ਕਸ਼ਮੀਰੀ ਪੰਡਿਤ ਵੋਟ ਪਾਉਣ ਲਈ ਉਤਸ਼ਾਹਿਤ
ਜੰਮੂ, 28 ਅਗਸਤ
ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦਾ ਪਹਿਲਾ ਗੇੜ ਨੇੜੇ ਆ ਹੈ। ਅਜਿਹੇ ਵਿੱਚ ਵਾਦੀ ’ਚੋਂ ਕੱਢੇ ਕਸ਼ਮੀਰੀ ਪੰਡਿਤ ਘਾਟੀ ਵਿੱਚ ਆਪਣੇ ਘਰੇਲੂ ਹਲਕਿਆਂ ਤੋਂ ਮੀਲਾਂ ਦੂਰ ਹੋਣ ਦੇ ਬਾਵਜੂਦ ਵੋਟ ਪਾਉਣ ਲਈ ਉਤਸ਼ਾਹਿਤ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਵਾਪਸੀ ਅਤੇ ਮੁੜ ਵਸੇਬੇ ਦੀ ਮੁੱਢਲੀ ਮੰਗ ਪੂਰੀ ਕੀਤੀ ਜਾਵੇ। ਅਤਿਵਾਦ ਕਾਰਨ 1990 ਵਿੱਚ ਪਲਾਇਨ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲਿਆ ਇਹ ਭਾਈਚਾਰਾ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਏਜੰਡੇ ਵਜੋਂ ਸ਼ਾਂਤੀ, ਸੁਰੱਖਿਆ ਅਤੇ ਸਨਮਾਨ ਨਾਲ ਘਾਟੀ ਵਿੱਚ ਸਥਾਈ ਬੰਦੋਬਸਤ ਦੀ ਵਕਾਲਤ ਕਰ ਰਿਹਾ ਹੈ। ਰੇਡੀਓ ਸ਼ਾਰਦਾ ਦੇ ਨਿਰਦੇਸ਼ਕ ਰਮੇਸ਼ ਹੰਗਲੂ ਨੇ ਕਿਹਾ, “ਜੰਮੂ ਕਸ਼ਮੀਰ ਵਿੱਚ ਚੋਣਾਂ ਦਾ ਹਰ ਕਿਸੇ ਨੇ ਸਵਾਗਤ ਕੀਤਾ ਹੈ। ਹਮੇਸ਼ਾ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਕਸ਼ਮੀਰੀ ਪੰਡਿਤਾਂ ਨੇ ਵੀ ਇਸ ਦਾ ਸਵਾਗਤ ਕੀਤਾ ਹੈ। ਸਾਡੀ ਉਮੀਦ ਹੈ ਕਿ ਸਾਡੀਆਂ ਵੋਟਾਂ ਦੀ ਸਹੀ ਵਰਤੋਂ ਹੋਵੇ। ਚੋਣ ਕਮਿਸ਼ਨ ਵੱਲੋਂ ਸਾਨੂੰ ਦਿੱਤੇ ਗਏ ਅਧਿਕਾਰਾਂ ਅਨੁਸਾਰ ਅਸੀਂ ਪੋਲਿੰਗ ਸਟੇਸ਼ਨਾਂ ’ਤੇ ਜਾ ਕੇ ਆਪਣੀ ਵੋਟ ਪਾਵਾਂਗੇ।’’ ਉਨ੍ਹਾਂ ਕਿਹਾ, ‘‘ਅਸੀਂ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਅਸੀਂ ਰਾਹਤ ਅਤੇ ਮੁੜ ਵਸੇਬਾ ਚਾਹੁੰਦੇ ਹਾਂ ਅਤੇ ਆਖਰਕਾਰ ਕਸ਼ਮੀਰ ਵਿੱਚ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਾਂ। ਇਹੀ ਸਾਡੀ ਮੁੱਖ ਮੰਗ ਹੈ।’’ ਕਸ਼ਮੀਰੀ ਪੰਡਿਤ ਆਈਟੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਕਾਰੋਬਾਰੀ ਅਰਵਿੰਦ ਕੌਲ ਨੇ ਕਿਹਾ, ‘‘ਦੇਸ਼ ਵਿੱਚ ਸ਼ਰਨਾਰਥੀ ਦੇ ਰੂਪ ’ਚ ਰਹਿ ਰਹੇ ਕਸ਼ਮੀਰੀ ਪੰਡਿਤ ਹੋਣ ਦੇ ਨਾਤੇ ਮੈਨੂੰ ਉਮੀਦ ਹੈ ਕਿ ਜੋ ਵੀ ਸਰਕਾਰ ਬਣੇ, ਉਹ ਕਸ਼ਮੀਰੀ ਪੰਡਤਾਂ ਦੀ ਵਾਪਸੀ ਅਤੇ ਮੁੜ ਵਸੇਬੇ ਨੂੰ ਪਹਿਲ ਦੇਵੇ।’’ -ਪੀਟੀਆਈ