ਕਾਵਿ ਕਿਆਰੀ
ਜੇ ਕੁਝ ਹੋਰ ਨਹੀਂ ਤਾਂ
ਗੁਰਮੀਤ ਕੜਿਆਲਵੀ
ਜੇ ਕੁਝ ਹੋਰ ਨਹੀਂ ਤਾਂ
ਆ ਬੈਠ
ਕੁਝ ਹਿਸਾਬ ਤਾਂ ਕਰੀਏ
ਬੇਫ਼ਿਕਰ ਰਹਿ
ਨਹੀਂ ਛੇੜਦੇ
ਸੁੱਤੀਆਂ ਰਾਤਾਂ ’ਚ ਜਾਗਦੇ ਹਾਉਕਿਆਂ ਦੀ ਗੱਲ
ਚਿੰਤਾ ਨਾ ਕਰੀਂ
ਨਹੀਂ ਕਰਦੇ
ਕਿਤਾਬਾਂ ਦੇ ਪੰਨਿਆਂ ’ਤੇ ਡਿੱਗੇ ਅੱਥਰੂਆਂ ਦਾ ਹਿਸਾਬ
ਵਾਅਦਾ ਰਿਹਾ
ਉੱਕਾ ਨਾ ਛੋਹਾਂਗੇ
ਘੁੱਟਾਂਬਾਟੀ ਪੀਤੇ ਦਰਦਾਂ ਦੀ ਕਹਾਣੀ
ਯਕੀਨ ਮੰਨੀ
ਮੈਂ ਰੁਮਾਲ ਨਹੀਂ ਮੋੜਦਾ
ਤੂੰ ਖ਼ਤ ਵਾਪਸ ਨਾ ਕਰੀਂ
ਚੰਗੀ ਗੱਲ ਹੋਵੇਗੀ
ਨਾ ਮੈਂ ਕੋਈ ਗੱਲ ਕਰਾਂਗਾ- ਨਾ ਤੂੰ ਕਰੀਂ
ਬੱਸ ਇੱਕ ਦੂਜੇ ਸਾਹਵੇਂ ਚੁੱਪ ਬੈਠਾਂਗੇ
ਮੈਂ ਤੋੜਦਾ ਰਹਾਂਗਾ ਇੱਕ ਇੱਕ ਕਰਕੇ
ਘਾਹ ਦੀਆਂ ਤਿੜਾਂ
ਤੂੰ ਬੇਸ਼ੱਕ ਦੰਦਾਂ ਨਾਲ ਨਹੁੰ ਟੁੱਕੀ ਜਾਵੀਂ
ਭਲਾ ਕੀ ਧਰਿਆ ਪਿਐ
ਰੋਸਿਆਂ ਗਿਲਿਆਂ ’ਚ?
ਭਲਾ ਹੰਮੇ ਦਾਅਵੇ ਕਾਹਦੇ?
ਬੱਸ ਘੜੀ ਪਲ ਬੈਠਾਂਗੇ
ਮੋਈਆਂ ਤਿਤਲੀਆਂ ਲਈ ਰੁਦਨ ਕਰਾਂਗੇ
ਮੁਰਝਾਏ ਫੁੱਲਾਂ ਨੂੰ ਹੱਥਾਂ ’ਚ ਪਲੋਸਾਂਗੇ
ਜੇ ਕੁਝ ਹੋਰ ਨਹੀਂ ਕਰ ਸਕਦੇ
ਐਨਾ ਤਾਂ ਕਰ ਸਕਦੇ ਹਾਂ
ਇੱਕ ਦੂਜੇ ਲਈ
ਸੰਪਰਕ: 98726-40994
ਕਿੰਝ ਖੂੰਡੀ ਬਣੀ ਹਥਿਆਰ
ਮਨਮੋਹਨ ਸਿੰਘ ਦਾਊਂ
ਕਰਮੋ ਬੇਬੇ ਬੁੱਢੀ ਉਮਰੇ
ਹੱਥ ਖੂੰਡੀ ਲੈ ਖੇਤਾਂ ਨੂੰ ਜਾਂਦੀ
ਸਰ-ਸਰ ਕਰਦੀਆਂ ਫ਼ਸਲਾਂ
ਉਸ ਦੇ ਝੋਨੇ ਵਾਂਗ ਲਹਿਰਦੀਆਂ
ਪੀਲਾ ਦੁਪੱਟਾ ਤੇ ਪੀਲੇ ਫੁੱਲ ਸਰ੍ਹੋਂ ਦੇ
ਇੱਕ-ਮਿੱਕ ਹੋਏ ਲੱਗਦੇ
ਕੋੜਮੇ ਕਬੀਲੇ ਦੇ ਖਰਚੇ ਪੂਰੇ ਕਰਨ ਦੇ
ਸੁਪਨੇ ਪੂਰਨ ਹੁੰਦੇ-
ਘਰ ਖ਼ੁਸ਼ਹਾਲ, ਮੌਜਾਂ ਕਰਦਾ।
ਕਰਮੋ ਬੇਬੇ ਬੰਬੀ ਦੇ ਪਾਣੀ ਨੂੰ ਤੱਕਦੀ
ਠੰਢ ਪੈ ਜਾਂਦੀ
ਰੱਬ ਖੇਤਾਂ ਵਿੱਚ ਜਿਉਂਦਾ ਲੱਗਦਾ
ਫ਼ਸਲਾਂ ਵਧ-ਵਧ ਉੱਚੀਆਂ ਹੁੰਦੀਆਂ
ਕਣਕਾਂ ਦੀਆਂ ਬੱਲੀਆਂ ਹੱਸਦੀਆਂ
ਝੁਮਕਿਆਂ ਵਾਂਗ ਸੁਨਹਿਰੀ ਲੱਗਦੀਆਂ
ਦਾਣਿਆਂ ਨਾਲ ਭੜੋਲੇ-ਮੱਟੀਆਂ ਭਰਦੀਆਂ
ਕੁੱਪ ਤੂੜੀ ਦੇ ਗੁੰਬਦ ਲੱਗਦੇ, ਪਸ਼ੂ ਪਿਆਰੇ ਫਬਦੇ
ਉੱਤਮ ਖੇਤੀ ਦਾ ਕਥਨ ਸੱਚ ਹੋ ਜਾਂਦਾ
ਘਰ ਬਹਿਸ਼ਤ ਬਣ ਜਾਂਦਾ
ਕਰਮੋ ਬੇਬੇ ਅੰਮ੍ਰਿਤ ਵੇਲੇ ਦੁੱਧ ਰਿੜਕਦੀ
ਗੀਤ ਉਚਰਦੀ, ਬਾਣੀ ਪੜ੍ਹਦੀ
ਸਾਰੇ ਜੀਅ ਕੰਮੀਂ ਰੁੱਝੇ ਰਹਿੰਦੇ।
ਸਮਾਂ ਬਦਲਿਆ, ਕੰਮ ਬਦਲ ਗਏ
ਖੇਤਾਂ ਵਿੱਚ ਖ਼ੁਦਕੁਸ਼ੀਆਂ ਉਪਜਣ ਲੱਗੀਆਂ
ਮਹਿੰਗਾਈ ਨੇ ਖੇਤੀ ਦੀ ਕੰਗਰੋੜ ਤੋੜ ਤੀ
ਮਾਰੂ ਖਾਦਾਂ, ਨਕਲੀ ਬੀਜਾਂ, ਟਰੈਕਟਰ ਟਰਾਲੀਆਂ
ਧੁੰਮ ਮਚਾਈ, ਪਈ ਦੁਹਾਈ, ਰੁਲ ਗਈ ਕਮਾਈ
ਕਿਰਸਾਨੀ ਨੂੰ ਕਰਜ਼ਿਆਂ ਦਾ ਘੁਣ ਖਾਵਣ ਲੱਗਾ
ਕੇਹਾ ਜ਼ਮਾਨਾ, ਰੋਟੀ ਦੀ ਥਾਂ-
ਸਲਫਾਸ ਖਾਣ ਨੂੰ ਹੋਈ, ਦੁਹੱਥੜੇ ਮਾਰ ਸੱਥ ਹੈ ਰੋਈ।
ਮੋਢੇ ਟੰਗਿਆ ਪਰਨਾ ਫਾਹੀ ਬਣਿਆ
ਧਰਤੀ ਰੋਈ, ਪੰਜ ਆਬਾਂ ਦੇ ਪਾਣੀ ਰੋਏ।
ਕਰਮੋ ਬੇਬੇ ਤੋਂ ਇਹ ਵਰਤਾਰਾ ਸਹਿਣ ਨਾ ਹੋਇਆ
ਪਿੰਡ ਜਗਾਇਆ, ਪੁੱਤਰਾਂ ਤੋਂ ਅੱਗੇ ਹੋ ਕੇ
ਬੁਲੰਦ ਆਵਾਜ਼ ’ਚ ਬੋਲੀ: ਚੱਲੋ ਦੂਲਿਓ
ਸ਼ੰਭੂ ਬਾਰਡਰ ਉੱਤੇ, ਦਿੱਲੀ ਦੀ ਆਕੜ ਭੰਨ ਕੇ ਮੁੜਨਾ
ਧਰਤੀ-ਮਾਂ ਮੈਂ ਵਿਕਣ ਨਹੀਂ ਦੇਣੀ, ਪੱਤ ਪੰਜਾਬ ਦੀ ਸਾਂਭ ਕੇ ਰੱਖਣੀ
ਮੁੱਲ ਫ਼ਸਲਾਂ ਦਾ ਲੈ ਕੇ ਹਟਣਾ
ਮਾਰੂ ਕਾਨੂੰਨ ਭਸਮਾ ਕੇ ਮੁੜਨਾ, ਕਿਸਾਨ ਮੋਰਚਾ ਜਿੱਤ ਅਸਾਡੀ
ਕਰਮੋ ਬੇਬੇ ਦੇ ਮੋਢੇ ’ਤੇ, ਖੂੰਡੀ ’ਤੇ ਟੰਗਿਆ ਝੰਡਾ ਝੂਲੇ।
ਸੰਪਰਕ: 98151-23900