ਕਾਵਿ ਕਿਆਰੀ
ਪਿਆਰ ਬੀਜੋ
ਜੋਧ ਸਿੰਘ ਮੋਗਾ
ਨਫ਼ਰਤਾਂ ਦੇ ਬੀਜ ਬੀਜੋਗੇ, ਬੜਾ ਪਛਤਾਉਗੇ,
ਜ਼ਖ਼ਮ ਪੀੜਾ ਸਹੋਗੇ ਤੇ ਦੁੱਖ ਹੰਢਾਉਗੇ।
ਪਿਆਰ ਬੀਜੋ ਹੈ ਮੇਰੀ ਛੋਟੀ ਸਲਾਹ,
ਖ਼ੁਸ਼ੀਆਂ ਦੀ ਮਿੱਠੀ ਮਹਿਕ ਭਰ, ਜੰਨਤ ਵਸਾਉਗੇ।
ਕੰਡਿਆਂ ਭਰੀ ਨਫ਼ਰਤ ’ਤੇ, ਦਾਤੀ ਚਲਾਉਣਾ ਸਿੱਖ ਲਵੋ,
ਫੁੱਲਾਂ ਭਰੀ ਗੁਲਜ਼ਾਰ ਨੂੰ ਤਾਂ ਹੀ ਬਚਾਉਗੇ।
ਪਿਆਰੇ ਦੁਲਾਰੇ ਦਿਸਣਗੇ, ਦੁਸ਼ਮਣ ਰਕੀਬ,
ਪਿਆਰ ਦਾ ਸ਼ੱਫ਼ਾਫ਼ ਚਸ਼ਮਾ, ਜਦੋਂ ਅੱਖਾਂ ’ਤੇ ਲਾਉਗੇ।
ਹਿਟਲਰਾਂ, ਹੱਲਾਕੂਆਂ ਨੂੰ ਵੀ ਯਾਦ ਕਰ ਲੈਂਦੇ ਨੇ ਲੋਕ,
ਪਰ ਕਿਸ ਤਰ੍ਹਾਂ? ਸੋਚੋ, ਵਿਚਾਰੋ, ਜਾਣ ਜਾਉਗੇ।
ਬੁੱਧ, ਨਾਨਕ ਤੇ ਟਰੇਸਾ, ਨੇ ਜੋ ਦਿੱਤਾ ਸਬਕ ਸੀ,
ਭੁੱਲ ਗਿਆ ਹੈ, ਕਰੋ ਚੇਤੇ, ਤਾਂ ਹੀ ਜੱਗ ਬਦਲਾਉਗੇ।
ਪਿਆਰ ਤਕੜਾ ਹੈ ਕਿ ਨਫ਼ਰਤ, ਕੁਸ਼ਤੀ ਕਰਾ ਕੇ ਦੇਖ ਲੋ,
ਨਫ਼ਰਤ ਨਸ਼ੀਲੀ ਢਹਿ ਜਾਊ, ਪਿਆਰ ਜੇਤੂ ਪਾਉਗੇ।
ਅਬੁਬਿਨ ਅਦਮ ਦੀ ਕਹਾਣੀ ਮਨ ਵਸਾ ਕੇ ਰੱਖ ਲਵੋ,
ਰੱਬ ਦੀ ਦਰਗਾਹ ’ਚ ਤਾਂ ਹੀ ਮਾਣ ਇੱਜ਼ਤ ਪਾਉਗੇ।
* * *
ਧਰਤ
ਭੁਪਿੰਦਰ ਫ਼ੌਜੀ
ਮੁਹੱਬਤ ਦਾ ਪਾਣੀ ਲਾਈਏ, ਚਿਰਾਂ ਤੋਂ ਧਰਤ ਪਈ ਬੰਜਰ ਨੂੰ।
ਮੈਂ ਜਾ ਆਇਆ ਹਾਂ ਮਸਜਿਦ, ਤੂੰ ਵੀ ਹੋ ਆ ਮੰਦਰ ਨੂੰ।
ਉਹ ਤਾਂ ਲਾਂਬੂ ਲਾਉਂਦੇ ਰਹੇ, ਸਦੀਆਂ ਤੋਂ ਨੇ ਇੱਥੇ,
ਧਰਮਾਂ ਦੇ ਨਾਂ ’ਤੇ ਨਫ਼ਰਤ, ਬਹੁਤ ਸਹਿ ਲਿਆ ਇਸ ਮੰਜ਼ਰ ਨੂੰ।
ਲਹੂ ਵਹਿ ਤੁਰਦਾ ਅੱਜ ਵੀ, ਅੱਖਾਂ ਵਿੱਚੋਂ ਜਦ ਦੇਖਾਂ,
ਉੱਜੜੇ ਘਰ ਲਟਕਣ ਤਾਲੇ, ਹੋਈ ਹਵੇਲੀ ਖੰਡਰ ਨੂੰ।
ਜਾਤਾਂ ਦੇ ਨਾਂ ਉਨ੍ਹਾਂ, ਗੁਰਦੁਆਰੇ ਮਸਜਿਦ ਮੰਦਰ ਬਣਾ ਦਿੱਤੇ,
ਮੂੰਹ ’ਚ ਵਾਹਿਗੁਰੂ ਅੱਲ੍ਹਾ ਰਾਮ, ਕੱਛ ’ਚ ਲਈ ਫਿਰਦੇ ਖੰਜਰ ਨੂੰ।
ਚੱਲੋ ਰਲ-ਮਿਲ ਇੱਥੇ, ਮੁਹੱਬਤਾਂ ਦੇ ਅੱਜ ਫੁੱਲ ਉਗਾਈਏ,
ਵੰਡ ਲਈ ਬਹੁਤੀ ਧਰਤੀ ਆਪਾਂ, ਨਾ ਵੰਡੀਏ ਹੁਣ ਅੰਬਰ ਨੂੰ।
ਜਾਤ-ਪਾਤ ਨਸਲ ਧਰਮਾਂ ਦੇ, ਵਿਤਕਰੇ ਹੁਣ ਮਿਟਾ ਦੇਈਏ,
ਇਕੱਠੇ ਬੈਠ ਛਕੀਏ ‘ਫ਼ੌਜੀ’, ਨਾਨਕ ਦੇ ਉਸ ਲੰਗਰ ਨੂੰ।
ਸੰਪਰਕ: 98143-98762