ਕਾਵਿ ਕਿਆਰੀ
ਮੇਰੇ ਪਿੰਡ ਦੀਆਂ ਕੁੜੀਆਂ
ਸੁਖਵਿੰਦਰ ਚਹਿਲ
ਇਹ ਭੋਲੀਆਂ ਨਿਰਛਲ ਬਾਹਲੀਆਂ ਨੇ
ਇਹ ਸੱਚ ਬੋਲਣ ਨੂੰ ਕਾਹਲੀਆਂ ਨੇ
ਇਹ ਚਾਵਾਂ ਦੇ ਨਾਲ ਪਾਲੀਆਂ ਨੇ
ਜੋ ਆਣ ਤ੍ਰਿੰਞਣ ਜੁੜੀਆਂ ਨੇ
ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ।
ਇਹ ਮਾਣ ਬਾਪੂ ਦੇ ਚੀਰੇ ਦਾ
ਇਹ ਬੁਣਨ ਸਵੈਟਰ ਵੀਰੇ ਦਾ
ਇਹ ਮਾਂ ਦੀ ਚੁੰਨੀ ਲੈਂਦੀਆਂ ਨੇ
ਇਹ ਬਣ ਕੇ ਪਰੀਆਂ ਰਹਿੰਦੀਆਂ ਨੇ
ਇਹ ਸਰ ਮੰਜ਼ਿਲਾਂ ਨੂੰ ਕਰਦੀਆਂ ਨੇ
ਇਹ ਜਦੋਂ ਠਾਣ ਕੇ ਤੁਰੀਆਂ ਨੇ
ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ।
ਇਹ ਰੱਖਣ ਗੁੰਦ ਕੇ ਗੁੱਤਾਂ ਨੂੰ
ਇਹ ਰੰਗ ਦਿੰਦੀਆਂ ਰੁੱਤਾਂ ਨੂੰ
ਇਹ ਵੱਖਰੀਆਂ ਪੈੜਾਂ ਕਰਦੀਆਂ ਨੇ
ਨਾ ਭੀੜ ਦੇ ਪਿੱਛੇ ਮੁੜੀਆਂ ਨੇ
ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ।
ਇਹ ਧੀਆਂ ਮਾਂ ਰਕਾਨ ਦੀਆਂ
ਇਹ ਚੌਂਕਾ ਸਾਂਭਣਾ ਜਾਣਦੀਆਂ
ਕੁਝ ਵਿੱਚ ਵਿਦੇਸ਼ਾਂ ਵਸਦੀਆਂ ਨੇ
ਹੋ ਗਈਆਂ ਸਮੇਂ ਦੇ ਹਾਣ ਦੀਆਂ
ਇਨ੍ਹਾਂ ਕਿਸਮਤ ਘੜ੍ਹ ਲਈ ਹਿੰਮਤ ਨਾਲ
ਨਾ ‘ਚਹਿਲਾ’ ਕਿਸਮਤ ਥੁੜੀਆਂ ਨੇ
ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ।
ਸੰਪਰਕ: 89688-89550
* * *
ਡਿਜੀਟਲ ਚੌਕ
ਚਰਨਜੀਤ ਨੌਹਰਾ
ਇੰਟਰਨੈੱਟ ਉੱਤੇ,
ਕਿੰਨਾ ਹੀ ਕੁਝ,
ਸਿਰਫ਼ ਦੋ ਕਲਿਕ ਦੀ ਦੂਰੀ ’ਤੇ ਹੈ,
ਬਹੁਤ ਚੰਗਾ ਵੀ,
ਬਹੁਤ ਮਾੜਾ ਵੀ,
ਇੰਟਰਨੈੱਟ ਵਾਲਾ ਮੋਬਾਈਲ
ਇੱਕ ਡਿਜੀਟਲ ਚੌਕ ਹੈ,
ਜਿੱਥੋਂ ਅਕਸਰ,
ਅੰਗੂਠੇ ਰਸਤਾ ਭਟਕਦੇ ਹਨ...
ਭਟਕੇ ਰਸਤੇ ਉੱਤੇ ਮਿਲ ਸਕਦੇ ਨੇ,
ਖ਼ਬਰਾਂ ਦੇਣ ਦੇ ਭੁੱਖੇ,
ਵਿਊਜ਼ ਨੂੰ ਤਰਸਦੇ,
ਟੀ.ਆਰ.ਪੀ. ਦੇ ਸ਼ਿਕਾਰੀ,
ਫਿਰ ਇਹੀ ਅਮੁੱਕ ਲਾਲਸਾ,
ਕਦੇ ਨਹੀਂ ਮੁੱਕਣੀ,
ਭੁਲੇਖੇ ਪਾਉਂਦੀ,
ਵਹਿਮ ਸਿਰਜਦੀ...
ਇਸੇ ਡਿਜੀਟਲ ਚੌਕ ਵਿੱਚੋਂ,
ਰਸਤੇ ਜਾਂਦੇ ਹਨ ਡਿਜੀਟਲ ਗ਼ੁਲਾਮੀ ਵੱਲੇ,
ਜਦ ਅੰਗੂਠਾ ਕਲਿੱਕ ਕਰਦਾ,
ਵਿਊਸ਼ਿਪ ਵਧਦੀ,
ਅੰਗੂਠਾ ਘਿਸਦਾ ਰਹਿੰਦਾ,
ਵਿਊਸ਼ਿਪ ਵਧਦੀ,
ਅੰਗੂਠਾ ਕੰਟੈਂਟ ਪੀਂਦਾ ਹੈ,
ਕੁਝ ਹੋਰ ਪਰੋਸਣ ਦੀ ਭੁੱਖ ਵਧਦੀ,
ਫਿਰ ਅੰਗੂਠੇ ਕਲਿੱਕ ਕਰਦੇ ਕਰਦੇ,
ਦਿਸ਼ਾ ਭਟਕਦੇ,
ਭਟਕੇ ਅੰਗੂਠੇ,
ਇੰਟਰਨੈੱਟ ਦੇ ਮੱਕੜਜਾਲ ਵਿੱਚ ਫਸਦੇ।
ਡਿਜੀਟਲ ਚੌਕਾਂ ਉੱਤੇ ਵਾਇਰਸ ਮਿਲਦੇ,
‘ਅੰਗੂਠਿਆਂ’ ਦੇ ਮਨਾਂ ਅੰਦਰ,
‘ਇਨਫੈਕਸ਼ਨ’ ਕਰਦੇ,
ਮੋਬਾਈਲ ਦੀ ਸਕਰੀਨ ਉੱਤੇ,
ਘਿਸ ਰਿਹਾ ਅੰਗੂਠਾ,
ਹਰ ਵਿਰੋਧ ਦਾ ਸਾਹ ਘੁੱਟ ਰਿਹਾ।
ਬਹੁਤ ਘੱਟ ਮਿਲਦੇ ਹਨ
ਮੀਲ ਪੱਥਰ,
ਇਸ ‘ਡਿਜ਼ੀਟਲ ਚੌਕ’ ਵਿੱਚ।
ਬਹੁਤ ਜ਼ਰੂਰੀ ਹੋ ਗਏ,
ਦਿਸ਼ਾਵਾਂ ਦੱਸਦੇ ਮੀਲ ਪੱਥਰ
ਡਿਜੀਟਲ ਚੌਕਾਂ ਵਿੱਚ।