For the best experience, open
https://m.punjabitribuneonline.com
on your mobile browser.
Advertisement

‘ਆਪ’ ਨੇ ਦਿੱਲੀ ਨੂੰ ‘ਆਪਦਾ’ ਵੱਲ ਧੱਕਿਆ: ਮੋਦੀ

06:41 AM Jan 04, 2025 IST
‘ਆਪ’ ਨੇ ਦਿੱਲੀ ਨੂੰ ‘ਆਪਦਾ’ ਵੱਲ ਧੱਕਿਆ  ਮੋਦੀ
ਇਕ ਲਾਭਪਾਤਰੀ ਨੂੰ ਫਲੈਟ ਦੀ ਚਾਬੀ ਸੌਂਪਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਮੁਕੇਸ਼ ਅਗਰਵਾਲ
Advertisement

* ਦਿੱਲੀ ’ਚ ਹਾਊਸਿੰਗ ਅਤੇ ਸਿੱਖਿਆ ਸਮੇਤ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

Advertisement

ਨਵੀਂ ਦਿੱਲੀ, 3 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ‘ਆਪ’ ਨੂੰ ਦਿੱਲੀ ਲਈ ‘ਆਪਦਾ’ (ਆਫਤ) ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 10 ਸਾਲਾਂ ’ਚ ਕੁਝ ਲੋਕਾਂ ਨੇ ਕੌਮੀ ਰਾਜਧਾਨੀ ਨੂੰ ‘ਆਪਦਾ’ ਵੱਲ ਧੱਕ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਦਿੱਲੀ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਦਾ ਬਿਗਲ ਵਜਾ ਦਿੱਤਾ।
ਪ੍ਰਧਾਨ ਮੰਤਰੀ ਨੇ ਦਿੱਲੀ ’ਚ ਝੁੱਗੀ-ਝੌਂਪੜੀਆਂ ਦੇ ਲੋਕਾਂ ਲਈ 1,675 ਫਲੈਟਾਂ, ਸਰੋਜਨੀ ਨਗਰ ਸਰਕਾਰੀ ਕੁਆਰਟਰਾਂ, ਵਿਸ਼ਵ ਵਪਾਰ ਕੇਂਦਰ ਸਮੇਤ 4,500 ਕਰੋੜ ਰੁਪਏ ਮੁੱਲ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਅੱਜ ਉਦਘਾਟਨ ਕੀਤਾ। ਉਨ੍ਹਾਂ ਕੁਝ ਲਾਭਪਾਤਰੀਆਂ ਨੂੰ ਫਲੈਟਾਂ ਦੀਆਂ ਚਾਬੀਆਂ ਵੀ ਸੌਂਪੀਆਂ। ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ 600 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਨਵੇਂ ਕੈਂਪਸਾਂ ਅਤੇ ਰੌਸ਼ਨਪੁਰਾ (ਨਜਫ਼ਗੜ੍ਹ) ਸਥਿਤ ਵੀਰ ਸਾਵਰਕਰ ਕਾਲਜ ਦਾ ਵਰਚੁਅਲੀ ਨੀਂਹ ਪੱਥਰ ਵੀ ਰੱਖਿਆ। ਅਸ਼ੋਕ ਵਿਹਾਰ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ‘ਆਪ’ ਨੂੰ ਹਰਾਉਣ ਦਾ ਸੱਦਾ ਦਿੰਦਿਆਂ ‘ਆਪ-ਦਾ ਕੋ ਨਹੀਂ ਸਹੇਂਗੇ, ਬਦਲ ਕਰ ਰਹੇਂਗੇ’ ਦਾ ਨਾਅਰਾ ਵੀ ਦਿੱਤਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਉਹ ਵੀ ਆਪਣੇ ਲਈ ‘ਸ਼ੀਸ਼ ਮਹਿਲ’ ਬਣਾ ਸਕਦੇ ਸਨ ਪਰ ਉਨ੍ਹਾਂ ਦਾ ਸੁਪਨਾ ਦੇਸ਼ ’ਚ ਹਰ ਕਿਸੇ ਲਈ ਪੱਕਾ ਘਰ ਯਕੀਨੀ ਬਣਾਉਣਾ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਸਕੂਲੀ ਸਿੱਖਿਆ ਤੋਂ ਲੈ ਕੇ ਪ੍ਰਦੂਸ਼ਣ ਖ਼ਿਲਾਫ਼ ਜੰਗ ਅਤੇ ਸ਼ਰਾਬ ਦੇ ਕਾਰੋਬਾਰ ਸਮੇਤ ਕਈ ਖੇਤਰਾਂ ’ਚ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਾਇਆ। ਉਨ੍ਹਾਂ ‘ਆਪ’ ਆਗੂਆਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਾਇਆ। -ਪੀਟੀਆਈ

Advertisement

‘ਆਪ’ ਦਿੱਲੀ ਦੇ ਲੋਕਾਂ ’ਤੇ ਸਭ ਤੋਂ ਵੱਡਾ ਬੋਝ: ਭਾਜਪਾ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ’ਚ ‘ਆਪ’ ਦੀ ਤੁਲਨਾ ‘ਆਪ-ਦਾ’ ਨਾਲ ਕੀਤੇ ਜਾਣ ਮਗਰੋਂ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਆਪ’ ਦਿੱਲੀ ਦੇ ਲੋਕਾਂ ’ਤੇ ਸਭ ਤੋਂ ਵੱਡਾ ਬੋਝ ਬਣ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਰਾਜੀਵ ਚੰਦਰਸ਼ੇਖਰ ਨੇ ਇਥੇ ਪਾਰਟੀ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ‘ਆਪ’ ਕਾਂਗਰਸ ਦੇ ‘ਨਵੇਂ ਵਰਜ਼ਨ’ ਤੋਂ ਵਧ ਕੇ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਹਰੇਕ ਵੋਟਰ ਅਤੇ ਨਾਗਰਿਕ ਨੂੰ ਆਈਨਾ ਦਿਖਾਇਆ ਹੈ ਕਿ ‘ਆਪ’ ਨੇ ਨਵੀਂ ਤਰ੍ਹਾਂ ਦੀ ਸਿਆਸਤ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਕਿ ਪਰ ਉਸ ਨੇ ਇਸ ਦੇ ਐਨ ਉਲਟ ਕੀਤਾ। ਚੰਦਰਸ਼ੇਖਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਬੀਤੇ 10 ਵਰ੍ਹਿਆਂ ਦੀ ਕਾਰਗੁਜ਼ਾਰੀ ਦਿੱਲੀ ਦੇ ਲੋਕਾਂ ਨੂੰ ਦੱਸਣ ਲਈ ਕਾਫੀ ਹੈ ਕਿ ਮੁਲਕ ਕਿਵੇਂ ਤਰੱਕੀ ਦੇ ਰਾਹ ’ਤੇ ਹੈ ਅਤੇ ਕੌਮੀ ਰਾਜਧਾਨੀ ’ਚ ਵੀ ਵਿਕਾਸ ਅਤੇ ਨਿਵੇਸ਼ ਲਿਆਉਣ ਦੀ ਲੋੜ ਹੈ। -ਪੀਟੀਆਈ

ਕੇਂਦਰ ਨੇ ਦਿੱਲੀ ’ਚ ਕੋਈ ਕੰਮ ਕੀਤਾ ਹੁੰਦਾ ਤਾਂ ਮੋਦੀ ‘ਆਪ’ ਨੂੰ ਨਾ ਭੰਡਦੇ: ਕੇਜਰੀਵਾਲ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ’ਚ ਕੀਤੀ ਗਈ ਰੈਲੀ ਦੌਰਾਨ ‘ਆਪ’ ’ਤੇ ਕੀਤੇ ਗਏ ਹਮਲਿਆਂ ਬਾਰੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਦਿੱਲੀ ਜਾਂ ਕਿਤੇ ਹੋਰ ਵਿਕਾਸ ਕਾਰਜ ਕੀਤੇ ਹੁੰਦੇ ਤਾਂ ਉਨ੍ਹਾਂ ਨੂੰ ਆਪਣੇ ਭਾਸ਼ਣ ਦੇ 43 ’ਚੋਂ 39 ਮਿੰਟ ‘ਆਪ’ ਅਤੇ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਭੰਡਣ ’ਤੇ ਨਾ ਲਗਾਉਣੇ ਪੈਂਦੇ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜਿੰਨੇ ਕੰਮ ‘ਆਪ’ ਸਰਕਾਰ ਨੇ ਪਿਛਲੇ 10 ਸਾਲਾਂ ’ਚ ਕੀਤੇ ਹਨ, ਉਨ੍ਹਾਂ ਨੂੰ ਗਿਣਾਉਣ ਲਈ ਦੋ ਤੋਂ ਤਿੰਨ ਘੰਟੇ ਵੀ ਘੱਟ ਹੋਣਗੇ। -ਪੀਟੀਆਈ

Advertisement
Author Image

joginder kumar

View all posts

Advertisement