ਕਾਵਿ ਕਿਆਰੀ
ਗ਼ਜ਼ਲ
ਅਮਰਜੀਤ ਸਿੰਘ ਵੜੈਚ
ਆਖ਼ਰ ਨੂੰ ਤੇ ਸਭ ਨੇ ਯਾਰੋ ਮਰਨਾ ਹੈ
ਦੁੱਕੀ-ਤਿੱਕੀ ਕੋਲ਼ੋਂ ਫਿਰ ਕਿਉਂ ਡਰਨਾ ਹੈ
ਅੱਖ ਤੇਰੀ ਦਾ ਹਰ ਇੱਕ ਹੰਝੂ ਮੈਨੂੰ ਤੇ
ਲੱਖ ਸਮੁੰਦਰਾਂ ਵਾਂਗੂੰ ਪੈਣਾ ਤਰਨਾ ਹੈ
ਫ਼ਸਲਾਂ ਤੇ ਨਸਲਾਂ ਦੀ ਰਾਖੀ ਲਈ ਆਖ਼ਰ
ਸੀਸ ਤਲ਼ੀ ’ਤੇ ਸਾਨੂੰ ਪੈਣਾ ਧਰਨਾ ਹੈ
ਸਨਮਾਨਾਂ ਦੀ ਖ਼ਾਤਰ ਜੇ ਹੁਣ ਚੁੱਪ ਰਿਹਾ
ਵਾਰਸ ਤੇਰਿਆਂ ਨੇ ਜੁਰਮਾਨਾ ਭਰਨਾ ਹੈ
ਹਾਕਮ ਹੈਂ ਤੂੰ ਸਾਡਾ ਤਾਂ ਫਿਰ ਕੀ ਕਰੀਏ
ਇੱਕ ਦਿਨ ਤੂੰ ਵੀ ਮੌਤ ਦੇ ਮੂਹਰੇ ਹਰਨਾ ਹੈ
ਹੱਦ ਮੁਕਾਤੀ ਜ਼ੁਲਮ ਦੀ ਰਾਜੇ ਨੇ ਯਾਰੋ
ਹੋਰ ਭਲਾ ਕਿੰਨਾ ਚਿਰ ਏਹਨੂੰ ਜਰਨਾ ਹੈ
ਹਾਲੇ ਵੀ ਪਏ ਭਗਤ ਸਰਾਭੇ ਲੱਭਦੇ ਓ
ਦੱਸੋ ਫੇਰ ਤੁਸੀਂ ਏਥੇ ਕੀ ਕਰਨਾ ਹੈ
ਅੱਖਰਾਂ ਦਾ ਵੀ ਹੁਣ ਏਥੇ ਦਮ ਘੁੱਟਦਾ ਹੈ
ਰਹਿ ਕੇ ਚੁੱਪ ਵੜੈਚਾ ਹੁਣ ਨਹੀਂ ਸਰਨਾ ਹੈ?
ਸੰਪਰਕ: 94178-01988
ਛੰਨਾਂ ਤੇ ਢਾਰੇ
ਹਰਮਿੰਦਰ ਸਿੰਘ ਕੋਹਾਰਵਾਲਾ
ਅਸਾਡਾ ਇਹ ਬੇੜਾ ਵੀ ਲੱਗਦਾ ਕਿਨਾਰੇ।
ਜੇ ਦਿੰਦੀਆਂ ਹਵਾਵਾਂ ਤੇ ਲਹਿਰਾਂ ਹੁਲਾਰੇ।
ਇਹ ਖੇਤਾਂ ਦੇ ਦੁੱਖੜੇ ਨੇ ਪਰਬਤ ਤੋਂ ਭਾਰੇ।
ਜੋ ਕਿੱਲੇ ਕਨਾਲਾਂ ਤੋਂ ਰਹਿ ਗਏ ਕਿਆਰੇ।
ਇਹ ਚੁਗਣੇ ਵੀ ਪੈਣੇ ਤੇ ਮਿੱਧਣੇ ਵੀ ਆਪਾਂ,
ਜੋ ਰਾਹਾਂ ’ਚ ਉਨ੍ਹਾਂ ਨੇ ਕੰਡੇ ਖਿਲਾਰੇ।
ਉਹ ਹਾਕਮ ਨਿਕੰਮੇ ਤੇ ਪਰਜਾ ਦੇ ਦੋਖੀ,
ਜੇ ਅਗਨੀ ਨੂੰ ਤਰਸਣ ਇਹ ਚੁੱਲ੍ਹੇ ਤੇ ਹਾਰੇ।
ਨਸੀਬਾਂ ਨੂੰ ਰੋਂਦੇ ਜੋ ਮਰਦੇ ਨੇ ਪਿੱਟ ਪਿੱਟ,
ਇਹ ਮਾਰੇ ਅਮੀਰਾਂ ਨਾ ਕਰਮਾਂ ਨੇ ਮਾਰੇ।
ਉਹ ਜ਼ਾਲਮ ਤੇ ਮਚਲਾ ਹੈ ਸ਼ਾਤਰ ਸਿਰੇ ਦਾ,
ਨਾ ਸੁਣਦਾ ਜੋ ਦੁਖੜੇ ਨਾ ਮਸਲੇ ਵਿਚਾਰੇ।
ਮੁਹਾਜ਼ਾਂ ’ਤੇ ਲੜਨਾ ਸੁਖਾਲ਼ਾ ਹੋ ਜਾਂਦਾ,
ਇਹ ਛੰਨਾਂ ਤੇ ਢਾਰੇ ਜੇ ਭਰਦੇ ਹੁੰਗਾਰੇ।
ਸੰਪਰਕ: 98768-73735
ਗ਼ਜ਼ਲ
ਜਗਜੀਤ ਗੁਰਮ
ਹਸ਼ਰ ਹੋਇਆ ਓਹੀ ਆਖ਼ਰ ਮੇਰੀ ਸੱਚੀ ਮੁਹੱਬਤ ਦਾ
ਬਣਾ ਦਿੱਤਾ ਹੈ ਲੋਕਾਂ ਨੇ ਇਸ ਮਸਲੇ ਨੂੰ ਵੀ ਇੱਜ਼ਤ ਦਾ।
ਨਦੀ ਟੀਸੀ ਤੋਂ ਲਿਆ ਕੇ ਸੌਂਪ ਦਿੰਦਾ ਹੈ ਸਮੁੰਦਰ ਨੂੰ
ਤੂੰ ਜਿਗਰਾ ਦੇਖ ਕਿੱਡਾ ਹੈ ਖੜ੍ਹੇ ਪੱਥਰ ਦੇ ਪਰਬਤ ਦਾ।
ਧੜਾਂ ਤੋਂ ਵੱਖ ਗਲ਼ ਹਨ ਫਿਰ ਵੀ ਏਨੇ ਸ਼ਾਂਤ ਨੇ ਚਿਹਰੇ
ਗਵਾਈ ਜਾਨ ਫ਼ਾਇਦਾ ਦੱਸ ਏਹੋ ਜਹੀ ਸ਼ਰਾਫਤ ਦਾ।
ਬਦਲ ਜਾਂਦਾ ਹਮੇਸ਼ਾ ਹੀ ਉਹ ਵਰਤਣ ਬਾਅਦ ਲੋਕਾਂ ਨੂੰ
ਪਤਾ ਚੰਗੀ ਤਰ੍ਹਾਂ ਮੈਨੂੰ ਪੁਰਾਣੀ ਉਸ ਦੀ ਫ਼ਿਤਰਤ ਦਾ।
ਮੈਂ ਲੇਬਰ ਰੂਮ ਕੋਲ਼ੇ ਬੈਠ ਸਭ ਮਹਿਸੂਸ ਕੀਤਾ ਹੈ
ਦੁਬਾਰਾ ਜਨਮ ਹੋਇਆ ਹੈ ਇਹ ਬੱਚੇ ਨਾਲ ਔਰਤ ਦਾ।
ਅਸੀਂ ਖਿਲਵਾੜ ਕੀਤੇ ਖ਼ੁਦ ਖੜ੍ਹੇ ਆ ਮੌਤ ਦੇ ਬੂਹੇ
ਕਸੂਰ ਲਿਆ ਕੇ ਕੱਢਦੇ ਹਾਂ ਅਸੀਂ ਸਾਰਾ ਹੀ ਕੁਦਰਤ ਦਾ।
ਉਜਾੜੇ ਵੰਡ ਦੇ ਪਹਿਲੇ ਅਜੇ ਭੁੱਲੇ ਨਹੀਂ ਸਾਥੋਂ
ਜਵਾਨੀ ਬਾਹਰ ਨੂੰ ਚੱਲੀ ਹੈ ਇਹ ਵੀ ਦੌਰ ਹਿਜਰਤ ਦਾ।
ਕਈ ਸਾਲਾਂ ਦੇ ਮਗਰੋਂ ਆ ਗਈ ਹੈ ਬਹਾਰ ਰੁੱਖਾਂ ’ਤੇ
‘ਗੁਰਮ’ ਕਾਰਨ ਫਿਰੇ ਲੱਭਦਾ ਅਚਾਨਕ ਰੁੱਤ ਦੀ ਰਹਿਮਤ ਦਾ।
ਸੰਪਰਕ: 99152-64836