ਕਾਵਿ ਕਿਆਰੀ
ਛਲੇਡਾ
ਰਿਪੁਦਮਨ ਸਿੰਘ ਰੂਪ
ਆ ਗਿਆ ਹੈ ਫੇਰ ਛਲੇਡਾ
ਇੱਕ ਨਵੇਂ ਰੂਪ ਵਿੱਚ
ਹੱਥ ਜੋੜ, ਸਿਰ ਝੁਕਾਵੇ
ਖੜ੍ਹਾ ਹੈ ਤੁਹਾਡੇ ਅੱਗੇ।
ਅੱਖਾਂ ਵਿੱਚ ਸ਼ਰਾਰਤ ਨੱਚੇ
ਦਿਲ ਵਿੱਚ ਬੇਈਮਾਨੀ ਹੱਸੇ
ਸਿੱਧੀਆਂ ਪੁੱਠੀਆਂ ਗੱਲਾਂ ਮਾਰੇ
ਭੁਚਲਾਵੇ ਵਿੱਚ ਉਹ ਲੈਣਾ ਚਾਹੇ।
ਕਰਨਾ ਹੈ ਪਾਰ-ਉਤਾਰਾ
ਸਾਰਿਆਂ ਦਾ ਮੈਂ
ਫਸਿਆਂ ਨੂੰ ਦਲਦਲ ਵਿੱਚੋਂ
ਕੱਢਣਾ ਹੈ ਹੁਣ ਮੈਂ।
ਦੱਸੂੰਗਾ ਖੇਤਾਂ ਵਿੱਚ
ਕੀ ਬੀਜਣੈ, ਕੀ ਉਗਾਉਣੈ
ਕੀ ਪਹਿਨਣੈ, ਕੀ ਖਾਣੈ
ਕਿੱਥੇ ਆਉਣੈ, ਕਿੱਥੇ ਜਾਣੈ।
ਮੈਂ ਹਾਂ ਇੱਕ ਛਲੇਡਾ
ਰੂਪ ਨੇ ਕਈ ਮੇਰੇ
ਓਲਡ ਹੋਮ ਭਿਜਵਾਊਂ ਮਾਪੇ
ਤੋੜੂੰ ਸਾਰੇ ਪੀਡੇ ਨਾਤੇ।
ਤਰਸਾਊਂ ਦਾਣੇ ਦਾਣੇ ਤੋਂ
ਪਾਣੀ ਦੇ ਕਤਰੇ ਕਤਰੇ ਤੋਂ
ਨਾ ਤੇੜ ਕੋਈ ਕੱਪੜਾ ਹੋਊ
ਨਾ ਸਿਰ ਉੱਤੇ ਛੱਤ ਹੀ ਹੋਊ।
ਰਾਖ਼ਸ਼ਸ਼ ਦਾ ਮੈਂ ਹੁਕਮ ਹਾਂ ਮੰਨਦਾ
ਜਿਵੇਂ ਕਹੇ ਮੈਂ ਕਰਦਾ ਜਾਵਾਂ
ਚੰਗੇ ਭਲਿਆਂ ਵਿੱਚ ਫੁੱਟ ਮੈਂ ਪਾਵਾਂ
ਖ਼ੂਨ ਦੀਆਂ ਮੈਂ ਨਦੀਆਂ ਵਹਾਵਾਂ।
ਆ ਗਿਆ ਹੈ ਫੇਰ ਛਲੇਡਾ
ਇੱਕ ਨਵੇਂ ਰੂਪ ਵਿੱਚ
ਹੱਥ ਜੋੜ, ਸਿਰ ਝੁਕਾਵੇ
ਖੜ੍ਹਾ ਹੈ ਤੁਹਾਡੇ ਅੱਗੇ।
ਹੜ੍ਹ ਮਾਰੇ ਸੁੰਨੇ ਘਰਾਂ ਦੀ ਇਬਾਰਤ
ਮਨਮੋਹਨ ਸਿੰਘ ਦਾਊਂ
ਟੁੱਟੇ ਹੋਏ ਛੱਪਰ ’ਤੇ
ਕਣੀਆਂ ਨੇ ਪੈ ਰਹੀਆਂ,
ਪੁੱਤ ਪਰਦੇਸ ਗਏ
ਮਾਵਾਂ ਦੁੱਖ ਸਹਿ ਰਹੀਆਂ।
ਕੱਚਿਆਂ ਬਨੇਰਿਆਂ ਤੋਂ
ਖਲੇਪੜ ਡਿੱਗ ਰਹੇ,
ਰੋਟੀ ਕਿੰਝ ਪੱਕੇਗੀ,
ਚੁੱਲ੍ਹੇ ਤਾਂ ਨਹੀਂ ਰਹੇ।
ਬਾਰੀ ਦੀ ਵਾਛੜ ਨੇ
ਘਰ ਨੂੰ ਹੈ ਦੰਗ ਕੀਤਾ,
ਕਰਜ਼ੇ ਦੀ ਪੰਡ ਭਾਰੀ
ਬੈਂਕਾਂ ਨੇ ਤੰਗ ਕੀਤਾ।
ਬੂਹੇ ਦੀ ਸਰਦਲ ਨੂੰ
ਸਿਉਂਕਾਂ ਨੇ ਖਾ ਲਿੱਤਾ,
ਵਸਦਾ ਸੀ ਘਰ ਜਿਹੜਾ
ਜੰਦਰਾ ਹੀ ਲਾ ਦਿੱਤਾ।
ਵਿਹੜੇ ’ਚ ਰੌਣਕ ਨਹੀਂ
ਚਿੜੀਆਂ ਨਾ ਚਹਿਕ ਰਹੀਆਂ,
ਸ਼ਗਨਾਂ ਦੀਆਂ ਗੁਥਲੀਆਂ
ਗੀਤਾਂ ਨੂੰ ਸਹਿਕ ਰਹੀਆਂ।
ਖੁਰਲੀ ਵੀ ਸੁੰਨੀ ਹੈ
ਜੋਤਾਂ ਨੂੰ ਕੀ ਹੋਇਆ,
ਖ਼ੁਦਕੁਸ਼ੀਆਂ ਦੇ ਬੀ ਉੱਗੇ
ਖੇਤਾਂ ਵਿੱਚ ਰੱਬ ਮੋਇਆ।
ਉੱਠ ਕੇ ਤਾਂ ਵੇਖ ਸਹੀ,
ਕੋਈ ਘਰ ਆਇਆ ਹੈ,
ਸੂਰਜ ਦੇ ਚੜ੍ਹਨੇ ਦੀ
ਖ਼ਬਰ ਲਿਆਇਆ ਹੈ।
ਸੰਪਰਕ: 98151-23900