ਕਾਵਿ ਕਿਆਰੀ
ਲੋਕਾਂ ਦੇ ਨਾਂ
ਸੱਯਦ ਕਾਸਿਫ ਰਜ਼ਾ
ਕੁਝ ਲੋਕਾਂ ਦੇ ਨਾਂ
ਯਾਦ ਰੱਖਣ ਲਈ ਰੱਖੇ ਜਾਂਦੇ ਹਨ
ਅਤੇ ਬਾਕੀ ਦੇ ਬੁਲਾਉਣ ਲਈ
ਮੁਹੰਮਦ ਅਕਰਮ ਦੇ ਬਾਪ ਨੇ
ਉਸ ਦਾ ਨਾਂ ਸਿਰਫ਼ ਬੁਲਾਉਣ ਲਈ ਰੱਖਿਆ ਸੀ
ਕੁਝ ਲੋਕਾਂ ਦੇ ਨਾਂ
ਵਕਤ ਦੇ ਨਾਲ ਵੱਡੇ ਹੋਣ ਲੱਗਦੇ ਹਨ
ਬਾਕੀਆਂ ਦੇ ਹੋਰ ਛੋਟੇ
ਇੱਕ ਦਿਨ ਅਕਰਮ ਨੂੰ ਵੀ ਅੱਕੂ ਬਣਾ ਦਿੱਤਾ ਗਿਆ
ਉਸ ਦੀ ਮਾਂ ਖ਼ੁਸ਼ ਹੁੰਦੀ ਸੀ
ਉਸ ਨੂੰ ਮੁਹੰਮਦ ਅਕਰਮ ਕਹਿ ਕੇ ਬੁਲਾਉਂਦੀ
ਫਿਰ ਉਹ ਲੋਕ ਬਰਬਾਦ ਹੋ ਗਏ
ਜਿਨ੍ਹਾਂ ਨੂੰ ਉਸ ਦਾ ਅਸਲੀ ਨਾਂ ਯਾਦ ਸੀ
ਉਸ ਦਾ ਨਾਂ ਕਿਸੇ ਸ਼ਿਲਾਲੇਖ ਵਿੱਚ
ਦਰਜ ਨਹੀਂ ਕੀਤਾ ਜਾਏਗਾ
ਅੱਕੂ ਨੇ ਇੱਕ ਦਿਨ ਸੋਚਿਆ
ਉਸ ਦੀ ਕਬਰ ਪੁਖ਼ਤਾ ਨਹੀਂ ਕੀਤੀ ਜਾਏਗੀ
ਅੱਜ ਉਹ ਜਿਉਂਦਾ ਹੁੰਦਾ ਤਾਂ
ਉਸ ਨੂੰ ਖ਼ੁਸ਼ੀ ਨਾਲ ਮਰ ਜਾਣਾ ਚਾਹੀਦਾ ਸੀ
ਹਸਪਤਾਲ ਦੇ ਬਾਹਰ ਲੱਗੀ ਹੋਈ
ਲਿਸਟ ਵਿੱਚ ਆਪਣਾ ਨਾਂ
ਮੁਹੰਮਦ ਅਕਰਮ ਵਲਦ ਅੱਲਾ ਦਿੱਤਾ
ਦੇਖ ਕੇ।
ਅਨੁਵਾਦ: ਨਿਰਮਲ ਪ੍ਰੇਮੀ ਰਾਮਗੜ੍ਹ
ਸੰਪਰਕ: 94631-61691
ਜ਼ਿੱਦਖੋਰ ਪੱਥਰਘਾੜਾ
ਰਘੁਵੀਰ ਸਿੰਘ ਕਲੋਆ
ਕਿੰਨਾ ਤਕੜਾ ਵਹਿਮ ਹੈ ਓਸ ਨੂੰ
ਕਿ ਹਰ ਪੱਥਰ ਨੂੰ ਫੜ ਕੇ
ਤੋੜ ਕੇ ਜਾਂ ਘੜ ਕੇ
ਹੀਰਾ ਬਣਾ ਲਵੇਗਾ
ਤੇ ਕੁੱਲ ਸ੍ਰਿਸ਼ਟੀ ਨੂੰ
ਇੱਕੋ ਰੰਗ ਵਿੱਚ ਵਟਾ ਲਵੇਗਾ।
ਉਧਰ ਡਰ ਹੈ ਪੱਥਰਾਂ ਨੂੰ
ਕਿ ਜ਼ਿੱਦਖੋਰ ਹਥੌੜਾ
ਮਿਟਾ ਦੇਵੇਗਾ ਸਦਾ ਲਈ
ਉਨ੍ਹਾਂ ਦੀ ਸ਼ਾਨ, ਵੱਖਰੀ ਪਛਾਣ।
ਗੋਲ, ਚਪਟਾ ਤੇ ਕੋਈ ਨੁਕਰਾ
ਦੂਧੀਆ, ਗੇਰੂਆ ਤੇ ਚਿਤਕਬਰਾ
ਹਰਿਕ ਕੁਦਰਤ ਦਾ ਜਾਇਆ, ਵਡਮੁੱਲਾ ਸਰਮਾਇਆ।
ਐਪਰ ਕੀ ਕਰੀਏ
ਅੱਖਾਂ ਦੇ ਟੀਰ ਨੂੰ ਨਾ ਭਾਇਆ।
ਚੁੱਕ ਲਿਆ ਹਥੌੜਾ
ਭੰਨ ਸੁੱਟੇ ਕਿੰਨੇ ਹੀ, ਤਰਾਸ਼ਣ ਦੇ ਨਾਂ ’ਤੇ।
ਮੂਰਖ ਨੂੰ ਮੱਤ ਦੇਵੇ ਕਿਹੜਾ
‘ਭਲੇ ਮਾਣਸਾ! ਹਰ ਪੱਥਰ ’ਚ ਹੀਰਾ ਨਹੀਂ ਹੁੰਦਾ
ਗੋਲ, ਚਪਟੇ ਤੇ ਨੁਕਰੇ
ਦੂਧੀਏ, ਗੇਰੂਏ ਜਾਂ ਚਿਤਕਬਰੇ
ਇੰਜ ਹੀ ਫੱਬਦੇ, ਸੋਹਣੇ ਲੱਗਦੇ
ਛੱਡ ਦੇ ਆਪਣੀ ਜ਼ਿੱਦ
ਰਹਿਣ ਦੇ ਸ੍ਰਿਸ਼ਟੀ ਬਹੁਭਾਂਤੀ
ਕਿਉਂਕਿ
ਬਹੁਭਾਂਤੀ ਸ੍ਰਿਸ਼ਟੀ ਤੋਂ ਵਧ ਕੇ
ਹੋਰ ਜ਼ਖੀਰਾ ਨਹੀਂ ਹੁੰਦਾ
ਤੇ ਹਰ ਪੱਥਰ, ਹੀਰਾ ਨਹੀਂ ਹੁੰਦਾ।’
ਸੰਪਰਕ: 98550-24495