ਕਾਵਿ ਕਿਆਰੀ
ਗ਼ਜ਼ਲ
ਬਲਬੀਰ ਕੌਰ ਬੱਬੂ ਸੈਣੀ
ਤੁਹਾਡੀ ਸੋਚ ਨੂੰ ਸਿਜਦਾ ਤੇ ਸ਼ਿੱਦਤ ਨੂੰ ਸਲਾਮਾਂ ਨੇ।
ਤੁਸੀਂ ਜੋ ਦੇਸ਼ ਨੂੰ ਕੀਤੀ ਮੁਹੱਬਤ ਨੂੰ ਸਲਾਮਾਂ ਨੇ।
ਲਗਾਈ ਜਾਨ ਦੀ ਬਾਜ਼ੀ ਬਿਨਾਂ ਝਿਜਕੇ ਬਿਨਾਂ ਡੋਲੇ,
ਪਵਿੱਤਰ, ਪਾਕ ਤੇ ਨਿਰਮਲ ਇਬਾਦਤ ਨੂੰ ਸਲਾਮਾਂ ਨੇ।
ਚੁਕਾਈ ਹੀ ਨਹੀਂ ਜਾਣੀ ਅਸਾਂ ਤੋਂ ਇਹ ਯੁਗਾਂ ਤਾਈਂ
ਅਦਾ ਕੀਤੀ ਆਜ਼ਾਦੀ ਲਈ ਜੋ ਕੀਮਤ ਨੂੰ ਸਲਾਮਾਂ ਨੇ।
ਤੁਸੀਂ ਚੜ੍ਹਦੀ ਜਵਾਨੀ ਨੂੰ ਵਤਨ ਦੇ ਨਾਮ ਲਾ ਦਿੱਤਾ
ਲਾਸਾਨੀ ਆਪ ਦੀ ਵੀਰੋ ਸ਼ਹਾਦਤ ਨੂੰ ਸਲਾਮਾਂ ਨੇ।
ਸੰਪਰਕ: 84372-11036
ਧਰਮ ਦੀ ਆਪਣੇ ਪੈਰੋਕਾਰ ਨੂੰ ਅਰਜ਼ੋਈ
ਸਿਮਰਜੀਤ ਕੌਰ ਗਰੇਵਾਲ
ਜੇ ਤੂੰ ਮੇਰਾ ਪੈਰੋਕਾਰ,
ਤਾਂ ਫਿਰ, ਸੁਣ ਲੈ ਮੇਰੀ ਪੁਕਾਰ।
ਮੈਨੂੰ ਸਿਆਸਤ ਵਰਤ ਰਹੀ,
ਮੱਚ ਗਈ ਹੈ ਹਾਹਾਕਾਰ।
ਮੈਂ ਤਖ਼ਤ ਦਾ ਪਾਵਾ ਬਣਿਆ,
ਮੇਰੇ ਉੱਤੇ ਪਾਇਆ ਭਾਰ।
ਲਾ ਦਿੱਤਾ ਹੈ ਖੋਰਾ ਮੈਨੂੰ,
ਪੈਂਦੀ ਜਾਂਦੀ ਭੈੜੀ ਮਾਰ।
ਮੇਰੇ ਨਾਂ ’ਤੇ ਵੰਡਾਂ ਪਾਈਆਂ,
ਸਾਂਝਾਂ ਹੋਈਆਂ ਤਾਰੋ-ਤਾਰ।
ਰਾਜੇ ਨੂੰ ਇਹ ਰਾਸ ਆ ਗਿਆ,
ਪਰ ਮੈਂ ਰੋਵਾਂ ਜ਼ਾਰੋ-ਜ਼ਾਰ।
ਰਾਜੇ ਨੂੰ ਬਸ ਤਾਜ ਪਿਆਰਾ,
ਪਰਜਾ ਨਾਲ ਨਹੀਂ ਹੈ ਪਿਆਰ।
ਮੈਨੂੰ ਢਾਲ਼ ਬਣਾ ਕੇ ਹੀ ਉਹ,
ਗੱਦੀ ਲੋਚੇ ਵਾਰੋ-ਵਾਰ।
ਸੱਚ ਦੀ ਕੋਈ ਕਦਰ ਨਹੀਂ,
ਬਣਿਆ ਇਹ ਕੈਸਾ ਦਰਬਾਰ।
ਧਰਮੀ ਰਾਜਾ ਉਹੀ ਹੁੰਦਾ,
ਪਰਜਾ ਦੀ ਜੋ ਲੈਂਦਾ ਸਾਰ।
ਜੇ ਹਾਲੇ ਵੀ ਅੱਖ ਨਾ ਖੋਲ੍ਹੀ,
ਹੋਏਂਗਾ ਤੂੰ ਬਹੁਤ ਖ਼ੁਆਰ।
ਇਕਜੁੱਟਤਾ ਇਕਮੁੱਠਤਾ ਦਾ,
ਤਹਿ ਦਿਲੋਂ ਤੂੰ ਕਰ ਸਤਿਕਾਰ।
ਭੁੱਲ ਕੇ ਲਾਈਲੱਗ ਬਣੀਂ ਨਾ,
ਕਰ ਲੈ ਬਹਿਕੇ ਸੋਚ-ਵਿਚਾਰ।
ਕੀਹਦੇ ਕੋਲੋਂ ਜਾ ਕੇ ਪੁੱਛਾਂ?
ਕਿਉਂ ਬਦਲੀ ਹੈ ਮੇਰੀ ਨੁਹਾਰ
ਮੇਰੇ ਨਾਂ ਤੇ ਉੱਸਰੇ ਕਾਹਤੋਂ,
ਨਫ਼ਰਤ ਦਾ ਇਹ ਕਾਰੋਬਾਰ?
ਝੋਰਾ ਮੈਨੂੰ ਖਾਈ ਜਾਵੇ,
ਕਿੰਝ ਹੋਊਗਾ ਬੇੜਾ ਪਾਰ?
ਹਾਲੇ ਵੀ ਜੇ ਗ਼ੌਰ ਨਾ ਕੀਤੀ,
ਡੁੱਬੇਂਗਾ ਤੂੰ ਅੱਧ ਵਿਚਕਾਰ।
ਉਹ ਮੇਰਾ ਹੋ ਸਕਦਾ ਨਾਹੀਂ,
ਕਰਦਾ ਹੈ ਜੋ ਕੂੜ ਵਪਾਰ।
ਉਹ ਮੇਰਾ ਹੋ ਸਕਦਾ ਨਾਹੀਂ,
ਜਿਸਨੂੰ ਭਾਉਂਦਾ ਹੈ ਹੰਕਾਰ।
ਮੁੜ-ਮੁੜ ਤੈਨੂੰ ਆਖ ਰਿਹਾ ਮੈਂ,
ਗੱਲ ਮੇਰੀ ਨਾ ਦੇਈਂ ਵਿਸਾਰ।
ਸੋਚ-ਸਮਝ ਕੇ ਲਈਂ ਫ਼ੈਸਲਾ,
ਕਰ ਮੇਰੇ ਨਾਲ ਇਹ ਇਕਰਾਰ।
ਜੇ ਤੂੰ ਚਾਹੁੰਨੈਂ ਖੁਸ਼ਹਾਲੀ ਨੂੰ,
ਜੇ ਤੂੰ ਚਾਹੁੰਨੈਂ ਰੁੱਤ ਬਹਾਰ।
ਜੇ ਤੂੰ ਚਾਹੁੰਨੈਂ ਖ਼ੂਬ ਤਰੱਕੀ,
ਲੱਭਣਾ ਚਾਹੁੰਨੈਂ ਜੇ ਰੁਜ਼ਗਾਰ।
ਜੇ ਚਾਹੇਂ ਇੱਕ ਸੋਹਣਾ ਜੀਵਨ,
ਜਿਸ ਦਾ ਹੋਵੇ ਉੱਚ-ਮਿਆਰ।
ਤਾਂ ਚਾਨਣ ਦੇ ਨਾਲ ਖੜ੍ਹੋ ਜਾ,
ਨੇਰ੍ਹੇ ਨੂੰ ਫਿਰ ਦੇਈਂ ਨਕਾਰ।
ਦੁਨੀਆ ਵੀ ਜਸ ਤੇਰਾ ਗਾਊ,
‘ਸਿਮਰ’ ਤੇਰੇ ਤੋਂ ਹੈ ਬਲਿਹਾਰ।
ਸੰਪਰਕ: 98151-98121
ਧਰਤੀ ਪੰਜਾਬ ਦੀ
ਸੱਤਪਾਲ ਸਿੰਘ ਦਿਓਲ
ਇਧਰੋਂ ਉੱਧਰ ਭੱਜਦੇ ਪਏ ਹੋ ਕਦੇ ਕਰੋ ਗੱਲ ਪੰਜਾਬ ਦੇ ਸੁੱਖਾਂ ਦੀ
ਜਵਾਨੀ ਨਸ਼ਿਆਂ ਤੋਂ ਮੋੜੋ ਸੋਚ ਕਰੋ ਸੁੰਨੀਆਂ ਹੁੰਦੀਆਂ ਕੁੱਖਾਂ ਦੀ
ਆਪਣੇ ਹੱਥੀਂ ਧੀਆਂ ਪੁੱਤਰ ਤੋਰੇ ਜਿਨ੍ਹਾਂ ਬਦਨਸੀਬ ਮਾਪਿਆਂ ਨੇ
ਵੰਡਾ ਕੇ ਉਦਾਸੀਆਂ ਹੁਣ ਕਦਰ ਪਾ ਲਓ ਉਨ੍ਹਾਂ ਦੀਆਂ ਚੁੱਪਾਂ ਦੀ
ਪੱਥਰਾਂ ਦੇ ਘਰਾਂ ’ਚ ਰਹਿ ਕੇ ਕਿੰਨਾ ਚਿਰ ਠੰਢ ਮਹਿਸੂਸ ਕਰੋਗੇ
ਕਦੇ ਲੋੜ ਜ਼ਰੂਰ ਪਵੇਗੀ ਠੰਢੀ ਛਾਂ ਵਾਲੇ ਆਪਣੇ ਹੀ ਰੁੱਖਾਂ ਦੀ
ਇਸ ਰੁੱਤ ਵਿੱਚ ਹਰ ਪਿੰਡ ਦੀਆਂ ਗਲੀਆਂ ਸੁੰਨੀਆਂ ਸੁੰਨੀਆਂ ਨੇ
ਦਰਦ ਭਰੀ ਕਹਾਣੀ ਹੈ ਦਿੱਲੀਓਂ ਜਹਾਜ਼ ਚੜ੍ਹਾਏ ਧੀਆਂ ਪੁੱਤਾਂ ਦੀ
ਕੁਰਸੀ ਵਾਸਤੇ ਫ਼ਸਲ ਉਜਾੜਨ ਤੋਂ ਪਹਿਲਾਂ ਹੀ ਸੋਚੀਂ ਸਿਆਸਤੇ
ਫ਼ਸਲ ਲਈ ਤਾਂ ਗਰਮੀ ਹੈ ਸਹਿਣੀ ਪੈਂਦੀ ਹਾੜ ਦੀਆਂ ਧੁੱਪਾਂ ਦੀ
ਧਰਤੀ ਮੇਰੇ ਪੰਜਾਬ ਦੀ ਸੋਨੇ ਰੰਗੀ ਹੈ ਤੇ ਰੰਗਾਂ ਵਿੱਚ ਵੱਸਦੀ ਰਹੇ
ਦੁਆ ਹੈ ਗ਼ਰੀਬ ਨੂੰ ਰੋਟੀ ਮਿਲੇ ਲੋੜ ਪਵੇ ਨਾ ਨੇਤਾ ਦੇ ਬੁੱਤਾਂ ਦੀ
ਸੰਪਰਕ: 98781-70771