ਕਾਵਿ ਕਿਆਰੀ
ਦੋਹੇ
ਪ੍ਰਿੰ. ਨਵਰਾਹੀ ਘੁਗਿਆਣਵੀ
ਮਤਲਬ ਦੀਆਂ ਸਕੀਰੀਆਂ, ਹੋਰ ਨਾ ਦੂਜੀ ਗੱਲ।
ਆਪੇ ਪਾਉਣ ਬੁਝਾਰਤਾਂ, ਆਪੇ ਲੱਭਣ ਹੱਲ।
ਕੁਰਸੀ ਉੱਤੇ ਬੈਠ ਕੇ, ਭੁੱਲ ਜਾਂਦੇ ਇਨਸਾਫ਼।
ਬਦਨੀਤਾਂ ਨੂੰ ਕਿਸ ਤਰ੍ਹਾਂ, ਕੀਤਾ ਜਾਵੇ ਮਾਫ਼?
ਬਾਬੇ ਨਾਨਕ ਆਖਿਆ, ‘ਕਰਨ ਕਾਰਨ ਕਰਤਾਰ।’
ਸਭ ਤੋਂ ਉੱਤਮ ਨਿਮਰਤਾ, ਬੇਲੋੜਾ ਹੰਕਾਰ।
ਕਿਰਤ ਕਮਾਈ ਆਪਣੀ, ਹੈ ਜੱਗ ਦੀ ਬੁਨਿਆਦ।
ਨੇਕ ਨੀਤੀਆਂ ਨਾਲ ਹੀ, ਰਹਿ ਸਕਦੇ ਹਾਂ ਸ਼ਾਦ।
ਵਿਹਲੜ ਕਰਨ ਸ਼ਰਾਰਤਾਂ, ਮਿਹਨਤਕਸ਼ ਮਜਬੂਰ।
ਭਲਿਆਂ ਤਾਈਂ ਸਤਾਵਣਾ, ਇਹ ਕੇਹਾ ਦਸਤੂਰ?
ਵਾਤਾਵਰਣ ਸੁਹਾਵਣਾ, ਵੰਡ ਰਿਹਾ ਖ਼ੁਸ਼ਬੋਅ।
ਅੱਖੀਆਂ ਨੂੰ ਤ੍ਰਿਪਤਾਂਵਦੀ, ਅਤਿ ਸੁਹਾਣੀ ਲੋਅ।
ਨਾ ਕਰ ਚਿੰਤਾ ਦੋਸਤਾ, ਹੋ ਜਾ ਬੇਪ੍ਰਵਾਹ।
ਵੇਖ ਖ਼ੁਦਾ ਦਾ ਸਿਲਸਿਲਾ, ਅਦਭੁੱਤ ਅਤੇ ਅਥਾਹ।
‘ਨਵਰਾਹੀ’ ਵਿਸ਼ਵਾਸ ਕਰ, ਸਹਿਜ, ਸਬਰ ਅਪਣਾਅ!
ਇਸ ਵਿੱਚ ਜੀਵਨ-ਜਾਚ ਹੈ, ਇਸ ਵਿੱਚ ਲੁਤਫ਼, ਮਜ਼ਾ।
ਸੰਪਰਕ: 98150-02302
ਛੱਲਾ
ਮਨਜੀਤ ਸਿੰਘ
ਛੱਲਾ ਮੇਰਾ ਜੀਵੇ ਢੋਲਾ...
ਕੂੰਜਾਂ ਦੀਆਂ ਡਾਰਾਂ ਨੇ,
ਢੋਲ ਸਿਪਾਹੀ ਦੀਆਂ ਸੋਹਣੀਆਂ ਦਸਤਾਰਾਂ ਨੇ।
ਛੱਲਾ ਮੇਰਾ ਜੀਵੇ ਢੋਲਾ...
ਅੱਖੀਆਂ ਵਿੱਚ ਨੀਰ ਹੋਸੀ,
ਛੇਤੀ ਮੁੜ ਆ ਢੋਲਾ ਤੂੰ ਰਾਂਝਣ ਮੈਂ ਹੀਰ ਹੋਸੀ।
ਛੱਲਾ ਮੇਰਾ ਜੀਵੇ ਢੋਲਾ...
ਬੁਲੰਦ ਇਕਬਾਲ ਹੋਵੇ,
ਪੈਲਾਂ ਪਾ ਮਿੱਤਰਾ ਤੇਰੀ ਮੋਰਾਂ ਜਿਹੀ ਚਾਲ ਹੋਵੇ।
ਛੱਲਾ ਮੇਰਾ ਜੀਵੇ ਢੋਲਾ...
ਸਾਨੂੰ ਤੇਰੀਆਂ ਲੋੜਾਂ ਨੇ,
ਚਾਹੇ ਸਾਰਾ ਜੱਗ ਮਿਲ ਜਾਵੇ ਤੇਰੇ ਬਾਝੋਂ ਥੋੜਾਂ ਨੇ।
ਛੱਲਾ ਮੇਰਾ ਜੀਵੇ ਢੋਲਾ...
ਪੱਤਣ ਦੀਆਂ ਛੱਲਾਂ ਨੇ,
ਲੰਘ ਆ ਢੋਲਾ ਹੋਣੀਆਂ ਪਾਰ ਦੀਆਂ ਗੱਲਾਂ ਨੇ|
ਛੱਲਾ ਮੇਰਾ ਜੀਵੇ ਢੋਲਾ...
ਦੀਵਾ ਬਲੇ ਬਨੇਰੇ ਢੋਲਾ,
ਲਾ ਮੋਢੇ ਬੰਦੂਕ ਤੁਰ ਜਾਵੀਂ ਨਾ ਲਾਮ ਸਵੇਰੇ ਢੋਲਾ।
ਛੱਲਾ ਮੇਰਾ ਜੀਵੇ ਢੋਲਾ...
ਤੁਸਾਂ ਕੀਤੀਆਂ ਅੜੀਆਂ ਨੇ,
ਉੱਚੇ ਸ਼ਮ੍ਹਲੇ ਹੇਠਾਂ ਕਿੰਨੇ ਸਿਵੇ ਕਿੰਨੀਆਂ ਮੜੀਆਂ ਨੇ।
ਛੱਲਾ ਮੇਰਾ ਜੀਵੇ ਢੋਲਾ...
ਗੱਲ ਸੁਣੋ ਲਾਮਾਂ ਵਾਲ਼ਿਓ!
ਖੜ੍ਹ ਟੁੱਟੀਆਂ ਵੰਙਾਂ ’ਤੇ ਵੱਡੀਆਂ ਸਲਾਮਾਂ ਵਾਲਿਓ!
...ਸਲਾਮਾਂ ਵਾਲਿਓ! ...ਸਲਾਮਾਂ ਵਾਲਿਓ