ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਵਿ ਕਿਆਰੀ

06:59 AM Sep 24, 2023 IST

ਗ਼ਜ਼ਲ

ਸੁਖਦੇਵ ਸਿੰਘ ਔਲਖ਼

Advertisement

ਕਿਉਂ ਪੈੜ ਚਾਲ ਨਹੀਂ ਰਾਹਵਾਂ ਵਿੱਚ।
ਕਿਉਂ ਆਹਟ ਹੈ ਨਹੀਂ ਹਵਾਵਾਂ ਵਿੱਚ।।

ਇਸ ਰੁੱਤ ਕੁਲਹਿਣੀ ਦੇ ਕਾਰੇ ਦੇਖੋ।
ਕਿਵੇਂ ਦਮ ਘੁਟ ਰਿਹਾ ਹੈ ਛਾਵਾਂ ਵਿੱਚ।।

Advertisement

ਅੱਜ ਕੱਲ੍ਹ ਹੱਸਣਾ ਵੀ ਮਜਬੂਰੀ ਐ।
ਇਸ ਕਦਰ ਚਿੰਤਾ ਘੁਲ ਗਈ ਚਾਵਾਂ ਵਿੱਚ।।

ਮੱਥਾ ਰੌਸ਼ਨ ਜਿਸ ਦਾ ਵੀ ਹੋ ਜਾਵੇ।
ਅਕੀਦਾ ਰਹਿੰਦਾ ਨੀ ਦੁਆਵਾਂ ਵਿੱਚ।।

ਪਹਿਲਾਂ ਵਾਲਾ ਜਾਦੂ ਲੱਭਦੇ ਸੱਜਣ।
ਤੇਰੀਆਂ ਨਾਜ਼ੁਕ ਸ਼ੋਖ਼ ਅਦਾਵਾਂ ਵਿੱਚ।।

ਸਾਮ ਦਾਮ ਦੰਡ ਭੇਦ ਸੰਗ ਰਾਜ ਕਰੋਂ।
ਨਫ਼ਰਤ ਬੀਜ ਕੇ ਸਕੇ ਭਰਾਵਾਂ ਵਿੱਚ।।

ਦੋਸ਼ੀ ਕੌਣ ਹੈ ਇਸ ਵਰਤਾਰੇ ਦਾ, ਹੁਣ।
ਅੰਮ੍ਰਿਤ ਵਗਦਾ ਨਈਂ ਦਰਿਆਵਾਂ ਵਿੱਚ।।

ਕੌਣ ਕੱਦ ਮਿਣਦੈ ਇੱਥੇ ਕਲਮਾਂ ਦੇ।
ਕੁਰਸੀ ਕਬਜ਼ਾ ਚਲਦੈ ਸਭਾਵਾਂ ਵਿੱਚ।।

ਚੋਰ ਬਜ਼ਾਰੀ ਧੱਕੇਸ਼ਾਹੀ ਨਾ ਹੁੰਦੀ।
ਔਲਖ਼ ਜੇ ਦਮ ਹੁੰਦਾ ਸਜ਼ਾਵਾਂ ਵਿੱਚ।।
ਸੰਪਰਕ: 094647-70121

ਤੁਸੀਂ ਜੋ ਮਰਜ਼ੀ ਕਹੋ...

ਡਾ. ਲਖਵੀਰ ਸਿੰਘ ਜੱਟਪੁਰਾ

ਤੁਸੀਂ ਜੋ ਮਰਜ਼ੀ ਕਹੋ...
ਡਰ ਕੇ ਭੱਜਣ
ਤੇ ਬਚ ਕੇ ਨਿਕਲਣ,
ਵਿਚਲਾ ਫ਼ਾਸਲਾ,
ਧਰਤੀ ਤੇ ਆਸਮਾਨ ਜਿੱਡਾ ਹੁੰਦਾ ਏ।

ਤੁਸੀਂ ਜੋ ਮਰਜ਼ੀ ਕਹੋ...
ਹਕੂਮਤ ਤੇ ਹੁਕਮ,
ਵਿਚਲਾ ਫ਼ਾਸਲਾ,
ਐਲਾਨ ਤੇ ਫ਼ਰਮਾਨ ਜਿੱਡਾ ਹੁੰਦਾ ਏ।

ਤੁਸੀਂ ਜੋ ਮਰਜ਼ੀ ਕਹੋ...
ਵਰਦੀ ਤੇ ਬਾਣੇ,
ਵਿਚਲਾ ਫ਼ਾਸਲਾ
ਦਿੱਖ ਤੇ ਪਛਾਣ ਜਿੱਡਾ ਹੁੰਦਾ ਏ।

ਤੁਸੀਂ ਜੋ ਮਰਜ਼ੀ ਕਹੋ...
ਗਾਲ੍ਹ ਤੇ ਲਲਕਾਰ,
ਵਿਚਲਾ ਫ਼ਾਸਲਾ,
ਤਲਵਾਰ ਤੇ ਕ੍ਰਿਪਾਨ ਜਿੱਡਾ ਹੁੰਦਾ ਏ।

ਤੁਸੀਂ ਜੋ ਮਰਜ਼ੀ ਕਹੋ...
ਆਤੰਕੀ ਤੇ ਆਕੀ,
ਵਿਚਲਾ ਫ਼ਾਸਲਾ,
ਦਾਗ ਤੇ ਨਿਸ਼ਾਨ ਜਿੱਡਾ ਹੁੰਦਾ ਏ।

ਤੁਸੀਂ ਜੋ ਮਰਜ਼ੀ ਕਹੋ...
ਮਰੇ ਤੇ ਮਰਜੀਵੜੇ,
ਵਿਚਲਾ ਫ਼ਾਸਲਾ,
ਹਲਾਕ ਤੇ ਕੁਰਬਾਨ ਜਿੱਡਾ ਹੁੰਦਾ ਏ।

ਤੁਸੀਂ ਜੋ ਮਰਜ਼ੀ ਕਹੋ...
ਕਿਆਸ ਤੇ ਇਤਿਹਾਸ,
ਵਿਚਲਾ ਫ਼ਾਸਲਾ
ਘੜਨ ਤੇ ਬਣਾਉਣ ਜਿੱਡਾ ਹੁੰਦਾ ਏ।

ਤੁਸੀਂ ਜੋ ਮਰਜ਼ੀ ਕਹੋ...
ਕਾਬਜ਼ ਤੇ ਵਾਰਿਸ,
ਵਿਚਲਾ ਫ਼ਾਸਲਾ,
ਪਿੰਜਰੇ ਤੇ ਉਡਾਣ ਜਿੱਡਾ ਹੁੰਦਾ ਏ।

Advertisement