Katra ropeway: ਕੱਟੜਾ ਰੋਪਵੇਅ ਪ੍ਰਾਜੈਕਟ ਮਾਮਲੇ ਵਿਚ ਪੁਲੀਸ ਵੱਲੋਂ 18 ਪ੍ਰਦਰਸ਼ਨਕਾਰੀ ਰਿਹਾਅ
ਜੰਮੂ, 1 ਜਨਵਰੀ
Katra ropeway: ਪੁਲੀਸ ਨੇ ਕੱਟੜਾ ਵਿਚ ਰੋਪਵੇਅ ਪ੍ਰਾਜੈਕਟ ਖਿਲਾਫ਼ ਰੋਸ ਪ੍ਰਦਰਸ਼ਨਾਂ ਦੌਰਾਨ ਹਿਰਾਸਤ ਵਿਚ ਲਏ 18 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਹੈ। ਜੰਮੂ ਕਸ਼ਮੀਰ ਪ੍ਰ਼ਸ਼ਾਸਨ ਨੇ ਇਨ੍ਹਾਂ ਦੀ ਰਿਹਾਈ ਦਾ ਐਲਾਨ ਮੰਗਲਵਾਰ ਰਾਤ ਨੂੰ ਕੀਤਾ। ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਚਾਰ ਮੇਂਬਰੀ ਕਮੇਟੀ ਬਣਾਈ ਹੈ। ਕਮੇਟੀ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਜਿੰਨੀ ਦੇਰ ਗੱਲਬਾਤ ਜਾਰੀ ਰਹੇਗੀ, ਓਨੀ ਦੇਰ ਰੋਪਵੇਅ ਪ੍ਰਾਜੈਕਟ ਦਾ ਕੰਮ ਮੁਅੱਤਲ ਰਹੇਗਾ।
ਸ੍ਰੀ ਮਾਤਾ ਵੈਸ਼ਨੂ ਦੇਵੀ ਸੰਘਰਸ਼ ਸਮਿਤੀ ਦੇ ਬੁਲਾਰੇ ਨੇ ਕਿਹਾ,‘‘ਹਿਰਾਸਤ ਵਿਚ ਲਏ 18 ਵਿਅਕਤੀਆਂ, ਜਿਨ੍ਹਾਂ ਵਿਚ ਕੁਝ ਆਗੂ ਵੀ ਸ਼ਾਮਲ ਹਨ, ਨੂੰ ਬੁੱਧਵਾਰ ਵੱਡੇ ਤੜਕੇ ਇਕ ਵਜੇ ਦੇ ਕਰੀਬ ਰਿਆਸੀ ਤੇ ਊਧਮਪੁਰ ਦੀਆਂ ਜੇਲ੍ਹਾਂ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਕੱਟੜਾ ਪਹੁੰਚਣ ਉੱਤੇ ਖ਼ੁਸ਼ੀ ਵਿਚ ਖੀਵੇ ਹੋਏ ਸੈਂਕੜੇ ਲੋਕਾਂ ਨੇ ‘ਜੈ ਮਾਤਾ ਦੀ’ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।’’ ਤਰਜਮਾਨ ਨੇ ਕਿਹਾ ਕਿ ਦੁਕਾਨਾਂ ਤੇ ਕਾਰੋਬਾਰ ਮੁੜ ਖੋਲ੍ਹਣ ਦਾ ਕੰਮ ਜਾਰੀ ਹੈ ਤੇ ਸਰਕਾਰ ਵੱਲੋਂ ਬਣਾਈ ਕਮੇਟੀ ਰੋਪਵੇਅ ਪ੍ਰਾਜੈਕਟ ਬਾਰੇ ਵਿਚਾਰ ਚਰਚਾ ਕਰੇਗੀ।
ਰਿਹਾਅ ਕੀਤੇ ਆਗੂਆਂ ਵਿਚ ਸ਼ਾਮਲ ਸਮਿਤੀ ਆਗੂ ਭੁਪਿੰਦਰ ਸਿੰਘ ਨੇ ਕਿਹਾ, ‘‘ਇਹ ਕੱਟੜਾ ਦੇ ਲੋਕਾਂ ਦੀ ਜਿੱਤ ਹੈ, ਜੋ ਸਾਡੇ ਨਾਲ ਮਿਲ ਕੇ ਖੜ੍ਹੇ।’’ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਵਿਆਪਕ ਵਿਚਾਰ ਚਰਚਾ ਕੀਤੀ, ਜਿਸ ਮਗਰੋਂ ਫੈਸਲਾ ਕੀਤਾ ਗਿਆ ਕਿ ਹਿਰਾਸਤ ਵਿਚ ਲਏ ਸਾਰੇ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਵੇਗਾ ਤੇ ਬਾਜ਼ਾਰ ਮੁੜ ਖੁੱਲ੍ਹਣਗੇ। ਕੁਮਾਰ ਨੇ ਕਿਹਾ ਕਿ ਜਿੰਨੀ ਦੇਰ ਗੱਲਬਾਤ ਜਾਰੀ ਰਹੇਗੀ, ਓਨੀ ਦੇਰ ਰੋਪਵੇਅ ਪ੍ਰਾਜੈਕਟ ’ਤੇ ਕੰਮ ਬੰਦ ਰਹੇਗਾ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਵਿਚ ਮਾਤਾ ਵੈਸ਼ਨੂ ਦੇਵੀ ਸ਼ਰਾਈਨ ਬੋਰਡ ਦੇ ਸੀਈਓ ਡਾ.ਅਸ਼ੋਕ ਭਾਨ, ਡਿਵੀਜ਼ਨਲ ਕਮਿਸ਼ਨਰ ਤੇ ਬੋਰਡ ਮੈਂਬਰ ਸੁਰੇਸ਼ ਸ਼ਰਮਾ ਸ਼ਾਮਲ ਹਨ। ਕੱਟੜਾ, ਜੋ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਬੇਸ ਕੈਂਪ ਹੈ, ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਤ੍ਰਿਕੁਲਾ ਦੀਆਂ ਪਹਾੜੀਆਂ ਉੱਤੇ ਤਜਵੀਜ਼ਤ ਰੋਪਵੇਅ ਪ੍ਰਾਜੈਕਟ ਦੇ ਵਿਰੋਧ ਕਰਕੇ ਇਕ ਹਫਤਾ ਬੰਦ ਰਿਹਾ ਹੈ। -ਪੀਟੀਆਈ