ਪੰਜਾਬੀ ਲਹਿਜੇ ਵਾਲੀ ਗ਼ਜ਼ਲ
ਤੇਜਾ ਸਿੰਘ ਤਿਲਕ
ਪੁਸਤਕ ਪੜਚੋਲ
ਗ਼ਜ਼ਲ ਸੰਗ੍ਰਹਿ ‘ਹਉਕੇ ਦਾ ਅਨੁਵਾਦ’ ਛਪਣ ਨਾਲ ਕੁਲਵਿੰਦਰ ਕੁੱਲਾ ਪਹਿਲਾਂ ਹੀ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਕਦਮ ਰੱਖ ਚੁੱਕਿਆ ਹੈ। ਉਸ ਦੀਆਂ ਗ਼ਜ਼ਲਾਂ ਵਿਭਿੰਨ ਪੰਜਾਬੀ ਸਾਹਿਤਕ ਪਰਚਿਆਂ ਦਾ ਅੰਗ ਬਣਦੀਆਂ ਹਨ।
ਹੱਥਲੀ ਪੁਸਤਕ ‘ਰਣ ਤੋਂ ਤਾਜ ਤੱਕ’ (ਕੀਮਤ: 150 ਰੁਪਏ; ਬੇਗਮਪੁਰਾ ਬੁੱਕ ਸ਼ਾਪ) ਉਸ ਦਾ ਦੂਜਾ ਗ਼ਜ਼ਲ ਦੀਵਾਨ ਹੈ। ਇਸ ਵਿੱਚ ਕੁੱਲ 69 ਗ਼ਜ਼ਲਾਂ ਹਨ ਜੋ ਵੱਖ-ਵੱਖ ਬਹਿਰਾਂ ਵਿੱਚ ਹਨ। ਮਰਹੂਮ ਸਾਹਿਤਕਾਰ ਸੁਰਜੀਤ ਪਾਤਰ ਦੇ ਆਸ਼ੀਰਵਾਦ ਦੇ ਸ਼ਬਦ ਹਨ।
ਵਿਸ਼ੇ ਪੱਖ ਤੋਂ ਗ਼ਜ਼ਲ ਰਵਾਇਤੀ ਗ਼ਜ਼ਲ ਤੋਂ ਉੱਠ ਕੇ ਪੰਜਾਬੀ ਜੁੱਸੇ ਵਿੱਚ ਲਬਰੇਜ਼ ਹੈ। ਇਸ ਵਿੱਚ ਇਤਿਹਾਸ ਮਿਥਿਹਾਸ ਦੇ ਸਫ਼ਿਆਂ ਦੇ ਪਾਤਰਾਂ ਪ੍ਰਹਿਲਾਦ, ਧਰੂ, ਕਰਣ, ਸੁਕਰਾਤ, ਸਲੀਬਾਂ, ਸਿਧਾਰਥ, ਰਾਮਾਇਣ ਤੇ ਮੱਛੀ ਦੀ ਅੱਖ (ਮਹਾਂਭਾਰਤ) ਦੇ ਸੰਕੇਤ ਹਨ। ਸਿੱਖ ਇਤਿਹਾਸ ਦੇ ਗੁਰੂ ਨਾਨਕ ਦੇਵ ਜੀ ਦੇ ਤੇਰਾਂ-ਤੇਰਾਂ ਦੇ ਤੋਲ, ਲਾਲੋ ਤੇ ਭਾਗੋ, ਚਰਖੜੀ, ਆਰੇ, ਰੰਬੀ ਤੇ ਤੱਤੀ ਤਵੀ ਦਾ ਜ਼ਿਕਰ ਹੈ। ਹੀਰ ਰਾਂਝੇ ਦੀ ਬਾਤ ਹੈ। ਸ਼ਿਵ, ਕੰਵਲ, ਪਾਤਰ ਤੇ ਸਹਿਰਾਈ ਵੱਲ ਇਸ਼ਾਰੇ ਹਨ। ਪੁਸਤਕ ਦੇ ਨਾਂ ਵਾਂਗ ਵਰਤਮਾਨ ਸਮਾਜ ਤੇ ਸ਼ਾਸਕ ਦੇ ਟਕਰਾਅ ਦੀ ਕਥਾ ਹੈ। ਗ਼ਜ਼ਲਗੋ ਦੇ ਬੋਲ ਆਸ਼ਾਵਾਦੀ ਤੇ ਚੜ੍ਹਦੀ ਕਲਾ ਵਾਲੇ ਹਨ। ਉਸ ਕੋਲ ਸੁਨਹਿਰੀ ਕਲਪਨਾ ਤੇ ਸੋਚ ਉਡਾਰੀ ਹੈ। ਰਣ ਤੋਂ ਤਾਜ ਤੱਕ, ਸ਼ਾਸ਼ਤਰ ਤੋਂ ਸ਼ਸ਼ਤਰ, ਸ਼ਬਦ ਤੋਂ ਤੇਗ ਤੱਕ ਦਾ ਸਫ਼ਰ ਹੈ। ਸੰਗੀਤ ਤੇ ਸ਼ਾਇਰੀ ਦਾ ਸੰਤੁਲਨ ਹੈ, ਲੋਕਧਾਰਾਈ ਅੰਸ਼ ਤੇ ਵਿਅੰਗ ਹੈ। ਸੰਬੋਧਨੀ, ਮਧੁਰ, ਰਸ ਭਰਪੂਰ ਸਰੋਦੀ ਕਾਵਿ ਹੈ। ‘ਮੱਛੀ ਦੀ ਅੱਖ’ ਦਾ ਲਕਸ਼ ਸ਼ਬਦ ਰਾਹੀਂ, ਕਾਵਿ ਰਾਹੀਂ ਲੋਕ ਦੁੱਖ ਹਰਣ ਤੇ ਚੇਤਨਾ ਪੈਦਾ ਕਰਨ ਦੀ ਧਮਕ ਹੈ। ਪੰਜ ਤੋਂ ਤੇਰਾਂ ਸ਼ਿਅਰਾਂ ਤੱਕ ਦੀ ਗ਼ਜ਼ਲ ਹੈ। ਅੰਗਰੇਜ਼ੀ, ਹਿੰਦੀ ਤੇ ਉਰਦੂ ਸਮੇਤ ਠੇਠ ਪੰਜਾਬੀ ਸ਼ਬਦਾਵਲੀ ਸੁਹੱਪਣ ਦੇ ਹੁਨਰ ਨਾਲ ਗੁੰਦੀ ਗਈ ਹੈ। ਗੱਲ ਕਹਿਣ ਦਾ ਸਲੀਕਾ ਹੈ। ਭਾਵੇਂ ਗ਼ਜ਼ਲਾਂ ਦੇ ਨਾਮਕਰਣ ਨਹੀਂ ਕੀਤੇ, ਪਰ ਸਫ਼ਾ ਨੰਬਰ 37 ਵਾਲੀ ਗ਼ਜ਼ਲ ਸਫ਼ਾ ਨੰਬਰ 46 ’ਤੇ ਦੂਜੀ ਵਾਰ ਦਰਜ਼ ਹੋ ਗਈ ਹੈ। ਸਫ਼ਾ 66 ਵਾਲੀ ਇੱਕ ਗ਼ਜ਼ਲ ਤੋਂ ਛੁੱਟ ਕਿਧਰੇ ਵੀ ਤੁਕਾਂਤ ਦੋਸ਼ ਨਹੀਂ ਹੈ। ਇੱਕ ਅੱਧ ਅਸ਼ੁੱਧੀ ਤੋਂ ਬਿਨਾਂ ਸਮੁੱਚੀ ਪੁਸਤਕ ਅਸ਼ੁੱਧੀ ਮੁਕਤ ਹੈ। ਕਾਬਲੇ-ਗ਼ੌਰ ਸ਼ਿਅਰ ਦੇਖੋ: ‘ਸੁਪਨਿਆਂ ਦੀ ਮੌਤ ਦਾ ਮਾਤਮ ਜਦੋਂ ਤੱਕ ਸਹਿਣਗੇ। ਮੁਕਟ ਤੇਰੇ ਨਾਲ ਮੇਰੇ ਬੋਲ ਖਹਿੰਦੇ ਰਹਿਣਗੇ। ਟੁੱਟ ਗਿਆ ਜਦ ਸਬਰ ਲੋਕਾਂ ਦਾ ਰੁਲਣਗੇ ਤਾਜ ਵੀ, ਕਾਲੇ ਪਰਚਮ ਜ਼ੁਲਮ ਦੇ ਜੋ ਝੁੱਲਦੇ, ਸਭ ਲਹਿਣਗੇ’।
ਕੁਲਵਿੰਦਰ ਕੁੱਲਾ ਦੀ ਕਲਮ ਤੋਂ ਉਪਜਦੀ ਗ਼ਜ਼ਲ ਸੰਭਾਵਨਾਵਾਂ ਭਰਪੂਰ ਹੈ। ਇਹ ਮਾਂ ਬੋਲੀ ਦੇ ਸਾਹਿਤ ਨੂੰ ਉਚੇਰੀ ਗ਼ਜ਼ਲ ਦੇਵੇਗੀ। ਕਾਵਿ ਸਰੋਤਿਆਂ ਤੇ ਗ਼ਜ਼ਲ ਪਿਆਰਿਆਂ ਨੂੰ ਇਸ ਵਿੱਚ ਟੁੱਭੀ ਲਾਉਣ ਦੀ ਲੋੜ ਹੈ।
ਸੰਪਰਕ: 98766-36159