ਫਿਲਮ ਲੱਗੀ ਹੈ
ਮਜ਼ਦੂਰਾਂ ਬਾਰੇ
ਮਜ਼ਦੂਰਾਂ ਦੇ ਹੱਕਾਂ ਬਾਰੇ
ਸ਼ਹਿਰ ਦੇ ਲਾਲੇ ਗਏ ਨੇ
ਫਿਲਮ ਦੇਖਣ
ਪਿੰਡ ਦੇ ਜ਼ਿਮੀਂਦਾਰ ਗਏ ਨੇ
ਫਿਲਮ ਦੇਖਣ
ਸਿਨੇਮਾਘਰਾਂ ਦਾ ਇਕੱਠ ਦੱਸਦਾ ਕਿ
ਫਿਲਮ ਹਿੱਟ ਜਾਵੇਗੀ
ਪਰ ਮੁਖਤਿਆਰਾ ਨਹੀਂ ਗਿਆ
ਫਿਲਮ ਦੇਖਣ
ਅੱਜ ਉਹ ਦਿਹਾੜੀ ’ਤੇ ਹੈ
ਕਿਸੇ ਫਿਲਮ ਸਟਾਰ ਦੀ ਹਵੇਲੀ ਦੀ ਉਸਾਰੀ ’ਤੇ
ਫਿਲਮ ਮੁਖਤਿਆਰੇ ਤੋਂ ਬਿਨਾਂ ਵੀ ਹਿੱਟ ਜਾਵੇਗੀ
ਕਿਉਂਕਿ ਫਿਲਮ ਨੂੰ ਦਰਸ਼ਕ ਚਾਹੀਦੇ ਨੇ
ਮਜ਼ਦੂਰ ਨਹੀਂ।
ਸੰਪਰਕ: 97811-72781