For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

09:23 AM Jul 30, 2023 IST
ਕਾਵਿ ਕਿਆਰੀ
Advertisement

ਗ਼ਜ਼ਲ

ਗੁਰਦਿਆਲ ਦਲਾਲ

Advertisement

ਰੋਕੀਂ ਉਸ ਦਰਿਆ ਨੂੰ ਪੁੱਛੀਂ, ਝਰਨੇ ਵਿੱਚ ਮਿਲਾਏ ਕਿੱਦਾਂ?
ਹੋਂਦ ਮਿਟਾ ਕੇ ਨਿੱਕੜਿਆਂ ਦੀ, ਅਪਣੇ ਨਾਲ਼ ਵਹਾਏ ਕਿੱਦਾਂ?

ਪਲ ਵਿਚ ਤੂੰ ਮੰਧਿਆ ਦਿੱਤਾ ਏ, ਦੋ ਘੁੱਟਾਂ ਭਰ ਜਿਸ ਪਾਣੀ ਨੂੰ,
ਉਸ ਨੂੰ ਪੁੱਛੀਂ ਉੱਡ ਸਾਗਰ ਤੋਂ, ਬੁੱਲ੍ਹੀਆਂ ਤੀਕਰ ਆਏ ਕਿੱਦਾਂ?

ਥੱਕੀ ਟੁੱਟੀ ਘਰ ਪੁੱਜੇ ਉਹ, ਪਤੀ ਹਵਾਲੇ ਕਰੇ ਕਮਾਈ,
ਰੋ ਰੋ ਧੀ ਬਾਬਲ ਨੂੰ ਪੁੱਛੇ, ਮੇਰੇ ਲੇਖ ਲਿਖਾਏ ਕਿੱਦਾਂ?

ਚਾਰ ਚੁਫ਼ੇਰੇ ਵਾੜ ਬਣੀ ਹੈ, ਦਰ ਅੱਗੇ ਤਲਵਾਰ ਤਣੀ ਹੈ,
ਰੋਕੋ ਦਿਲ ਚੋਰਾਂ ਨੂੰ ਰੋਕੋ, ਸੁਪਨੇ ਦੇ ਵਿਚ ਆਏ ਕਿੱਦਾਂ?

ਰਾਹਾਂ ਦੇ ਵਿਚ ਖੋਲ੍ਹ ਦੁਕਾਨਾਂ, ਜ਼ਾਲਿਮ ਦੁੱਖ ਸਜਾਈ ਬੈਠੇ,
ਭੋਲ਼ੇ ਲੋਕੀ ਪੁੱਛਣ ਰੁਕ ਰੁਕ, ਦੱਸੋ ਜੀ ਇਹ ਲਾਏ ਕਿੱਦਾਂ?

ਹੌਲ਼ੀ ਹੌਲ਼ੀ ਵਕਤ ਬੀਤਿਆ, ਭੁੱਲੇ ਹਾਂ ਇਤਿਹਾਸ ਆਪਣਾ,
ਕੀ ਲਿਖੀਏ ਕਿ ਸੂਰਮਿਆਂ ਨੇ, ਅਪਣੇ ਸੀਸ ਕਟਾਏ ਕਿੱਦਾਂ?

ਰੁਕ ਕੇ ਅੱਜ ਬਨੇਰੇ ਉੱਤੇ, ਇਕ ਬਦਲ਼ੀ ਸੀ ਵਾਲ਼ ਝਟਕਦੀ,
ਕੀ ਦੱਸਾਂ ਮੈਂ ਹੇਠ ਗਲ਼ੀ ਵਿਚ, ਰੁਕ ਰੁਕ ਲੋਕ ਨਹਾਏ ਕਿੱਦਾਂ?

ਉਸ ਦਾ ਮਨ ਫਿਰ ਫੜੇ ਹੌਸਲਾ, ਜਦ ਫੌਜਣ ਦਾ ਫ਼ੋਨ ਮਿਲੇ,
ਦੇਖੋ ਫੌਜੀ ਬਰਫ਼ਾਂ ਦੇ ਵਿਚ, ਘਰ ਤੋਂ ਨਿੱਘ ਮੰਗਾਏ ਕਿੱਦਾਂ?

­ਮੱਥਾ ਚੁੰਮ ਮੇਰੀ ਮਾਂ ਬੋਲੀ, ‘ਹੁਣ ਤੂੰ ਦੁਖੜੇ ਦੂਰ ਕਰੀਂ’,
ਜਦੋਂ ਪੁੱਛਿਆ, ‘ਤੂੰ ਕੱਲ਼ੀ ਨੇ, ਐਨੇ ਦੁੱਖ ਹੰਢਾਏ ਕਿੱਦਾਂ’?

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ

ਡਾ. ਦੇਵਿੰਦਰ ਸੈਫ਼ੀ

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ
ਪਲਕਾਂ ਹੇਠ ਅੰਗਾਰੇ ਮਘਦੇ
ਸਾਹਾਂ ਦੇ ਵਿੱਚ ਵੈਣ
ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ...

ਤੋਰਾਂ ਸਾਡੀਆਂ ਰਾਹ ਲੁੱਟ ਲੈਂਦੇ
ਮਾਲੀ ਖ਼ੁਦ ਕਲਮਾਂ ਪੁੱਟ ਲੈਂਦੇ
ਚਾਨਣ ਸਾਡਾ ਸਾਹ ਘੁੱਟ ਲੈਂਦਾ
ਨੇਰ੍ਹਾ ਲੁੱਟਦਾ ਚੈਨ
ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ....

ਰਾਵਣ ਭੈੜਾ ਕਪਟ ਕਮਾਵੇ
ਰਾਮ ਪ੍ਰੀਖਿਆ ਦੇ ਵਿੱਚ ਪਾਵੇ
ਪਾਂਡਵ ਜੂਏ ਦੇ ਵਿੱਚ ਹਾਰਨ
ਕੌਰਵ ਪੱਤ ਨੂੰ ਪੈਣ
ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ...

ਜਿਹੜੇ ਪਾਸੇ ਰੂਹ ਪਈ ਤਾਂਘੇ
ਉਸ ਪਾਸੇ ਨਹੀਂ ਮਿਲਦੇ ਲਾਂਘੇ
ਨੀਂਦਾਂ ਸਾਡੀਆਂ ਸੁਪਨਿਆਂ ਹੱਥੋਂ
ਜ਼ਖ਼ਮੀ ਹੁੰਦੀਆਂ ਰਹਿਣ
ਮਾਏ ਨੀ ਸਾਡੇ ਧੁਖਦੇ ਰਹਿੰਦੇ ਨੈਣ....

ਕੂੜ ਕਚਹਿਰੀ ਸੱਚ ਨਾ ਜਾਣੇ
ਕੋਈ ਨਾ ਅਸਲੀ ਦਰਦ ਪਛਾਣੇ
ਦਿਲ ਸਾਡੇ ’ਚੋਂ ਹਰਦਮ ‘ਸੈਫ਼ੀ’
ਅੱਗ ਦੇ ਅੱਥਰੂ ਵਹਿਣ
ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ...
ਸੰਪਰਕ: 94178-26954

Advertisement
Author Image

sukhwinder singh

View all posts

Advertisement
Advertisement
×