ਕਠੂਆ ਅਤਿਵਾਦੀ ਹਮਲਾ 'ਕਾਇਰਤਾਪੂਰਨ ਕਾਰਵਾਈ': ਰਾਸ਼ਟਰਪਤੀ ਮੁਰਮੂ
ਨਵੀਂ ਦਿੱਲੀ, 9 ਜੁਲਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 8 ਜੁਲਾਈ ਨੂੰ ਕਠੂਆ ਵਿਖੇ ਹੋਏ ਅਤਿਵਾਦੀ ਹਮਲੇ ਨੂੰ 'ਕਾਇਰਤਾਪੂਰਨ ਕਾਰਵਾਈ' ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। 'ਐਕਸ' ਤੇ ਸਾਂਝੇ ਕੀਤੇ ਇਕ ਸੰਦੇਸ਼ ਵਿਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਇਹ ਹਮਲਾ ਕਾਇਰਤਾ ਭਰਿਆ ਸੀ, ਜੋ ਕਿ ਨਿੰਦਾ ਅਤੇ ਸਖ਼ਤ ਜਵਾਬੀ ਕਾਰਵਾਈ ਦੇ ਲਾਇਕ ਹੈ। ਇਸ ਦੌਰਾਨ ਉਨ੍ਹਾਂ ਸ਼ਹੀਦ ਹੋਏ 5 ਜਵਾਨਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ। 8 ਜੁਲਾਈ ਨੂੰ ਕਠੂਆ ਵਿਖੇ ਫੌਜੀ ਜਵਾਨਾਂ ਤੇ ਹੋਏ ਹਮਲੇ ਤੋਂ ਬਾਅਦ ਸੀਆਈਐਸਐਫ, ਸੀਆਰਪੀਐਫ, ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਜਵਾਨਾਂ ਨੂੰ ਊਧਮਪੁਰ ਵਿੱਚ ਕੌਮੀ ਮਾਰਗ (ਐਨਐਚ44) ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਮੰਗਲਵਾਰ ਸਵੇਰੇ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦਾ 11ਵਾਂ ਜੱਥਾ ਊਧਮਪੁਰ ਤੋਂ ਗੁਜ਼ਰਨ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 9 ਜੂਨ ਤੋਂ ਰਿਆਸੀ, ਕਠੂਆ ਅਤੇ ਡੋਡਾ ਵਿਚ ਚਾਰ ਥਾਵਾਂ ਤੇ ਅਤਿਵਾਦੀ ਹਮਲੇ ਹੋਏ ਹਨ, ਜਿਸ ਵਿੱਚ ਨੌਂ ਸ਼ਰਧਾਲੂ ਅਤੇ ਸੀਆਰਪੀਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਇਸ ਤੋਂ ਇਲਾਵਾ ਇਕ ਨਾਗਰਿਕ ਅਤੇ ਘੱਟੋ-ਘੱਟ ਸੱਤ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਏ।-ਏਐੱਨਆਈ