ਕਾਵਿ ਕਿਆਰੀ
ਬਸੰਤ ਬਹਾਰ
ਹਰਦਮ ਮਾਨ
ਦਿਲਾਂ ਅੰਦਰ ਬਹਾਰ ਆਈ ਫ਼ਿਜ਼ਾ ਵਿੱਚ ਮਹਿਕ ਬਣ ਘੁਲੀਏ
ਸੁਰਾਂ ਸੰਗੀਤ ਹੋ ਜਾਵਣ ਬਸੰਤੀ ਰਾਗ ਛੋਹ ਲਈਏ
ਅਹੁ ਖੜਸੁੱਕ ਟਾਹਣੀਆਂ ’ਤੇ ਜ਼ਿੰਦਗੀ ਹੈ ਦੇ ਰਹੀ ਦਸਤਕ
ਕਿਸੇ ਕੋਮਲ ਕਰੂੰਬਲ ’ਤੇ ਦਿਲੀ ਅਹਿਸਾਸ ਕੁਝ ਲਿਖੀਏ
ਹਰੇ, ਪੀਲੇ, ਗੁਲਾਬੀ, ਲਾਲ, ਨੀਲੇ ਫੁੱਲ ਹਰ ਪਾਸੇ
ਚਲੋ ਗੁਲਦਾਉਦੀਆਂ ਨੂੰ ਚੁੰਮਦੀਆਂ ਕੁਝ ਤਿਤਲੀਆਂ ਫੜੀਏ
ਨਜ਼ਾਰਾ ਹੈ ਬੜਾ ਦਿਲਕਸ਼ ਹਰੀ ਮਖ਼ਮਲ ਵਿਛੀ ਹੋਈ
ਬੁਲਾਵਾ ਆ ਗਿਆ ਕੁਦਰਤ ਦਾ ਇਸ ਦੀ ਗੋਦ ਵਿੱਚ ਬਹੀਏ
ਸਰ੍ਹੋਂ ਬਣ ਠਣ ਕੇ ਲਹਿਰਾਵੇ, ਸੁਨਹਿਰੀ ਕਣਕ ਵੀ ਝੂਮੇ
ਸਰੂਰੀ ਖੇਤ ਦੀ ਮਿੱਟੀ ਗ਼ਜ਼ਲ ਦੇ ਹੁਸਨ ’ਤੇ ਮਲੀਏ
ਸੁਰੀਲੇ ਬੋਲ ਕੋਇਲ ਦੇ ਰਸੀਲਾ ਕਰਨ ਅੰਬੀਆਂ ਨੂੰ
ਬਚਾਉਣਾ ਤੋਤਿਆਂ ਕੋਲੋਂ ਚਲੋ ਕੋਈ ਉਪਾਅ ਕਰੀਏ
ਦਿਲਾਂ ਦੇ ਅੰਬਰਾਂ ਉੱਤੇ ਪਏ ਪੇਚੇ ਪਤੰਗਾਂ ਦੇ
ਮੁਹੱਬਤ ਦੀ ਨਾ ਟੁੱਟੇ ਡੋਰ ਇਹ ਜਜ਼ਬਾ ਇਵੇਂ ਭਰੀਏ
ਮੇਰੀ ਇਹ ਸੁਪਨ ਧਰਤੀ ’ਤੇ ਕਦੇ ਬਿਜਲੀ ਵੀ ਨਾ ਲਿਸ਼ਕੇ
ਸਵਰਗੀ-ਪੌਣ ਦੇ ਬੁੱਲੇ ਹਮੇਸ਼ਾ ਮਾਣਦੇ ਰਹੀਏ
ਬਸੰਤੀ ਰੰਗ ਨੇ ਕੁਰਬਾਨੀਆਂ ਦਾ ਵੀ ਗਵਾਹ ਰਹਿਣਾ
ਸ਼ਹੀਦਾਂ ਦੇ ਅਸੀਂ ਹੁਣ ਸੁਪਨਿਆਂ ਦੀ ਪੈਰਵੀ ਕਰੀਏ
ਸੰਪਰਕ: 1-604-308-6663
ਖੇਤਾਂ ਦਾ ਵਾਹਕ - ਜੋਧਾ
ਮਨਮੋਹਨ ਸਿੰਘ ਦਾਊਂ
ਗੱਭਰੂ ਪਿੰਡ ਦਾ, ਮਿੱਟੀ ਸੰਗ ਲੱਥ-ਪੱਥ
ਹੁੰਦਾ ਰਿਹਾ ਉਹ
ਖੇਤਾਂ ਨੂੰ ਜਾਨ ਤੋਂ ਵੱਧ ਮੁਹੱਬਤ
ਕਰਦਾ ਰਿਹਾ ਉਹ
ਮਾਂ ਪਿਆਰੀ ਦੇ ਸੁਪਨੇ ਕੱਤਣ ਦੇ ਜਤਨ
ਕਰਦਾ ਰਿਹਾ ਉਹ
ਭੈਣਾਂ ਦਾ ਵੀਰ ਬਾਂਕੜਾ ਬਣਨ ਦੀ ਕੋਸ਼ਿਸ਼
ਕਰਦਾ ਰਿਹਾ ਉਹ
ਕਿਰਤੀ-ਹੱਥੀਂ ਮਿੱਟੀ ਦੀ ਕੁੱਖ ਸਰ ਸਬਜ਼
ਕਰਦਾ ਰਿਹਾ ਉਹ
ਦਾਣਿਆਂ ਦੇ ਬੋਹਲ ਸਜਾਉਣ ਦੀ ਮੁਸ਼ੱਕਤ
ਕਰਦਾ ਰਿਹਾ ਉਹ
ਨਮੋਸ਼ੀ ਮਿਲੀ, ਕਰਜ਼ ਮੋੜਨ ਦੀ ਚਿੰਤਾ
ਕਰਦਾ ਰਿਹਾ ਉਹ
ਹਨੇਰੀਆਂ ਯਖ ਰਾਤੀਂ ਸੱਪਾਂ ਦੀਆਂ ਸਿਰੀਆਂ
ਮਿੱਧਦਾ ਰਿਹਾ ਉਹ
ਹੱਕਾਂ ਦੀ ਰਾਖੀ ਲਈ ਜੋਸ਼ੀਲੇ ਨਾਅਰੇ
ਲਗਾਉਂਦਾ ਰਿਹਾ ਉਹ
ਕਿਸਾਨ-ਅੰਦੋਲਨ ’ਚ ਭੋਇੰ-ਰੱਖਿਆ ਦੀ ਫ਼ਿਕਰਮੰਦੀ
ਕਰਦਾ ਰਿਹਾ ਉਹ
ਹੰਕਾਰੀ-ਸੱਤਾ ਦਾ ਮੂੰਹ ਭੰਨਣ ਦਾ ਕਰਤਵ ਪਕੇਰਾ
ਕਰਦਾ ਰਿਹਾ ਉਹ
ਸਰਹੱਦ ’ਤੇ ਵਿਰੋਧੀ ਦੀ ਗੋਲੀ ਦਾ ਮੁਕਾਬਲਾ
ਕਰਦਾ ਰਿਹਾ ਉਹ
ਅਣਖ ਪੰਜਾਬ ਦੀ ਧਰਤੀ-ਵਾਹਕ ਜੋਧਾ
ਅਖਵਾਉਂਦਾ ਰਿਹਾ ਉਹ
ਸੰਪਰਕ: 98151-23900