ਕਾਵਿ ਕਿਆਰੀ
ਗ਼ਜ਼ਲ
ਤ੍ਰੈਲੋਚਨ ਲੋਚੀ
ਮੰਨਿਆ ਏਥੇ ਨਾਗ ਤਾਂ ਹੈਗਾ!
ਫਿਰ ਵੀ ਹਰਿਆ ਬਾਗ਼ ਤਾਂ ਹੈਗਾ!
ਇਸ ਅੰਧਕਾਰ ’ਚ ਏਨਾ ਥੋੜ੍ਹੈ?
ਬਲਦਾ ਕੋਈ ਚਿਰਾਗ਼ ਤਾਂ ਹੈਗਾ!
ਸ਼ੁਕਰ ਕਰੋ ਕਿ ਕਲਯੁਗ ਵਿੱਚ ਵੀ,
ਵਜਦਾ ਕਿਧਰੇ ਰਾਗ ਤਾਂ ਹੈਗਾ!
ਚੌਧਰੀਆਂ ਨੂੰ ਸਜ਼ਾ ਨਈਂ ਹੋਣੀ,
ਮੁਨਸਿਫ਼ ਕੋਲ ਸੁਰਾਗ ਤਾਂ ਹੈਗਾ!
ਮੰਨਿਆ ਲੋਚੀ ਰੱਬ ਤੋਂ ਮੁਨਕਰ,
ਮਨ ਦੇ ਵਿੱਚ ਵੈਰਾਗ ਤਾਂ ਹੈਗਾ!
ਸੰਪਰਕ: 98142-53315
ਨੈਣਾਂ ਵਿੱਚ ਸਮੁੰਦਰ
ਅਨੰਤ ਗਿੱਲ
ਤੈਨੂੰ ਈ ਲਗਦਾ, ਪੈਰਾਂ ਹੇਠਾਂ ਅੰਬਰ ਹੈ।
ਗੈਰਾਂ ਦੇ ਘਰ, ਦਿਸਦੀ ਅੱਗ ਬਸੰਤਰ ਹੈ।
ਹੋਰ ਭਲਾ ਕੀ ਮੰਗਣਾ, ਸੋਹਣੇ ਰੱਬ ਕੋਲੋਂ,
ਦੇ ਦਿੱਤਾ ਵਰਦਾਨ ’ਚ, ਅੱਖਰ ਅੱਖਰ ਹੈ।
ਬੇਕਦਰਾਂ ਸੰਗ ਨੇਹੁ, ਇਹੋ ਮਿਲਣਾ ਸੀ,
ਸੁਪਨਿਆਂ ਦੇ ਨੈਣੀਂ, ਖੁੱਭੀ ਛਿਲਤਰ ਹੈ।
ਭਲਾ ਸਰਬੱਤ ਦਾ ਮੰਗ ਕੇ, ਅੱਖਾਂ ਮੁੰਦ ਲਵਾਂ,
ਅੱਖ ਖੁੱਲ੍ਹੇ ਜਦ ਆਖਾਂ, ਵਾਹਿਗੁਰੂ ਸ਼ੁਕਰ ਹੈ।
ਦਿਲ ਦੀਆਂ ਸੱਭੇ ਦਿਲ ’ਚ ਲੈਕੇ ਤੁਰ ਜਾਣਾ,
ਕੀਹਨੂੰ ਦੱਸਾਂ ?? ਕੀ ਕੀ ਦਿਲ ਦੇ ਅੰਦਰ ਹੈ।
ਓਸੇ ਈ ਖਾਤਿਰ, ਰੋ-ਰੋ ਦੀਦੇ ਗਾਲ਼ ਲਏ,
ਜੋ ਕਹਿੰਦਾ ਸੀ, ਨੈਣਾਂ ਵਿੱਚ ਸਮੁੰਦਰ ਹੈ।
ਲੱਖ ਚੰਗਾ ਹੈ ਦਰਦ, ਵਿਚਾਲੇ ਟੁੱਟੀਆਂ ਦਾ,
ਟੁੱਟਣ ਭਰਮ ਤਾਂ, ਬੜਾ ਡਰਾਉਂਦਾ ਮੰਜ਼ਰ ਹੈ।
ਜੋ ਹੱਥ ਉਠਦੇ ਵੇਖੇ, ਕਦੇ ਦੁਆਵਾਂ ਲਈ,
ਉਨ੍ਹਾਂ ਈ ਹੱਥਾਂ ਵਿੱਚ, ਅੱਜਕੱਲ੍ਹ ਖੰਜਰ ਹੈ।
* * *
ਪੰਜਾਬ
ਗੁਰਮੀਤ ਸਿੰਘ ਰਾਮਪੁਰੀ
ਪੱਤੀ ਪੱਤੀ ਹੋ ਕੇ ਬਿਖਰਿਆ
ਫੁੱਲ ਗੁਲਾਬ ਨੂੰ ਜੋੜ ਦਿਉ
ਹਾੜ੍ਹਾ ਓ ਰਹਬਿਰ ਬੰਦਿਉ
ਟੁੱਟੇ ਪੰਜਾਬ ਨੂੰ ਜੋੜ ਦਿਉ
ਹਾੜ੍ਹਾ ਓ ਰਹਬਿਰ ਬੰਦਿਉ...
ਸੰਨ ਸੰਤਾਲੀ ਵੰਡ ਵੇਲੇ
ਕਿੰਨੇ ਸੰਤਾਪ ਹੰਢਾਏ ਨੇ
ਆਪਣਿਆਂ ਵੀ ਇਸ ਦੀ
ਪਿੱਠ ’ਤੇ ਛੁਰੇ ਚਲਾਏ ਨੇ
ਸਾਂਝਾਂ ਦਾ ਹੋਕਾ ਦਿੰਦੀ ਸੀ
ਓਸ ਰਬਾਬ ਨੂੰ ਮੋੜ ਦਿਉ
ਹਾੜ੍ਹਾ ਓ ਰਹਬਿਰ ਬੰਦਿਉ...
ਇੱਕੋ ਪੰਗਤ ਸਭ ਬੰਦੇ
ਛਕਦੇ ਤੇ ਛਕਾਉਂਦੇ ਸੀ
ਕੰਡਾ ਵੱਜਦਿਆਂ ਵੀ ਆ ਕੇ
ਦੁੱਖ ਦਰਦ ਵੰਡਾਉਂਦੇ ਸੀ
ਸ਼ਹੀਦਾਂ ਨੇ ਜੋ ਸਿਰਜੇ ਸੀ
ਹਰ ਖ਼ੁਆਬ ਨੂੰ ਮੋੜ ਦਿਉ
ਹਾੜ੍ਹਾ ਓ ਰਹਬਿਰ ਬੰਦਿਉ...
ਚਾਤਰ ਲੋਕ ਲੜਾ ਸਾਡੇ
ਵਿੱਚ ਫੁੱਟ ਪੁਆਉਂਦੇ ਨੇ
ਭੋਲੇ ਭਾਲੇ ਲੋਕਾਂ ਦੇ ਹੱਥ
ਹਥਿਆਰ ਫੜਾਉਂਦੇ ਨੇ
ਲੋਕਾਂ ਦਾ ਬਣ ਵਿਸਰੇ
ਓਸ ਨਵਾਬ ਨੂੰ ਮੋੜ ਦਿਉ
ਹਾੜ੍ਹਾ ਓ ਰਹਬਿਰ ਬੰਦਿਉ...
ਬਚਪਨ ਦੀ ਮੁਹੱਬਤ
ਨਫ਼ਰਤ ਨੇ ਲਤਾੜੀ ਜੋ
ਇੱਕੋ ਥਾਲੀ ਰਲ ਖਾਂਦੇ ਸੀ
ਮੁੜ ਮਿਲ ਨਾ ਸਕੇ ਆੜੀ ਜੋ
‘ਮੀਤ’ ਜੰਗ ਦੀ ਭੇਟ ਚੜ੍ਹੇ
ਆਫ਼ਤਾਬ ਨੂੰ ਮੋੜ ਦਿਉ
ਹਾੜ੍ਹਾ ਓ ਰਹਬਿਰ ਬੰਦਿਉ
ਟੁੱਟੇ ਪੰਜਾਬ ਨੂੰ ਜੋੜ ਦਿਉ...।
ਸੰਪਰਕ: 98783-25301