ਕਾਵਿ ਕਿਆਰੀ
ਗ਼ਜ਼ਲ
ਹਰਮਿੰਦਰ ਸਿੰਘ ਕੋਹਾਰਵਾਲਾ
ਤੜਪ ਰਹੀ ਏ ਸੋਨ ਚਿੜੀ।
ਕਾਵਾਂ ਬਾਜ਼ਾਂ ਘੇਰ ਲਈ।
ਖ਼ੁਆਬ ਬੁਣੇਗਾ ਬੁਣਕਰ ਕੀ।
ਉਲ਼ਝ ਗਈ ਹੈ ਤਾਣੀ ਹੀ।
ਚੁੱਲ੍ਹਿਆਂ ਵਿਚ ਨਾ ਅੱਗ ਰਹੀ।
ਕਿਉਂ ਹੈ ਨਗਰੀ ਸ਼ਾਂਤਮਈ।
ਕਿਸ ਨੇ ਅੱਗ ਮਚਾਉਣੀ ਸੀ।
ਆਖ ਰਹੇ ਸਭ ‘ਸਾਨੂੰ ਕੀ’।
ਕੇਵਲ ਚਿੰਤਾ ਬਾਣੇ ਦੀ।
ਬਾਣੀ ਮੰਤਰ ਸਮਝ ਲਈ।
ਝੁਲ਼ਸ ਜਾਏਗਾ ਜੰਗਲ ਹੀ।
ਜਦ ਵੀ ਤੱਤੀ ਪੌਣ ਵਗੀ।
ਨੀਂਦਰ ਨੇੜੇ ਲੱਗਣੀ ਕੀ।
ਸੇਠ ਕਹੇ ਕਰ ਸਾਫ਼ ਵਹੀ।
ਕੈਰੀ ਅੱਖ ਹੈ ਪਰਜਾ ਦੀ।
ਫੇਰ ਦਏਗੀ ਅਹੀ ਤਹੀ।
ਸੰਪਰਕ: 98768-73735
ਲੁੱਟ
ਅਰਵਿੰਦਰ ਕਾਕੜਾ
ਲੁੱਟ ਸਿਰਫ਼ ਧਨ ਦੀ ਨਹੀਂ ਹੁੰਦੀ
ਲੁੱਟ ਮਨ ਦੀ ਵੀ ਹੁੰਦੀ ਹੈ
ਲੁੱਟ ਤਨ ਦੀ ਵੀ ਹੁੰਦੀ ਹੈ
ਲੁੱਟਣ ਵਾਲੇ ਕੋਲ ਐਸਾ ਔਜ਼ਾਰ ਹੁੰਦੈ
ਜੋ ਸੱਤਾ ਦੀ ਭੱਠੀ ’ਚ ਘੜ ਹੁੰਦੈ
ਲੋਭ ਦੀ ਚੱਕੀ ਵਿੱਚ ਪਿਸਦੇ ਨੇ
ਸਿੰਜੇ, ਸਵਾਰੇ ਮਿਹਨਤ ਦੇ ਦਾਣੇ
ਪੂੰਜੀ ਦੀ ਹਵਸ ਡੀਕ ਲੈਂਦੀ
ਲਿਆਕਤ ਦਾ ਸਾਗਰ
ਚੌਧਰ ਦੀ ਭੁੱਖ
ਜਦ ਜਿਲਦ ਬਣਦੀ ਮੁਨਾਫ਼ੇ ਦੀ
ਤਾਂ ਬਿਜਲੀ ਧਰਤ ’ਤੇ ਗਿਰਦੀ
ਅੱਖਰ ਬਾਗ਼ੀ ਹੋ ਜਾਂਦੇ
ਪਸੀਨੇ ’ਚੋਂ ਸੂਰਜ ਮੱਘਦੇ
ਬੰਜਰ ਰਾਹਾਂ ’ਚ ਮੌਲਦੀ
ਹੱਕ ਦੀ ਆਵਾਜ਼
ਅਨੇਕਤਾ ਵਿੱਚ ਏਕਤਾ
ਏਕਤਾ ਵਿੱਚ ਸ਼ਕਤੀ
ਸੂਹੇ ਰੰਗ ਦੀ ਮੁਹੱਬਤ
ਫਲਸਫ਼ੇ ਨਾਲ ਕਰਾਰ ਕਰ
ਆਪਣੀ ਹੋਂਦ ਦਾ ਹਿਸਾਬ ਮੰਗਦੀ
ਕਿਸੇ ਕਿਤਾਬ ਦੇ ਵਰਕੇ ਬਣ
ਇੱਕ ਇਤਿਹਾਸ ਲਿਖ ਜਾਂਦੀ
ਰੰਗ ਬਦਲਣ ਲੱਗਿਆਂ ਦੇਰ ਨਹੀਂ ਲਗਦੀ
ਦਿਨ ਦਾ ਨਾਮਕਰਣ ਹੋ ਜਾਂਦੈ
ਹਿੰਦਸੇ ਵਿੱਚ ਛੁਪਿਆ ਅਰਥ
ਇੱਕ ਮਈ ਆਖਰ ਮਜ਼ਦੂਰ ਦਿਵਸ ਹੁੰਦੈ
ਗ਼ਜ਼ਲ
ਬਲਜਿੰਦਰ ਬਾਲੀ ਰੇਤਗੜ੍ਹ
ਸੀਸ ਉਠਾ ਕੇ ਤੁਰਿਆ ਕਰ ਤੂੰ, ਹੁੰਮ-ਹੁਮਾ ਕੇ ਤੁਰਿਆ ਕਰ
ਦੋ ਪੈਰ ਤੁਰੀਂ ਨਾਲ ਮੜਕ ਦੇ, ਧਰਤ ਹਿਲਾ ਕੇ ਤੁਰਿਆ ਕਰ
ਜਾਨ ਨਿਛਾਵਰ ਹਰ ਸ਼ੈਅ ਕਰਜੇ, ਤੂੰ ਜਿੱਧਰ ਨਜ਼ਰ ਘੁਮਾਵੇਂ
ਕਿਰਦਾਰ ਰਹੇ ਸੂਰਜ, ਚਾਹੇ ਕਮਲਾ ਬਣ ਕੇ ਤੁਰਿਆ ਕਰ
ਵਿਕਦੇ ਨੋਟ, ਜ਼ਮੀਨਾਂ, ਹੀਰੇ, ਵਿਕਦੇ ਤਖ਼ਤ ਦੁਨੀ ਦੇ ਵੀ
ਔਕਾਤ ਸਭੀ ਦੀ ਆਨੇ ਭਰ, ਖ਼ਾਕ ਰੁਲ਼ਾ ਕੇ ਤੁਰਿਆ ਕਰ
ਮਿੱਟੀਂਓ ਸਿਰਜੇ ਮਿੱਟੀ ਕਰਤੇ, ਪੀਰ ਕਲੰਦਰ ਸੂਰੇ
ਚੰਦਨ ਨਾ ਤੂੰ ਖ਼ਾਕ ਕਬਰ ਦੀ, ਤਿਲਕ ਲਗਾ ਕੇ ਤੁਰਿਆ ਕਰ
ਸ਼ਮਸ਼ਾਨ ਧਰਤ ਦਾ ਹਰ ਜ਼ਰਾ ਹੈ, ਹਰ ਥਾਂ ਹੀ ਪਰ ਕੁੱਖ ਜਿਹੀ
ਹਰ ਛੱਪੜ ਹੀ ਪਾਕਿ ਪਵਿੱਤਰ, ਪਾਪ ਧੁਆ ਕੇ ਤੁਰਿਆ ਕਰ
ਆਪੋ-ਧਾਪੀ ਅੰਦਰ ਸਭ ਹੀ, ਠੁੱਡੋ-ਠੁੱਡੀ ਇੱਥੇ ਸਭ
ਮਾਰਨ ਪਿੱਠ ਕੁਹਾੜੇ ਭਾਵੇਂ, ਨਾ ਧਮਕਾ ਕੇ ਤੁਰਿਆ ਕਰ
ਕੌਣ ਵਫ਼ਾ ਦਾ ਸੌਦਾ ਕਰਦੈ, ਹੈ ਕਦ ਮੁਨਾਫ਼ਾ ਵਿੱਚ ਵਫ਼ਾ
ਪਾਗ਼ਲ ਇਸ਼ਕ ਪੁਜਾਰੀ ਹੁੰਦੇ, ਦਿਲ ਸਮਝਾ ਕੇ ਤੁਰਿਆ ਕਰ
ਗ਼ਜ਼ਲ, ਨਜ਼ਮ ਦੀ ਸਮਝ ਨਹੀਂ ਪਰ, ਹੈ ਨਾਮ ਤਖੱਲਸ ‘ਬਾਲੀ’
ਰੁਕਨ, ਬਹਿਰ, ਅਲੋਚਕ ਦੇ, ਸੰਵਾਦ ਰਚਾ ਕੇ ਤੁਰਿਆ ਕਰ
ਸੰਪਰਕ: 94651-29168