ਕਾਵਿ ਕਿਆਰੀ
ਮੈਂ ਅਜੇ ਜੰਮੀ ਨਹੀਂ
ਸਰਬਜੀਤ ਕੌਰ ਜੱਸ
ਸੈਆਂ ਵਰ੍ਹੇ ਬੀਤ ਗਏ
ਅਨੰਤ ਪਲ ਸਿਫ਼ਰ ਹੋ ਗਏ
ਬੰਦੇ ਗੱਡੀਆਂ ਦੀ ਜੂਨੇ ਪੈ ਗਏ
ਪਰ ਮੇਰੀ ਰੂਹ ਦੇ ਪਹੇ ’ਤੇ
ਇਕ ਗੱਡਾ ਅੱਜ ਵੀ ਤੁਰਦੈ
ਢੀਚਕ-ਢੀਚਕ ਕਰਦਾ
ਜਿਵੇਂ ਮਰੇ ਹੋਏ ਪਿੱਤਰਾਂ ਦੀਆਂ
ਵੱਢੀਆਂ-ਟੁੱਕੀਆਂ ਲਾਸ਼ਾਂ ਢੋਅ ਰਿਹਾ ਹੋਵੇ...
ਜਿਨ੍ਹਾਂ ਦੀਆਂ ਬਾਹਾਂ
ਗੰਡਾਸਿਆਂ ’ਚ ਵਟ ਗਈਆਂ ਸਨ
ਜਿਨ੍ਹਾਂ ਦੇ ਹੱਥ ਟਕੂਏ
ਤੇ ਉਂਗਲਾਂ ਚਾਕੂ ਬਣ ਗਈਆਂ ਸਨ
ਜਿਨ੍ਹਾਂ ਨੇ ਨਾ ਆਇਤ ਪੜ੍ਹੀ
ਨਾ ਗੁਟਕਾ
ਤੇ ਨਾ ਗੀਤਾ
ਪਰ ਧਰਮ ਨੂੰ ਰੁਮਾਲ ਵਾਂਗ
ਤਹਿ ਲਾ ਕੇ ਬੋਝੇ ’ਚ ਸਾਂਭਿਆ ਹੋਇਆ ਸੀ
ਉਹ ਕੌਣ ਸਨ... ਲਾਹੌਰ?
* * *
ਦਾਦੇ ਦੇ ਨਾੜੂਏ ਤੋਂ ਲੈ ਕੇ
ਮੇਰੇ ਬੱਚੇ ਦੇ ਨਾੜੂਏ ਤੱਕ
ਇਕ ਕਤਰਾ ਤੁਰ ਰਿਹਾ
ਪੀੜ੍ਹੀ-ਦਰ-ਪੀੜ੍ਹੀ
ਪੁਸ਼ਤ-ਦਰ-ਪੁਸ਼ਤ
ਤੇਰੇ ਤੇ ਮੇਰੇ ਰਿਸ਼ਤੇ ਦਾ ਮੁਖਤਿਆਰਨਾਮਾ
ਇਸ ਕਤਰੇ ’ਤੇ
ਤੇਰੀ ਮਿੱਟੀ ਦੇ ਦਸਤਖ਼ਤ ਨੇ ਲਾਹੌਰ
ਜੋ ਨਾ ਵਕਤ ਨੇ ਪੜ੍ਹੇ
ਨਾ ਤਵਾਰੀਖ਼ ਨੇ ਪਛਾਣੇ
* * *
ਲਾਹੌਰ
ਤੂੰ ਦਾਦੇ ਦੀਆਂ ਯਾਦਾਂ ’ਚ
ਖੁੱਭਿਆ ਹੋਇਆ ਸੀ
ਜਾਂ ਤੇਰੇ ’ਚ ਖੁੱਭੀਆਂ ਸਨ
ਦਾਦੇ ਦੀਆਂ ਯਾਦਾਂ?
ਤੂੰ ਉਸ ਦੇ ਦੁੱਖ ਦਾ ਅੰਤਲਾ ਬਿੰਦੂ ਸੀ
ਜਾਂ ਪਹਿਲਾ?
ਜਿੱਥੇ ਪਹੁੰਚ ਕੇ ਸ਼ਬਦ ਦਮ ਤੋੜ ਦਿੰਦੇ
ਤੇ ਖ਼ਾਮੋਸ਼ੀ ਹਾਓਕੇੇ ’ਚ ਅਨੁਵਾਦ ਹੋ ਜਾਂਦੀ
ਹੇਰਵੇ ਦਾ ਸਵਾਲ
ਸਮਝ ਦੀ ਕਾਪੀ ’ਤੇ ਹੱਲ ਕਿਉਂ ਨਹੀਂ ਹੁੰਦਾ?
* * *
ਲਾਹੌਰ
ਧਰਤੀ ਦੀ ਹਿੱਕ ’ਤੇ ਵਲੀ
ਕੰਡਿਆਲੀ ਤਾਰ ਦਾ ਕੰਡਾ
ਸਾਡੇ ਚੇਤਿਆਂ ’ਚ ਚੁਭਦਾ ਰਿਹਾ ਤਾਉਮਰ
ਬਾਂਝ ਹੈ ਲੋਹਾ
ਇਕ ਸੂਈ ਨਾ ਜੰਮ ਸਕਿਆ
ਜੋ ਕੱਢ ਸਕਦੀ
ਰੂਹ ’ਚ ਪੁੜਿਆ ਕੰਡਾ
ਜਦ ਵੀ ਟੱਕਰਿਆ
ਹਥਿਆਰ ਬਣਕੇ ਟੱਕਰਿਆ
ਅਸੀਂ ਲੋਹੇ ਸੰਗ ਲੜਦੇ
ਲੋਹਾ ਹੋ ਗਏ
ਜੇ ਖ਼ੁਦ ਹੀ ਮੋਮ ਹੋ ਜਾਂਦੇ
ਤਾਂ ਲੋੜ ਨਾ ਪੈਂਦੀ
ਸਰਹੱਦਾਂ ’ਤੇ ਮੋਮਬੱਤੀਆਂ ਧਰਨ ਦੀ!
* * *
ਦੇਖ
ਧਰਤੀ ਦੇ ਵਾਹੇ ਕੇਸਾਂ ਵਿਚਕਾਰ ਹੈ
ਇਕ ਚੀਰ
ਸਿਰ ਨੂੰ ਦੋ ਹਿੱਸਿਆਂ ’ਚ ਵੰਡਦਾ
ਜਿਵੇਂ ਵਾਹਗੇ ਦੀ ਸਰਹੱਦ ਹੋਵੇ
ਜਿਵੇਂ ਖਾਈ ਹੋਵੇ ਕਸ਼ਮੀਰ ਦੀ
ਜਿਵੇਂ ਸਾਂਝੇ ਵਿਹੜੇ ਦੇ ਵਿਚਕਾਰ
ਕੋਈ ਜ਼ਖ਼ਮ ਵਰਗੀ ਕੰਧ ਉੱਗ ਪਵੇ
ਤੂੰ ਹੀ ਦੱਸ
ਭਲਾ ਬਾਪੂ ਦੇ ਚੇਤਿਆਂ ਵਾਲੇ ਚੌਂਕੇ ’ਚ ਛਿਪੇ
‘ਕਸੂਰ’ ਦਾ ਕੀ ਸੀ ਕਸੂਰ
ਕਿ ਉਹ ਖੋਹ ਕੇ ਲੈ ਗਏ
ਜਿਵੇਂ ਹੀਜੜਿਆਂ ਦੀ ਟੋਲੀ
ਹੋ-ਹੱਲਾ ਕਰਦੀ
ਮਾਂ ਦੀ ਹਿੱਕੜੀ ਨਾਲ ਚਿਪਕੇ
ਬਾਲ ਨੂੰ ਧੂਹ ਕੇ ਲੈ ਜਾਂਦੀ ਏ
ਤੇ ਪਾ ਦਿੰਦੀ ਏ
ਮਮਤਾ ਦੀ ਜੂਨ ’ਚੋਂ ਕੱਢ
ਘੁੰਗਰੂਆਂ ਦੀ ਜੂਨੇ
ਇਹ ਕੀ ਹੋਇਆ!
ਕਿ ਤੇਰੇ ਨਕਸ਼ੇ ਜਿੱਡਾ ਲਾਲ ਟਿੱਕਾ
ਦਾਦੇ ਦੀ ਹਿੱਕ ਉੱਤੇ
ਤੇ ਸਾਡੇ ਮੱਥਿਆਂ ’ਤੇ
ਰਫ਼ਿਊਜੀ ਹੋਣ ਦਾ ਦਾਗ ਬਣਕੇ ਛਪ ਗਿਆ
ਤੇ ਤਮਾਮ ਉਮਰ ਰਿਸਦਾ ਰਿਹਾ
ਜ਼ਖ਼ਮ ਬਣਕੇ...
* * *
ਤੂੰ ਆਪਣੀ ਮੁੱਠੀ ’ਚ
ਸਾਂਭਿਆ ਹੋਇਆ ਹੈ
ਏਕਮ ਉਂਕਾਰ ਦੇ ਜਨਮ ਦਾ ਰਹੱਸ
ਤੇਰੀ ਹੀ ਹਿੱਕ ’ਚੋਂ ਨਿਕਲ
ਉਦਾਸੀਆਂ ਨੇ
ਦਿਸ਼ਾਵਾਂ ਦੇ ਸਿਰ ਪਲੋਸੇ ਸਨ
ਤੂੰ ਜਾਣਦੈਂ
ਕਿੰਜ ਰਾਏ ਬੁਲਾਰ ਦੀ ਭੇਂਟ ਕੀਤੀ ਭੂਮੀ
ਨਨਕਾਣੇ ਦੀ ਜੂਨੇ ਪਈ ਸੀ
ਕਿਵੇਂ ਜ਼ਹਿਰ ਦਾ ਫਨ
ਬਿਰਖ਼ ਬਣ
ਅੰਮ੍ਰਿਤ ਨੂੰ ਛਾਂ ਕਰ ਗਿਆ ਸੀ
ਤੇਰੀ ਹੀ ਫ਼ਿਜ਼ਾ ’ਚ ਗੂੰਜੇ ਸਨ
ਬਾਬੇ ਦੀ ਚੁੱਪ ’ਚੋਂ ਨਿਕਲੇ
ਸੁੱਚੇ ਮੋਤੀਆਂ ਜਿਹੇ ਬੋਲ
ਤੇਰੇ ਬਿਰਖ਼ਾਂ ਦੇ ਹਰੇ-ਕਚੂਰ
ਪੱਤਿਆਂ ’ਚ ਰੁਮਕਦੀ ਪੌਣ
ਸਾਖ਼ਸ਼ਾਤ ਗਵਾਹ ਹੈ
ਰਬਾਬ ਦੀ ਧੁਨ
ਤੇ ਅਲਾਹੀ ਬੋਲਾਂ ਦੇ ਹਕੀਕੀ ਇਸ਼ਕ ਦੀ !
ਲਾਹੌਰ
ਤੇਰੀਆਂ ਹੀ ਅੱਖਾਂ ਸਾਹਵੇਂ ਲੜਿਆ ਸੀ
ਕੋਧਰੇ ਦੀ ਰੋਟੀ ਨੇ
ਸ਼ਾਹੀ ਪਕਵਾਨਾਂ ਨਾਲ ਯੁੱਧ
ਬਹਿਸ ਨੇ ਹਥਿਆਰ ਸੁੱਟ ਦਿੱਤੇ ਸਨ
ਤਰਕ ਦਾ ਝੰਡਾ
ਸ਼ੰਕਿਆਂ ਦੇ ਬੱਦਲ਼ਾਂ ਤੋਂ
ਬਹੁਤ ਉਤਾਂਹ ਤੱਕ ਲਹਿਰਾ ਗਿਆ ਸੀ
ਤੂੰ ਜਾਣਦੈਂ
ਫ਼ਕੀਰਾਂ ਦੀ ਚੁੱਪ ਦੇ ਅਰਥ
ਬੜਬੋਲਿਆਂ ਦੇ ਜਾਦੂਮਈ ਬੋਲਾਂ ਤੋਂ
ਕਿਤੇ ਗਹਿਰੇ ਹੁੰਦੇ ਨੇ...!
* * *
ਤੇਰੀ ਹੀ ਮਿੱਟੀ ਤੋਂ ਬਣੇ ਸਨ
ਦੁੱਲਾਭੱਟੀ ਦੇ ਹੱਥ
ਜਿਹੜੇ ਧੀਆਂ ਦੇ ਸਿਰਾਂ ’ਤੇ ਟਿਕਣ ਨਾਲ
ਤਖ਼ਤ ਸੰਗ ਲੜਨ ਦਾ
ਹੁਨਰ ਵੀ ਜਾਣਦੇ ਸਨ
ਤੇਰੀ ਹੀ ਮਿੱਟੀ ਦਾ ਬਣਿਆ ਸੀ
ਡਾਕੂ ਦੇ ਗਲ ’ਚ ਪਿਆ
ਫ਼ਕੀਰੀ ਦਾ ਚੋਲਾ
ਸ਼ਾਹ ਹੁਸੈਨ ਨੇ ਤੇਰੀ ਹੀ ਮਿੱਟੀ ਦਾ
ਰੁੱਗ ਭਰਕੇ ਗਾਇਆ ਸੀ
‘ਮਾਟੀ ਕੁਦਮ ਕਰੇਂਦੀ ਯਾਰ’
* * *
ਜਾਣਦੀ ਹਾਂ
ਤੇਰੇ ਤਖ਼ਤ ਦੇ ਪਾਵੇ ਵੀ
ਉਸੇ ਰੁੱਖ ਤੋਂ ਬਣੇ ਸਨ
ਜਿਹੜੇ ਰੁੱਖ ਦੀ ਬਲੀ ਚੜ੍ਹਾਉਣ ਤੋਂ ਬਾਅਦ
ਦਿੱਲੀ ਦੀ ਛੱਤ ’ਤੇ
ਛਤੀਰ ਪਿਆ ਸੀ
ਤੇਰੇ ਵੱਲ ਵੀ
ਭਾਸ਼ਣਾਂ ਦੀਆਂ ਆਵਾਜ਼ਾਂ
ਦਬਾਅ ਲੈਂਦੀਆਂ ਹੋਣਗੀਆਂ
ਕਿੰਨੇ ਹੀ ਹਾਉਕੇ, ਹੰਝੂ ਤੇ ਸਿਸਕੀਆਂ
ਤੇਰੇ ਵੱਲ ਵੀ
ਵਿਕਦੇ ਹੋਣਗੇ ਚੋਣਾਂ ਦੇ ਮੇਲਿਆਂ ’ਚ
ਲਾਰਿਆਂ ਦੇ ਲੌਲੀਪੌਪ
ਤੇਰੇ ਵੱਲ ਵੀ
ਸਿਰ ਤੋਂ ਵੱਧ
ਰਾਜ ਦੀ ਕੀਮਤ ਹੋਵੇਗੀ
ਤੇਰੇ ਵੱਲ ਵੀ
ਵੇਖਦੀ ਹੋਵੇਗੀ ਮਿੱਟੀ
ਖੇਤਾਂ ਵਿੱਚ ਨਦੀਨ ਵਾਂਗ ਉੱਗਦਾ ਕਰਜ਼
ਮਿੱਟੀ ਇੱਧਰ ਵੀ ਓਹੀ ਵੇਖਦੀ ਹੈ
ਉਧਰ ਵੀ ਓਹੀ ਵੇਖਦੀ ਹੈ
ਆਪਾਂ ਦੋ ਅੱਖਾਂ ਦੇ ਮਾਣ ’ਚ
ਅੰਨ੍ਹੇ ਹੋਏ ਕੀ ਜਾਣੀਏ
ਕਿ ਮਿੱਟੀ ਦੀਆਂ ਹਜ਼ਾਰਾਂ ਅੱਖਾਂ ਹੁੰਦੀਆਂ ਹਨ
ਤੇ ਇਨ੍ਹਾਂ ਅੱਖਾਂ ਵਿਚਕਾਰ
ਨੱਕ ਨਹੀਂ
ਸਰਹੱਦ ਹੁੰਦੀ ਹੈ
* * *
ਰਾਹ ਹੀ ਰਾਹ ਨੇ
ਘੁੰਮਣ ਘੇਰੀਆਂ ਵਰਗੇ ...
ਗੁੰਝਲਾਂ ਹੀ ਗੁੰਝਲਾਂ
ਮੱਥਿਆਂ ਵਿਚਕਾਰ ...
ਲਕੀਰਾਂ ਹੀ ਲਕੀਰਾਂ
ਧਰਤੀ ਦੇ ਜਿਸਮ ’ਤੇ...
ਕੁਝ ਵੀ ਨਹੀਂ ਹੈ
ਸਾਬਤ-ਸਬੂਤਾ ਖਰੇ ਸਿੱਕੇ ਵਰਗਾ...
ਜਾਤਾਂ, ਨਸਲਾਂ, ਧਰਮਾਂ ਦੀਆਂ ਹਜ਼ਾਰਾਂ ਕੁੱਖਾਂ ਨੇ
ਮਨੁੱਖਤਾ ਦੀ ਇੱਕ ਹੀ ਕੁੱਖ ਹੈ
ਜੋ ਕਦੇ-ਕਦਾਈਂ ਜਨਮਦੀ ਹੈ
ਮਨੁੱਖ ਦਾ ਬੱਚਾ
ਈਸਾ, ਹਜ਼ਰਤ, ਕ੍ਰਿਸ਼ਨ
ਨਾਨਕ ਦੇ ਰੂਪ ਵਿੱਚ
ਤੇ ਉਹ ਵੀ ਖੋਹ ਕੇ ਲੈ ਜਾਂਦੇ ਨੇ
ਜਾਤਾਂ, ਨਸਲਾਂ, ਧਰਮਾਂ ਵਾਲੇ...
* * *
ਤੇਰੀ ਮਿੱਟੀ ਦਾ
ਕੋਈ ਤਾਂ ਕਿਣਕਾ ਜਾਗਦਾ ਹੋਵੇਗਾ
ਮੇਰੇ ਮਾਸ ਅੰਦਰ
ਤੇਰੀ ਤਲੀ ਤੋਂ ਚੁਗਿਆ
ਪੁਰਖਿਆਂ ਦਾ ਦਾਣਾ
ਮੇਰੇ ਅੰਦਰ ਕਬੂਤਰ ਬਣਕੇ
ਗੁਟਕ ਰਿਹਾ ਹੈ
ਤੈਨੂੰ ਵੇਖਣ ਦੀ ਤਲਬ ਨੇ
ਸੈਆਂ ਮਿਰਗ ਜਨਮ ਦਿੱਤੇ ਨੇ
ਮੇਰੇ ਅੰਦਰ
ਪਰ ਤੇਰੀ ਦੀਦ ਨੇ
ਅਜੇ ਤੱਕ ਮੁਕਤ ਨਹੀਂ ਕੀਤਾ
ਗਰਭ-ਕਾਲ ਤੋਂ
ਮੈਂ ਅਜੇ ਜੰਮੀ ਨਹੀਂ... ਲਾਹੌਰ
ਸੰਪਰਕ: 95014-85511