ਕਾਵਿ ਕਿਆਰੀ
ਅਮਰਜੀਤ ਸਿੰਘ ਅਮਨੀਤ
ਯੁੱਧ ਦੀ ਅਗਨ
ਆਖੋ ਇਨ੍ਹਾਂ ਬੰਬਾਂ ਦੀ ਫ਼ਸਲ ਨੂੰ
ਨਾ ਉੱਗੇ ਸਾਡੀਆਂ ਸੋਚਾਂ ਵਿੱਚ
ਬਹੁਤ ਬੰਬ ਉਗਾ ਲਏ ਨੇ ਅਸੀਂ ਹੁਣ ਤੱਕ
ਬਹੁਤ ਬੱਚੇ ਗੁਆ ਲਏ ਨੇ ਅਸੀਂ ਹੁਣ ਤੱਕ
ਨਹੀਂ ਮੁੱਕੀ ਇਹ ਬੰਬਾਂ ਦੀ ਅਗਨ
ਅਜੇ ਨਹੀਂ ਮੁੱਕੇ ਇਨ੍ਹਾਂ ਨੂੰ ਬਣਾਉਣ ਵਾਲ਼ੇ
ਇਹ ਬਾਰੂਦ ਦੀ ਅੱਗ ਨਹੀਂ ਹੈ
ਇਹ ਪਰਮਾਣੂਆਂ ਵਿਚਲੀ ਅੱਗ ਵੀ ਨਹੀਂ ਹੈ
ਇਹ ਕੁਝ ਕੁ ਲੋਕਾਂ ਦੀ ਸੋਚ ’ਚ ਵੱਸਦੀ ਅਗਨ ਹੈ
ਜੋ ਉਤਰ ਜਾਂਦੀ ਹੈ
ਗੋਲ਼ੀਆਂ ਵਿੱਚ, ਬੰਬਾਂ ਵਿੱਚ
ਤੇ ਫਿਰ ਬੰਬਾਂ ’ਚੋਂ ਇਹ ਅਗਨ
ਉਤਰਦੀ ਸਭ ਘਰਾਂ ਵਿੱਚ
ਘਰਾਂ ਦੇ ਵਿਹੜਿਆਂ ਵਿੱਚ
ਸਕੂਲਾਂ ਵਿੱਚ ਖੇਤਾਂ ਵਿੱਚ
ਹੀਰੋਸ਼ੀਮਾ ਵਿੱਚ ਨਾਗਾਸਾਕੀ ਵਿੱਚ
ਇਹ ਬਾਰੂਦ ਦੀ ਅੱਗ ਨਹੀਂ ਹੈ
ਇਹ ਪਰਮਾਣੂਆਂ ਵਿਚਲੀ ਅੱਗ ਵੀ ਨਹੀਂ ਹੈ
ਇਹ ਕੁਝ ਕੁ ਲੋਕਾਂ ਦੀ ਸੋਚ ’ਚ ਵੱਸਦੀ ਅਗਨ ਹੈ
... ... ...
ਬੱਚਿਆਂ ਨੂੰ ਤਾਂ ਅਸਮਾਨੋਂ
ਮੀਂਹ ਵਰਸਾਉਂਦੇ ਬੱਦਲਾਂ ਦਾ ਹੀ ਪਤਾ ਹੁੰਦਾ ਹੈ
ਉਨ੍ਹਾਂ ਨੂੰ ਨਹੀਂ ਪਤਾ ਹੁੰਦਾ
ਕਿ ਕਿਹੜੇ ਸਮੇਂ ਬੱਦਲ ਜੰਗੀ ਜਹਾਜ਼ਾਂ ’ਚ ਬਦਲ ਜਾਂਦੇ
ਮਿਜ਼ਾਈਲਾਂ ਦਾ ਧੂੰਆਂ ਬੱਦਲ ਬਣ ਜਾਂਦਾ
ਤੇ ਬੱਚਿਆਂ ਨੂੰ ਤਾਂ ਇਹੀ ਜਾਪਦਾ ਕਿ
ਬੱਦਲਾਂ ਦੀ ਗੜਗੜਾਹਟ ਤੇ ਚਮਕਦੀ ਬਿਜਲੀ
ਉਨ੍ਹਾਂ ਦੇ ਘਰਾਂ ’ਚ ਆ ਗਈ ਹੈ
ਘਰਾਂ ਦੇ ਵਿਹੜਿਆਂ ’ਚ ਆ ਗਈ ਹੈ
ਇਹ ਜੋ ਖੇਡਦੇ ਬੱਚਿਆਂ ’ਤੇ ਬੰਬ ਵਰ੍ਹਾ ਰਹੇ ਨੇ
ਇਹ ਇਤਿਹਾਸ ਦੀਆਂ ਸੁਲਗ਼ਦੀਆਂ ਕਿਤਾਬਾਂ ਦੇ
ਸੜ ਰਹੇ ਅੱਖਰਾਂ ਵਿੱਚ ਸਿਲ ਪੱਥਰ ਵਾਂਗ ਹੋ ਜਾਣਗੇ
... ... ...
ਧਰਤੀ ਮਾਂ ਦੇ ਚੱਪੇ ਚੱਪੇ ’ਤੇ ਬੰਬ ਧਰ ਕੇ
ਥਾਂ ਥਾਂ ਬਾਰੂਦ ਵਿਛਾ ਕੇ
ਕਿਸ ਤੋਂ ਖ਼ਤਰਾ ਦੱਸ ਰਹੇ ਹਾਂ
ਸਾਡੀਆਂ ਅੱਖਾਂ ’ਚੋਂ ਤਾਂ ਚੰਗਿਆੜੇ ਡਿੱਗ ਰਹੇ
ਸਾਡੇ ਬੋਲ ਅੱਗ ਉਗਲ ਰਹੇ
ਕੁਝ ਤਾਂ ਬੁਝਾਓ ਦਿਲਾਂ ਦੀ ਅਗਨ ਨੂੰ
ਕੋਈ ਚਸ਼ਮਾ ਫੁੱਟਣ ਦਿਓ
ਹੋਣ ਦਿਓ ਕੁਝ ਕੁ ਨਮ ਪੱਥਰ ਹੋ ਗਈਆਂ ਅੱਖਾਂ ਨੂੰ
ਦਰਿਆ ਨਾ ਵੀ ਬਣ ਸਕੇ
ਅੱਖਾਂ ਦੇ ਹੰਝੂ ਹੀ ਬਹੁਤ ਹੁੰਦੇ ਨੇ
ਆਪਣੀ ਆਪਣੀ ਅੱਗ ਠਾਰਨ ਲਈ
ਤੁਸੀਂ ਇਸ ਧਰਤੀ ਦੀ ਰਾਖੀ ਕਰੋਗੇ ਵੀ ਕੀ
ਜੋ ਜਨਮੀ ਹੀ ਸੂਰਜ ਦੀ ਅਗਨ ਤੋਂ ਹੈ
ਇਸ ਨੇ ਤਾਂ ਧੁਰ ਅੰਦਰ ਹੁਣ ਤੱਕ
ਸੰਭਾਲੀ ਹੋਈ ਹੈ ਉਹੀ ਅਗਨ
ਤੇ ਚਿਹਰੇ ’ਤੇ ਹਰਿਆਵਲਾਂ ਦੇ ਜੰਗਲ ਵੀ
ਅੱਖਾਂ ’ਚ ਸਾਗਰ ਵੀ ਨੇ
ਤੇ ਧਰਤੀ ਦੇ ਜਾਏ ਇੱਕ ਚੰਗਿਆੜੀ ਜਿੰਨੀ ਅਗਨ ਲੈ ਕੇ
ਥਾਂ ਥਾਂ ਅੱਗਾਂ ਬਾਲ਼ ਰਹੇ
ਜੀਅ ਜੀਅ ਨੂੰ ਲੂੰਹਦੇ ਫਿਰਦੇ
ਅਸੀਂ ਧਰਤੀ ਦੇ ਜਾਏ ਕੁਝ ਤਾਂ ਧਰਤ ਵਰਗੇ ਹੋਈਏ
... ... ...
ਬੇਸ਼ੱਕ ਬਹੁਤ ਨੇ
ਜੋ ਗੋਲ਼ੀਆਂ ’ਚ ਬਾਰੂਦ ਭਰ ਰਹੇ
ਬੰਬ ਬਣਾ ਰਹੇ
ਦੇਖੋ ਅਜੇ ਉਹ ਵੀ ਨੇ ਸਾਡੇ ਕੋਲ਼
ਜੋ ਮਲ੍ਹਮਾਂ ਬਣਾ ਰਹੇ, ਹਸਪਤਾਲ ਉਸਾਰ ਰਹੇ
ਬੱਚਿਆਂ ਲਈ ਤਸਵੀਰਾਂ ਵਾਲੀਆਂ
ਪਾਠ ਪੁਸਤਕਾਂ ਛਾਪ ਰਹੇ
ਦੁਆਈਆਂ ਬਣਾ ਰਹੇ, ਦੁਆਵਾਂ ਦੇ ਰਹੇ
ਦੁਆਈਆਂ ਵੀ, ਦੁਆਵਾਂ ਵੀ ਬੰਬਾਂ ਨਾਲ ਲੜਦੀਆਂ ਨੇ
ਬੰਬਾਂ ਦੀ ਅਗਨ ਨਾਲ ਲੜਦੀਆਂ ਨੇ
... ... ...
ਇਨ੍ਹਾਂ ਗੋਲ਼ੀਆਂ ਦਾ ਸਿੱਕਾ ਢਲ਼ ਕੇ
ਕਿਉਂ ਨਹੀਂ ਬੱਚਿਆਂ ਦੀਆਂ ਪੈਨਸਿਲਾਂ ’ਚ ਵਟ ਸਕਦਾ
ਬੰਦੂਕਾਂ, ਟੈਂਕਾਂ ਦਾ ਲੋਹਾ
ਕਿਸਾਨਾਂ ਮਜ਼ਦੂਰਾਂ ਦੇ ਔਜ਼ਾਰਾਂ ਲਈ ਵੀ ਢਲ ਸਕਦਾ ਹੈ
ਬੇਘਰਿਆਂ ਦੇ ਘਰਾਂ ਦੀਆਂ ਛੱਤਾਂ ਵੀ ਬਣ ਸਕਦਾ ਹੈ
ਇਹ ਬੰਕਰਾਂ ਨੂੰ ਲੱਗੀ ਬਜਰੀ ਤੇ ਸੀਮਿੰਟ
ਸਕੂਲ ਬਣਾ ਸਕਦੇ, ਬਲੈਕ ਬੋਰਡ ਬਣਾ ਸਕਦੇ
ਆਹ ਜਿਸ ਥਾਂ ’ਤੇ ਕੰਡਿਆਲੀਆਂ ਤਾਰਾਂ ਵਲ਼ੀਆਂ ਹੋਈਆਂ ਨੇ
ਬਾਂਝ ਨਹੀਂ ਹੈ ਧਰਤ
ਇੱਥੇ ਫੁੱਲ ਵੀ ਉੱਗ ਸਕਦੇ ਨੇ
... ... ...
ਬੰਬਾਂ ਨਾਲ ਬਲ਼ ਰਹੇ ਰਾਹਾਂ ’ਤੇ
ਕਿਵੇਂ ਤੁਰਨਗੇ ਸਾਡੇ ਧੀਆਂ ਪੁੱਤਰ
ਪਹਿਨਣਗੇ ਉਹ ਵੀ ਅਗਨ ਦੇ ਬਸਤਰ
ਜਾਂ ਫਿਰ ਹੋਣਗੇ ਓਹ ਵੀ ਅਗਨ ਆਹਾਰੀ
ਨਹੀਂ! ਨਹੀਂ! ਉਹ ਇਸ ਤਰ੍ਹਾਂ ਸਾਡੇ ਜਿਹੇ ਨਹੀਂ ਹੋਣਗੇ
ਉਹ ਮੁਨਕਰ ਹੋ ਜਾਣ ਸਾਡੇ ਵਾਰਿਸ ਹੋਣ ਤੋਂ
ਉਹ ਸਿਰਫ਼ ਧਰਤੀ ਮਾਂ ਦੇ ਜਾਏ ਹੋਣ
ਉਹ ਧਰਤ ਜਿਹੇ ਹੀ ਹੋਣ
ਉਹ ਆਪਣੀ ਅਗਨ ਨੂੰ
ਧਰਤੀ ਮਾਂ ਵਾਂਗ ਹੀ ਸੰਭਾਲ਼ਦੇ ਹੋਣ
ਤੇ ਜਿਨ੍ਹਾਂ ਦੇ ਚਿਹਰਿਆਂ ’ਤੇ ਹਰਿਆਵਲਾਂ ਹੋਣ
ਅੱਖਾਂ ’ਚ ਸਾਗਰ ਵੀ ਹੋਣ।
ਸੰਪਰਕ: 88722-66066