ਕਾਵਿ ਕਿਆਰੀ
ਬੰਦੇਖਾਣੀਆਂ
ਹਰਸਿਮਰਤ ਸਿੰਘ
ਕਾਫ਼ੀ ਅਰਸਾ ਪਹਿਲਾਂ,
ਸਿਖਰ ਦੁਪਹਿਰੇ ਜੇਠ ਦੇ।
ਉਹ ਮੈਨੂੰ ਦਿਸੀ,
ਸੜਕ ਕਨਿਾਰੇ, ਪੱਥਰ ਕੁੱਟਦੀ,
ਮਿੱਟੀ ਨਾਲ ਮਿੱਟੀ ਹੁੰਦੀ,
ਅੱਖਾਂ ਸੰਦਲੀ ਸਾਗਰੋਂ ਡੂੰਘੀਆਂ,
ਬਦਨ ਇਕਹਿਰਾ ਗੂੜ੍ਹੇ-ਪੱਕੇ ਰੰਗ ਦਾ,
ਚਿਹਰਾ ਮਾਮੂਲੀ ਐਪਰ ਨਾ ਭੁੱਲਦਾ।
ਜਦ ਪੱਥਰ ਉੱਤੇ ਸੱਟ ਮਾਰਦੀ,
ਉਹਦਾ ਲੱਕ ਸੌ ਵਲ ਖਾ ਜਾਂਦਾ।
ਮੱਥੇ ’ਤੇ ਮੋਤੀਨੁਮਾ ਬੂੰਦਾਂ ਉਭਰਦੀਆਂ,
ਜੋ ਸਖ਼ਤ ਪਰ ਦਿਲਕਸ਼ ਪੋਟਿਆਂ ਨਾਲ
ਉਹ ਵਗਾਹ ਮਾਰਦੀ ਇੰਝ ਕਿ
ਬੁਝ ਜਾਂਦੀ, ਧਰਤੀ ਦੀ ਸਾਰੀ ਪਿਆਸ।
ਜਦ ਖਿੜ-ਖਿੜ ਹੱਸਦੀ
ਤਾਂ ਪਾ ਦਿੰਦੀ ਫੁੱਲਾਂ ਨੂੰ ਮਾਤ।
ਜਦ ਚੁੱਪ ਵਰਤਾਉਂਦੀ
ਤਾਂ ਛਾ ਜਾਂਦਾ ਕਾਇਨਾਤ ’ਤੇ ਮਾਤਮ।
“ਨੀਂ ਰੁਕ ਨੀਂ! ਰੁਕ!”
ਮੈਨੂੰ ਸੜਕ ਉੱਤੇ ਤੁਰੀ ਜਾਂਦੀ ਨੂੰ,
ਇੱਕ ਹਾਕ ਸੁਣਾਈ ਦਿੱਤੀ।
ਪਿੱਛੇ ਮੁੜੀ, ਮੁੜ ਤੱਕਿਆ,
ਮੇਰੇ ਸਾਹਵੇਂ ਖੜ੍ਹੀ ਸੀ ਉਹੀ ਮੂਰਤ,
ਕੁਝ ਕੁਮਲਾਈ, ਕੁਝ ਘਬਰਾਈ।
ਸ਼ਾਇਦ ਖਿੜ ਖਿੜ ਹੱਸਦੀ ਦੇਖ,
ਫੁੱਲਾਂ ਨੇ ਈਰਖਾ ਵੱਸ,
ਉਹਨੂੰ ਨਜ਼ਰ ਲਗਾ ਦਿੱਤੀ ਸੀ।
ਮੈਂ ਰੁਕੀ, ਉਹ ਨਜ਼ਦੀਕ ਆਈ।
ਆਪਣੀ ਅੱਧ ਪਾਟੀ ਜਿਹੀ ਅੰਗੀ ਵਿੱਚੋਂ
ਉਸ ਇੱਕ ਪਰਚੀ ਕੱਢ ਮੇਰੇ ਹੱਥ ਫੜਾਈ।
ਤੇ ਕਹਿਣ ਲੱਗੀ, ‘ਇਹ ਫੂਨ ਮਿਲਾਈਂ ਜ਼ਰਾ
ਮੇਰਾ ਆਦਮੀ ਕਿਤੇ ਟੁਰ ਗਿਆ ਏ,
ਕਈ ਦਨਿ ਹੋਏ ਮੁੜਿਆ ਨਹੀਂ!’
ਮੈਂ ਕੋਲ ਖੜ੍ਹੀ ਉਸਨੂੰ ਗਹੁ ਨਾਲ ਤੱਕਿਆ,
ਕੇਸ ਘੱਟੇ ਲੱਦੇ, ਮੱਥਾ ਕਾਲਖ ਭਰਿਆ,
ਅੱਖਾਂ ਵਿੱਚ ਉਨੀਂਦਾ, ਕੰਨੀਂ ਚਾਂਦੀ ਦੀਆਂ ਨੱਤੀਆਂ,
ਪਾਟੀ ਅੰਗੀ ਵਿੱਚੋਂ ਝਾਕਦੀਆਂ ਪਿਚਕੀਆਂ ਛਾਤੀਆਂ।
ਮੈਂ ਫ਼ੋਨ ਮਿਲਾਇਆ, ਨਾ ਮਿਲਿਆ।
ਮੈਂ ਚੁੱਪ-ਚਾਪ ਨਿਸ਼ਬਦ ਤੁਰਨ ਲੱਗੀ ਉਸ ਕੋਲੋਂ,
ਫਿਰ ਇੱਕ ਆਵਾਜ਼ ਸੁਣਾਈ ਦਿੱਤੀ ਪਿੱਛੋਂ,
‘ਜੇ ਵਾਪਸ ਫੋਨ ਆਵੇ ਤਾਂ ਉਹਨੂੰ ਆਖੀਂ,
‘ਬੀਨਾ’ ਦਾ ਫੋਨ ਸੀ, ‘ਬੰਤੂ’ ਬੜਾ ਬਿਮਾਰ ਏ।’
ਮੈਂ ਇੱਕ ਨਜ਼ਰ ਤੱਕਿਆ ਬੰਤੂ ਨੂੰ,
ਸਾਂਵਲ ਰੰਗਾ, ਬੇਨੂਰ ਚਿਹਰਾ,
ਅੱਖਾਂ ਹੰਝੂ ਲੱਦੀਆਂ, ਨਿਰੀ ਹੱਡੀਆਂ ਦੀ ਮੁੱਠ,
ਡਾਡਾਂ ਮਾਰਦਾ, ਨਿਰਦੋਸ਼,
ਸਮਝ ਤੋਂ ਹੀਣਾ, ਆਦਮ ਦਾ ਜਾਇਆ।
ਇੱਕ ਨਜ਼ਰ ਤੱਕੀ ਉਹਦੀ ਝੁੱਗੀ,
ਛੱਤ ਤਰਪਾਲੀ, ਠੂਠੇ ਦੋ-ਇੱਕ
ਪੰਡ ਲੀੜਿਆਂ, ਚਿੱਕੜ ਵਿੱਚ ਗੜੁੱਚ
ਤੂੜੀ ਦਾ ਢਾਸਣਾ, ਤੂੜੀ ਦਾ ਹੀ ਪਲੰਘ।
ਮੈਂ ਹਾਮੀ ਭਰੀ ਤੇ ਮੁੜ ਆਈ ਆਪਣੇ ਘਰ ਵੱਲ।
‘ਬੀਨਾ!’ ਸ਼ਬਦ ਦਿਲ ਮੇਰੇ ਨੂੰ ਵਿੰਨ੍ਹਦਾ ਰਿਹਾ,
ਚੀਸ ਉੱਠਦੀ ਰਹੀ, ਬੇਮਤਲਬ ਬੇਚੈਨੀ ਰਹੀ,
ਕੁਝ ਦਨਿ ਹੋਏ ਮੈਂ ਓਸੇ ਰਾਹੋਂ ਲੰਘੀ,
ਪਰ ਬੀਨਾ ਨਾ ਮਿਲੀ, ਨਾ ਉਹਦਾ ਬੰਤੂ ਹੀ ਕਿਤੇ ਨਜ਼ਰੀਂ ਆਇਆ।
ਫਿਰ ਇੱਕ ਦਨਿ ਉਹ ਅਚਾਨਕ ਮੈਨੂੰ ਦਿਸੀ, ਬਿਲਕੁਲ ਉਸੇ ਤਰ੍ਹਾਂ।
ਪੱਥਰ ਕੁੱਟਦੀ, ਮਿੱਟੀ ਨਾਲ ਮਿੱਟੀ ਹੁੰਦੀ।
ਉਹ ਹੁਣ ਖਿੜ-ਖਿੜ ਹੱਸਦੀ ਨਾ ਸੀ, ਹੰਝੂਆਂ ਦੀ ਵੀ ਕੋਈ ਨਿਸ਼ਾਨੀ ਨਾ ਸੀ।
ਕੰਨੋਂ ਚਾਂਦੀ ਦੀਆਂ ਨੱਤੀਆਂ ਵੀ ਗਾਇਬ, ਪਿਚਕੀਆਂ ਛਾਤੀਆਂ ਹੋਰ ਪਿਚਕੀਆਂ।
ਉਸ ਕੋਲੋਂ ਲੰਘਦਿਆਂ ਮੈਂ ਆਵਾਜ਼ ਦਿੱਤੀ, ‘ਬੀਨਾ!’
ਮੈਨੂੰ ਪਛਾਣ ਉਸ ਆਖਿਆ, ‘ਬੀਬੀ ਜੀ!’
ਉਹਦਾ ਮੂੰਹ ਅੱਡਿਆ ਰਹਿ ਗਿਆ, ਉੱਠ ਖਲੋਤੀ,
ਹਉਕਾ ਲੈ ਕੇ ਇਕੋ ਦਮ ਮੇਰੇ ਗਲ ਲੱਗ ਗਈ।
ਮਾਰ ਕੇ ਧਾਹਾਂ ਰੋ ਪਈ,
ਹਉਕਿਆਂ-ਹਾਵਾਂ ਦੀ ਲੜੀ ਜਦ ਟੁੱਟੀ ਤਾਂ ਆਖਣ ਲੱਗੀ,
‘ਬੰਤੂ! ਹਾਏ ਮੇਰਾ ਬੰਤੂ! ਨਿੱਕਾ ਜਿਹਾ, ਨਿਰਭੋਲ ਜਿਹਾ!
ਕੀ ਕਸੂਰ ਸੀ ਉਸ ਦਾ?
ਤਾਪ ਚੜ੍ਹਿਆ ਤੇ ਬਸ ਫਿਰ… ਬਿਲਕੁਲ ਠੰਢਾ ਪੈ ਗਿਆ।
ਇਸ ਚੰਦਰੇ ਸ਼ਹਿਰ ਦੀ ਚੰਦਰੀ ਸੜਕ ਮੇਰਾ ਪੁੱਤ ਖਾ ਗਈ।’
ਉਹ ਰੋਂਦੀ ਰਹੀ।
ਮੈਂ ਉਹਦੇ ਗਲ ਲੱਗ ਪੁੱਛਦੀ ਰਹੀ, ਓਹੀ ਸਵਾਲ ਖੁਦ ਕੋਲੋਂ,
ਜਿਹਦਾ ਜਵਾਬ ਬੀਨਾ ਮੇਰੇ ਕੋਲੋਂ ਚਾਹੁੰਦੀ ਸੀ!
ਕੀ ਕਸੂਰ ਸੀ ਉਸ ਅਣਭੋਲ ਜਿੰਦੜੀ ਦਾ?
ਕਿੰਨੀਆਂ ਹੀ ਗੱਡੀਆਂ ਵਾਲੇ ਏਥੋਂ ਲੰਘਿਆ ਕਰਨਗੇ,
ਪਰ ਕੋਈ ਵੀ ਬੰਤੂ ਨੂੰ ਜਾਣਦਾ ਨਾ ਹੋਵੇਗਾ,
ਉਹ ਤਾਂ ਬਸ ਵਰ੍ਹਦੇ ਮੀਂਹ ਵਿਚ, ਬਾਰੀ ਦਾ ਸ਼ੀਸ਼ਾ ਬੰਦ ਕਰਨਗੇ,
ਵਿੰਡ ਸ਼ੀਲਡ ਦਾ ਵਾਈਪਰ ਚਲਾਉਣਗੇ।
ਉਹ ਤਾਂ ਬੱਸ ਵਰ੍ਹਦੀ ਅੱਗ ਵਿਚ, ਏ.ਸੀ. ਦਾ ਬਟਨ ਦੱਬਣਗੇ ਤੇ ਘੂਕ ਸੌਂ ਜਾਣਗੇ।
ਬੀਨਾ ਇਕਦਮ ਗਰਜ ਕੇ ਬੋਲੀ, ‘ਮੈਂ ਚਾਹੁੰਨੀ ਆਂ...
ਇਸ ਬੰਦੇ ਖਾਣੀ ਸੜਕ ਨੇ ਜਿੱਦਾਂ ਮੇਰਾ ਬੰਤੂ ਖਾਧਾ ਏ,
ਇਹਦਾ ਅਹਿਸਾਸ
ਸੜਕ ’ਤੇ ਚੱਲਦੇ-ਫਿਰਦੇ ਹਰ ਸ਼ਖ਼ਸ ਦੇ ਹੱਡੀਂ ਰਚ ਜਾਵੇ।
ਜੋ ਦੁੱਖ ਮੇਰੇ ਹੱਡਾਂ ਨੂੰ ਪਿਆ ਏ ਖੋਰਦਾ,
ਵੱਡੀ ਗੱਡੀ ਵਾਲਾ ਕੋਈ ਅਮੀਰ ਇਸ ਤੋਂ ਵਾਂਝਾ ਨਾ ਰਹੇ।‘
ਮੈਂ ਉਹਦੇ ਨੈਣਾਂ ਦੀ ਲਿਸ਼ਕ ਦੇਖ ਡਰ ਗਈ,
ਅਖੀਰ ਉਸਨੂੰ ਦਿਲਾਸੇ ਦਿੰਦੀ ਮੁੜ ਪਈ।
ਸੜਕ ਬਣ ਕੇ ਤਿਆਰ ਹੋ ਗਈ ਏ।
ਮੈਂ ਬੀਨਾ ਨੂੰ ਲੱਭ-ਲੱਭ ਹੰਭ ਗਈ ਆਂ,
ਬੀਨਾ ਕਿਤੇ ਨਹੀਂ ਲੱਭਦੀ।
ਪਰ ਬੀਨਾ ਅਤੇ ਬੰਤੂ
ਮੇਰੇ ਸੁਪਨੇ ਵਿਚ ਆ ਜਾਂਦੇ ਨੇ।
ਮੈਂ ਅੱਭੜਵਾਹੇ ਰਾਤ-ਬਰਾਤੇ ਉੱਠ ਖੜ੍ਹਦੀ ਆਂ।
ਦੂਰ ਕਿਤੇ ਸੜਕ ਦੇ ਉੱਤੇ,
ਗੱਡੀਆਂ ਦੇ ਹਾਰਨਾਂ ਦੇ ਵਿਚੋਂ
ਬੀਨਾ ਦਾ ਹਾਸਾ ਸੁਣਦੀ ਆਂ।
ਬੰਤੂ ਦਾ ਰੋਣਾ ਸੁਣਦੀ ਆਂ।
ਸੰਪਰਕ: 94786-50013