ਕਾਵਿ ਕਿਆਰੀ
ਗ਼ਜ਼ਲ
ਜਗਵਿੰਦਰ ਜੋਧਾ
ਪਹਾੜੀ ਚੋਟੀਆਂ ਦੇ ਨਾਲ ਖੇਡਾਂ ਖੇਡਦੇ ਬੱਦਲ
ਹਵਾ ਪੱਤਿਆਂ ਨੂੰ ਛੂਹ ਕੇ ਮਖ਼ਮਲੀ ਨਗ਼ਮੇ ਸੁਣਾਉਂਦੀ ਹੈ
ਤੂੰ ਮੈਨੂੰ ਓਥੇ ਲੈ ਚਲ ਜਿੱਥੇ ਆਹ ਕਜ਼ੀਏ ਨਹੀਂ ਹੁੰਦੇ
ਜ਼ਰਾ ਚੁੱਪ ਹੋਈਏ ਤਾਂ ਝਰਨਿਆਂ ਦੀ ’ਵਾਜ ਆਉਂਦੀ ਹੈ
ਹਵਾ ਵਿਚ ਘੁਲਿਆ ਹੋਇਆ ਜ਼ਾਇਕਾ ਤਾਜ਼ੇ ਪੁੰਗਾਰੇ ਦਾ
ਸੁਨਹਿਰੀ ਧੁੱਪਾਂ ਖੋਲ੍ਹੇ ਬਾਦਬਾਨ ਅੱਜਕਲ੍ਹ ਸਫ਼ਰ ਖਾਤਿਰ
ਪਿਘਲ ਕੇ ਬਰਫ਼ ਵਹਿਣੀ ਪੈ ਗਈ ਸਾਗਰ ਦੇ ਰਸਤੇ ’ਤੇ
ਬਦਲਦੀ ਰੁੱਤ ਮੈਨੂੰ ਨਾਮ ਲੈ-ਲੈ ਕੇ ਬੁਲਾਉਂਦੀ ਹੈ
ਕਦੇ ਬਾਜ਼ਾਰ ਦੀ ਰੌਣਕ ਕਦੇ ਦਿਲਦਾਰ ਦੀ ਬੁੱਕਲ
ਕਦੇ ਗਿਣਦੀ ਹੈ ਅਸ਼ਰਫ਼ੀਆਂ, ਕਦੇ ਮਹਿਲਾਂ ’ਤੇ ਇਤਰਾਵੇ
ਮੈਂ ਹੋ ਕੇ ਗੈਰਹਾਜ਼ਰ ਵੀ ਕਦੇ ਮਨਫ਼ੀ ਨਹੀਂ ਹੋਇਆ
ਬਥੇਰਾ ਕੁਝ ਉਹ ਮੇਰੇ ਬਦਲ ਵਿਚ ਧਰਦੀ-ਟਿਕਾਉਂਦੀ ਹੈ
ਹਰਿਕ ਕਸ਼ ਨਾਲ ਉਹ ਗਿਣਦੀ ਹੈ ਹੋਏ ਇਸ਼ਕ ਵਿਚ ਪਾਗਲ
ਤੇ ਧੂੰਏਂ ਵਿਚ ਉਡਾਵੇ ਮਖ਼ਮਲੀ ਆਵਾਜ਼ ਦੇ ਛੱਲੇ
ਵਜਾ ਕੇ ਚੁਟਕੀਆਂ ਫਿਰ ਜਾਣ ਲੱਗੀ ਰਾਖਦਾਨੀ ਵਿਚ
ਉਦਾਸੀ ਸ਼ਾਮ ਦੇ ਸੂਰਜ ਤਰ੍ਹਾਂ ਸਿਗਰਟ ਬੁਝਾਉਂਦੀ ਹੈ
ਉਹ ਬੋਲੀ ਕੁਝ ਸੁਣਾ ਸੰਘਣੀ ਉਦਾਸੀ ਦੀ ਬਰਫ਼ ਪਿਘਲੇ
ਮੈਂ ਚੁੱਕ ਵਿਚ ਆ ਕੇ ਤਾਜ਼ਾ ਸ਼ਾਇਰੀ ਇਜ਼ਹਾਰ ਕਰ ਦਿੱਤੀ
ਉਦੋਂ ਤੋਂ ਲੈ ਕੇ ਸਾਰੀ ਸ਼ਾਮ ਉਹ ਮੈਨੂੰ ਰਸੋਈ ਚੋਂ
ਮੁਫਾਈਲਨ ਮੁਫਾਈਲਾਤ ਕਹਿ ਕਹਿ ਕੇ ਚਿੜਾਉਂਦੀ ਹੈ
ਸੰਪਰਕ: 94654-64502
ਪਾਣੀ ਲੀਲ੍ਹਾ
ਮਨਮੋਹਨ ਸਿੰਘ ਦਾਊਂ
ਪਾਣੀ ਪਿਤਾ, ਪਾਣੀ ਮਹਾਨ
ਪਾਣੀ ਤੋਂ ਉਪਜਿਆ
ਸਗਲ ਜਹਾਨ।
ਪਾਣੀ ਸਭ ਦੀ ਹੈ
ਜਿੰਦ ਜਾਨ।
ਗੁਰਬਾਣੀ ਆਖੇ:
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਤਿੰਨ ਹਿੱਸੇ ਪਾਣੀ ਹੀ ਪਾਣੀ
ਇੱਕ ਹਿੱਸੇ ਧਰਤੀ ਹੈ ਰਾਣੀ
ਕਿਸ ਨੂੰ ਕਿੰਝ ਮੈਂ ਕੀ ਕਹਾਂ।
ਪਾਣੀ ਧੋਵੈ ਸ਼ੁੱਧਤਾ ਹੋਵੈ
ਪਾਕ ਪਵਿੱਤਰ ਤੇ ਅਨਮੋਲ
ਪਾਣੀ ਨਿਰਮਲ, ਠੰਢਾ ਸ਼ਾਂਤ।
ਵਗਦੇ ਰਹਿਣਾ ਜੀਵਨ ਸੰਦੇਸ਼
ਖੜੋਤਾ ਪਾਣੀ ਮੌਤ ਅੰਜਾਮ।
ਪਾਣੀਓਂ ਉਪਜੀ ਹੈ ਆਵਾਜ਼
ਪਾਣੀਓਂ ਨਿਕਲੇ ਸੁਰ ਤੇ ਰਾਗ
ਅੰਬਰੀਂ ਵਰ੍ਹਦਾ ਬੱਦਲੋਂ ਪਾਣੀ
ਧਰਤੀ ’ਤੇ ਆ ਡਿੱਗਣਾ ਪਾਣੀ
ਧਰਤੀ ਵੱਲੇ ਸਿੰਮਦਾ ਪਾਣੀ
ਥੱਲਿਓਂ ਉੱਤੇ ਆਵੇ ਪਾਣੀ
ਹੱਸਦਾ ਖੇਡਾਂ ਖੇਡੇ ਪਾਣੀ
ਰੋਵਣ ਲਾਵੇ ਰੁੱਸਿਆ ਪਾਣੀ
ਫੇਰ ਨਾ ਵੇਖੇ ਮਿੱਤਰ ਵੈਰੀ
ਜੋ ਵੀ ਆਵੇ ਕਰਦਾ ਢੇਰੀ।
ਨਿਮਰ ਤੋਂ ਬਣ ਜਾਂਦਾ ਕਹਿਰਾ,
ਰੋੜ੍ਹ ਦੇਵੇ ਥੰਮ ਵੀ ਗਹਿਰਾ।
ਲੋਭੀ ਬੰਦਾ ਰੋਕਾਂ ਲਾਵੇ
ਰੁੱਖ ਕੱਟੇ ਤੇ ਮਹਿਲ ਬਣਾਵੇ।
ਹੜ੍ਹ ਬਣ ਕੇ ਜਦ ਜ਼ੋਰ ਵਿਖਾਏ
ਜਲ ਥਲ ਸੱਭੋ ਸਾਗਰ ਬਣ ਜਾਏ।
ਸੜਕਾਂ ਤੋੜੇ, ਪੁਲ ਰੁੜ੍ਹਾਵੇ, ਰੁੱਖ ਉਖਾੜੇ
ਬੇਬਸ ਲੋਕੀਂ ਕੱਢਣ ਹਾੜ੍ਹੇ
ਖੇਤ-ਖਲਵਾੜੇ ਸਭ ਝੀਲਾਂ ਲੱਗਣ
ਰੁੱਖਾਂ ਤੋਂ ਪੰਛੀ ਵੀ ਭੱਜਣ।
ਪਾਣੀ ਪਰਲੋ ਜਦ ਬਣ ਜਾਵੇ
ਉੱਜੜ-ਪੁੱਜੜ ਦੀ ਸਿਆਸਤ ਲਿਆਵੇ।
ਕੁਦਰਤ ਨਾਲ ਜਦ ਆਢਾ ਲਾਏ ਮਨੁੱਖ
ਸਹਿਣੇ ਪੈਂਦੇ ਫਿਰ ਦੁੱਖ ਹੀ ਦੁੱਖ।
ਮਹਾਂ ਕੰਬਣੀ ਪਹਾੜਾਂ ਨੂੰ ਆਵੇ
ਡਿੱਗਣ ਪੱਥਰ ਹੋਸ਼ ਗੁਆਵੇ।
ਭਿਅੰਕਰ ਰੁਖ਼ ਜਦੋਂ ਇਹ ਧਾਰੇ
ਦਿਸਣ ਰੂਪ ਫਿਰ ਨਿਆਰੇ ਨਿਆਰੇ।
ਪਾਣੀ ਦੀ ਲੀਲ੍ਹਾ ਹੈ ਨਿਆਰੀ
ਮਿੱਤਰ ਰਹੇ ਤਾਂ ਹੈ ਗੁਣਕਾਰੀ
ਬਿਟਰ ਜਾਏ ਫੇਰ ਬਣੇ ਹੰਕਾਰੀ।
ਐ ਖ਼ੁਦਾਇਆ...
ਪਾਣੀ ਦੀ ਖਸਲਤ ਖੇੜਾ ਲਿਆਵੇ
ਤਬਾਹੀ ਬੰਦਿਆ ਮੂਲ ਨਾ ਭਾਵੇ!!
ਸੰਪਰਕ: 98151-23900