ਧਰਤੀ ’ਤੇ ਜੰਨਤ ਹੈ ਕਸ਼ਮੀਰ
ਹਰਜਿੰਦਰ ਪਾਲ ਸਿੰਘ ਸਮਰਾਲਾ
ਸੈਰ ਸਫ਼ਰ
ਸਾਲ 2023 ਦਾ ਜੂਨ ਦਾ ਮਹੀਨਾ ਸੀ। ਅੰਤਾਂ ਦੀ ਗਰਮੀ ਕਰਕੇ ਪੰਜਾਬ ਦੇ ਨਿਵਾਸੀਆਂ ਦਾ ਜੀਣਾ ਦੁੱਭਰ ਹੋ ਰਿਹਾ ਸੀ। ਗਰਮੀ ਦੀਆਂ ਛੁੱਟੀਆਂ ਕਾਰਨ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਚੱਲ ਰਹੇ ਸਨ। ਇਸੇ ਕਰਕੇ ਵੱਖ ਵੱਖ ਖੇਤਰਾਂ ਦੇ ਦੁਕਾਨਦਾਰ ਵੀ ਆਪਣੇ ਪੱਧਰ ’ਤੇ ਛੁੱਟੀਆਂ ਕਰ ਕੇ ਗਰਮੀ ਤੋਂ ਰਾਹਤ ਲੈਣ ਲਈ ਪਹਾੜਾਂ ਵੱਲ ਵਹੀਰਾਂ ਘੱਤੀ ਜਾ ਰਹੇ ਸਨ। ਕੈਮਿਸਟ ਐਸੋਸੀਏਸ਼ਨ ਨੇ ਆਪਸੀ ਸਹਿਮਤੀ ਨਾਲ ਦੋ ਦਿਨ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ। ਮੇਰਾ ਮੈਡੀਕਲ ਸਟੋਰ ਹੋਣ ਕਾਰਨ ਮੈਂ ਵੀ ਆਪਣੀ ਪਤਨੀ ਊਸ਼ਾ ਰਾਣੀ ਅਤੇ ਬੇਟੇ ਨਾਲ ਕਾਰ ਰਾਹੀਂ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾਇਆ।
ਅਸੀਂ ਸਵੇਰੇ ਪੰਜ ਵਜੇ ਸਮਰਾਲਾ ਤੋਂ ਕਸ਼ਮੀਰ ਨੂੰ ਦੇਖਣ ਲਈ ਚੱਲ ਪਏ। ਰਸਤੇ ਵਿੱਚ ਛੋਟੇ ਵੱਡੇ ਸ਼ਹਿਰ ਮਾਛੀਵਾੜਾ ਸਾਹਿਬ, ਰਾਹੋਂ, ਨਵਾਂਸ਼ਹਿਰ, ਗੜ੍ਹਸ਼ੰਕਰ, ਸੈਲਾ ਖੁਰਦ, ਮਾਹਲਪੁਰ, ਚੱਬੇਵਾਲ, ਹੁਸ਼ਿਆਰਪੁਰ, ਹਰਿਆਣਾ, ਗੜ੍ਹਦੀਵਾਲ, ਦਸੂਹਾ ਆਏ। ਦਸੂਹੇ ਨਾਸ਼ਤਾ ਕਰਨ ਲਈ ਰੁਕੇ ਕਿਉਂਕਿ ਸਮਰਾਲਾ ਤੋਂ ਇੱਥੇ ਤੱਕ ਕਰੀਬ ਤਿੰਨ ਘੰਟੇ ਤੋਂ ਉਪਰ ਦਾ ਸਮਾਂ ਲੱਗ ਚੁੱਕਾ ਸੀ। ਥੋੜ੍ਹਾ ਵਿਰਾਮ ਦੇਣ ਤੋਂ ਬਾਅਦ ਫਿਰ ਹੋਰ ਸ਼ਹਿਰ ਮੁਕੇਰੀਆਂ, ਭੰਗਾਲਾ ਤੋਂ ਹੁੰਦੇ ਹੋਏ ਪਠਾਨਕੋਟ ਪਹੁੰਚੇ। ਸਮਰਾਲਾ ਤੋਂ ਪਠਾਨਕੋਟ 186 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਆਪਣੇ ਵਾਹਨ ਰਾਹੀਂ ਚਾਰ ਘੰਟੇ ਦਾ ਸਫ਼ਰ ਹੈ। ਮੁਕੇਰੀਆਂ ਤੋਂ ਪਠਾਨਕੋਟ ਦਰਮਿਆਨ ਇਕ ਟੋਲ ਪਲਾਜ਼ੇ ’ਤੇ ਟੈਕਸ ਦੇਣਾ ਪਿਆ ਜਦੋਂਕਿ ਦੋ ਟੋਲ ਫਰੀ ਹੋ ਚੁੱਕੇ ਸਨ। ਪਠਾਨਕੋਟ ਤੋਂ ਜੰਮੂ ਤੱਕ ਸੁਜਾਨਪੁਰ, ਕਠੂਆ, ਸਾਂਬਾ, ਵਿਜੈਪੁਰ, ਬਾਰੀ ਬ੍ਰਾਹਮਣਾ ਆਦਿ ਸ਼ਹਿਰ ਆਏ। ਪਠਾਨਕੋਟ ਤੋਂ ਜੰਮੂ ਪਾਸੇ ਲਖਨਪੁਰ ਬੈਰੀਅਰ ਤੋਂ ਬਾਅਦ ਪੰਜਾਬ ਅਤੇ ਪੂਰੇ ਦੇਸ਼ ਦੀ ਮੋਬਾਈਲ ਫੋਨ ਸੇਵਾ ਬੰਦ ਹੋ ਜਾਂਦੀ ਹੈ। ਕੋਈ ਵੀ ਵਿਅਕਤੀ ਨਾ ਫੋਨ ਕਰ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ ਜਿਸ ਕਰਕੇ ਜੰਮੂ ਅਤੇ ਕਸ਼ਮੀਰ ਦਾ ਮੋਬਾਈਲ ਸਿੰਮ ਲੈ ਕੇ ਹੀ ਸਰਵਿਸ ਮਿਲਦੀ ਹੈ। ਅਸੀਂ ਵੀ ਇੱਕ ਮੋਬਾਈਲ ਵਿੱਚ ਬਾਰੀ ਬ੍ਰਾਹਮਣਾ ਸ਼ਹਿਰ ਤੋਂ ਸਿੰਮ ਲੈ ਕੇ ਮੋਬਾਈਲ ਚਾਲੂ ਕੀਤਾ। ਜੰਮੂ ਲੰਘ ਕੇ ਊਧਮਪੁਰ ਨੇੜੇ ਸਰਕਾਰ ਵੱਲੋਂ ਕਸ਼ਮੀਰ ਨੂੰ ਜਾਣ ਵਾਲੀ ਸੜਕ ’ਤੇ ਚਾਰ ਸੁਰੰਗਾਂ ਬਣਾਈਆਂ ਗਈਆਂ ਹਨ ਜਿਸ ਨਾਲ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਵੱਡੀ ਸਹੂਲਤ ਮਿਲਦੀ ਹੈ। ਰਸਤੇ ਵਿੱਚ ਟਰੱਕਾਂ ਦੀ ਦੁਨੀਆਂ ਦੇਖਣ ਨੂੰ ਮਿਲੀ ਜੋ ਕਿ ਸ੍ਰੀਨਗਰ ਵੱਲ ਜਾਣ ਲਈ ਕਤਾਰਾਂ ਵਿੱਚ ਖੜ੍ਹੇ ਸਨ ਅਤੇ ਜਾਣ ਦੀ ਉਡੀਕ ਕਰ ਰਹੇ ਸਨ। ਪੁਲੀਸ ਨੇ ਟ੍ਰੈਫਿਕ ਦੀ ਸਮੱਸਿਆ ਕਾਰਨ ਸਾਡੇ ਵਾਹਨ ਨੂੰ ਵੀ ਮੁੱਖ ਸੜਕ ਤੋਂ ਪਟਨੀਟਾਪ ਪਹਾੜ ਵੱਲ ਮੋੜ ਦਿੱਤਾ। ਪਹਾੜਾਂ ’ਤੇ ਸੈਲਾਨੀਆਂ ਦੀ ਭੀੜ ਹੋਣ ਕਾਰਨ ਸਾਨੂੰ ਹੋਟਲ ਦਾ ਕਮਰਾ ਲੈਣ ਵਿੱਚ ਬਹੁਤ ਦਿੱਕਤ ਆਈ। ਹੋਟਲ ਮਾਲਕਾਂ ਨੇ ਸੈਲਾਨੀਆਂ ਦੀ ਗਿਣਤੀ ਨੂੰ ਦੇਖਦਿਆਂ ਕਿਰਾਏ ਕਾਫ਼ੀ ਵਧਾ ਦਿੱਤੇ ਸਨ ਜਿਸ ਕਰਕੇ ਸਾਨੂੰ ਪਟਨੀਟਾਪ ਤੋਂ 10 ਕਿਲੋਮੀਟਰ ਪਿੱਛੇ ਪ੍ਰੇਮ ਗੈਸਟ ਹਾਊਸ ਕੁੱਡ ਵਿਖੇ ਕਮਰਾ ਲੈਣਾ ਪਿਆ ਜਿਸ ਵਿੱਚ ਹੋਰ ਕਈ ਯਾਤਰੀ ਵੀ ਠਹਿਰੇ ਹੋਏ ਸਨ।
ਦੂਸਰੇ ਦਿਨ ਸਵੇਰੇ ਪ੍ਰੇਮ ਗੈਸਟ ਹਾਊਸ ਕੁੱਡ ਤੋਂ ਪਟਨੀਟਾਪ, ਬਟੋਟ ਰਾਹੀਂ ਹੁੰਦੇ ਹੋਏ ਸਵੇਰ 9 ਵਜੇ ਰਾਮਬਨ ਪਹੁੰਚੇ। ਇਸ ਸੜਕ ਉੱਤੇ ਸੈਂਕੜੇ ਪੈਟਰੋਲੀਅਮ ਟਰੱਕਾਂ ਦੀ ਭਰਮਾਰ ਸੀ ਜੋ ਕਿ ਟ੍ਰੈਫਿਕ ਪੁਲੀਸ ਵੱਲੋਂ ਰੋਕੇ ਗਏ ਸਨ। ਸਾਰੀ ਟ੍ਰੈਫਿਕ ਬੱਸ ਸਟੈਂਡ ਰਾਹੀਂ ਸ਼ਹਿਰ ਵਿਚਦੀ ਲੰਘ ਰਹੀ ਸੀ ਜਿਸ ਕਰਕੇ ਕਾਫ਼ੀ ਸਮਾਂ ਸਾਨੂੰ ਰਾਮਬਨ ਰੁਕਣਾ ਪਿਆ ਜਿੱਥੇ ਇੱਕ ਪਾਸੇ ਪਹਾੜ ਸਨ ਅਤੇ ਦੂਸਰੇ ਪਾਸੇ ਚਨਾਬ ਦਰਿਆ ਬੜੇ ਤੇਜ਼ ਰਫ਼ਤਾਰ ਨਾਲ ਵਗ ਰਿਹਾ ਸੀ। ਸਾਡਾ ਵਾਹਨ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਸੀ। ਅਗਲੇ ਸ਼ਹਿਰ ਬਨਿਹਾਲ ਅਤੇ ਕਾਜੀਕੁੰਡ ਆਉਂਦੇ ਹਨ। ਇੱਥੇ ਪਹੁੰਚਣ ਤੱਕ ਅਸੀਂ ਕੋਈ ਦਸ ਸੁਰੰਗਾਂ ਵਿੱਚੋਂ ਲੰਘ ਚੁੱਕੇ ਸਾਂ। ਕਈ ਸੁਰੰਗਾਂ ਤਾਂ ਕਈ ਕਿਲੋਮੀਟਰ ਤੱਕ ਲੰਮੀਆਂ ਸਨ। ਪ੍ਰਸ਼ਾਸਨ ਵੱਲੋਂ ਸੁਰੰਗਾਂ ਵਿੱਚ ਲਾਈਟਾਂ ਅਤੇ ਗੱਡੀਆਂ ਦੀ ਰਫ਼ਤਾਰ ਨਿਯਮਾਂ ਮੁਤਾਬਿਕ ਰੱਖਣ ਲਈ ਸੈਂਸਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੋ ਕੋਈ ਵੀ ਵਾਹਨ ਵੱਧ ਰਫ਼ਤਾਰ ਨਾਲ ਨਾ ਚੱਲ ਸਕੇ। ਕਾਜੀਕੁੰਡ ਸ਼ਹਿਰ ਤੋਂ ਅਨੰਤਨਾਗ ਜ਼ਿਲ੍ਹਾ ਹੈੱਡਕੁਆਰਟਰ 23 ਕਿਲੋਮੀਟਰ ਦੂਰ ਸਥਿਤ ਹੈ। ਕਾਜੀਕੁੰਡ ਤੋਂ ਸ੍ਰੀਨਗਰ ਤੱਕ ਕਸ਼ਮੀਰ ਵਾਦੀ ਵੱਲੋਂ ਸੈਲਾਨੀਆਂ ਦਾ ਸਵਾਗਤ ਕੀਤਾ ਗਿਆ ਹੈ ਜਿੱਥੇ ਕੌਮੀ ਸ਼ਾਹਰਾਹ ਰਾਹੀਂ ਸ੍ਰੀਨਗਰ ਤੇਜ਼ ਰਫ਼ਤਾਰ ਨਾਲ ਪਹੁੰਚਿਆ ਜਾ ਸਕਦਾ ਹੈ ਅਤੇ ਸੜਕ ਦੇ ਆਲੇ-ਦੁਆਲੇ ਕਸ਼ਮੀਰ ਵਾਦੀ ਵਿੱਚ ਕੇਸਰ ਦੀ ਖੇਤੀ ਨੂੰ ਦੇਖਿਆ ਜਾ ਸਕਦਾ ਹੈ।
ਅਸੀਂ ਸ੍ਰੀਨਗਰ ਪਹੁੰਚ ਕੇ ਹੋਟਲ ਦੇ ਕਮਰੇ ਦਾ ਪ੍ਰਬੰਧ ਕੀਤਾ। ਚੌਵੀ ਘੰਟਿਆਂ ਲਈ ਕਮਰਿਆਂ ਦਾ ਕਰਾਇਆ ਕਾਫ਼ੀ ਜ਼ਿਆਦਾ ਸੀ। ਡੱਲ ਝੀਲ ਨੇੜੇ ਹੀ ਸਾਨੂੰ ਕਮਰਾ ਮਿਲ ਗਿਆ। ਡੱਲ ਝੀਲ ਤੋਂ ਅਸੀਂ ਆਟੋ ਰਿਕਸ਼ਾ ਰਾਹੀਂ ਉੱਚੀ ਚੋਟੀ ’ਤੇ ਸਥਿਤ ਸ਼ੰਕਰਾਚਾਰੀਆ ਮੰਦਿਰ ਦੇਖਣ ਗਏ ਜਿੱਥੇ ਆਪਣੇ ਵਾਹਨ ਜਾਂ ਆਟੋ ਰਿਕਸ਼ਾ ਰਾਹੀਂ ਜਾਇਆ ਜਾ ਸਕਦਾ ਹੈ। ਇੱਥੇ ਬੀ.ਐੱਸ.ਐਫ਼ ਦਾ ਕੰਟਰੋਲ ਹੋਣ ਕਰਕੇ ਤਲਾਸ਼ੀ ਕਰਵਾ ਕੇ ਹੀ ਮੰਦਰ ਵਿੱਚ ਜਾਇਆ ਜਾ ਸਕਦਾ ਹੈ। ਇਸ ਮੰਦਿਰ ਦੀਆਂ ਕੁੱਲ 240 ਪੌੜੀਆਂ ਹਨ। ਇਸ ਚੋਟੀ ਤੋਂ ਡੱਲ ਝੀਲ ਅਤੇ ਸ੍ਰੀਨਗਰ ਸ਼ਹਿਰ ਨੂੰ ਦੂਰ ਤੱਕ ਦੇਖਿਆ ਜਾ ਸਕਦਾ ਹੈ। ਸ਼ੰਕਰਾਚਾਰੀਆ ਮੰਦਿਰ ਪਹੁੰਚਣ ਲਈ ਇੱਕ ਘੰਟੇ ਦਾ ਸਮਾਂ ਲੱਗਦਾ ਹੈ। ਸ਼ਾਮ ਨੂੰ ਅਸੀਂ ਡੱਲ ਝੀਲ ਦੇ ਨਜ਼ਦੀਕ ਬਣਿਆ ਬੋਟੈਨੀਕਲ ਗਾਰਡਨ ਦੇਖਿਆ। ਇੱਥੇ ਕਾਫ਼ੀ ਰੌਣਕ ਹੁੰਦੀ ਹੈ। ਪ੍ਰਸ਼ਾਸਨ ਵੱਲੋਂ ਇਸ ਨੂੰ ਦੇਖਣ ਲਈ ਟਿਕਟ ਰੱਖੀ ਗਈ ਹੈ। ਇਸ ਤੋਂ ਬਾਅਦ ਅਸੀਂ ਸ਼ਾਲੀਮਾਰ ਬਾਗ਼ ਅਤੇ ਮੁਗ਼ਲ ਗਾਰਡਨ ਦੇਖਣ ਲਈ ਚੱਲ ਪਏ, ਪਰ ਸਮਾਂ 6 ਵਜੇ ਤੋਂ ਉਪਰ ਹੋਣ ਕਾਰਨ ਇਹ ਬੰਦ ਹੋ ਗਏ ਸਨ। ਸ੍ਰੀਨਗਰ ਵਿੱਚ ਹੋਰ ਦੇਖਣਯੋਗ ਸਥਾਨ ਚਸ਼ਮੇਸ਼ਾਹੀ ਅਤੇ ਟਿਊਲਿਪ ਗਾਰਡਨ ਆਦਿ ਹਨ ਜਿਨ੍ਹਾਂ ਨੂੰ ਅਸੀਂ ਨਾ ਦੇਖ ਸਕੇ। ਮੀਂਹ ਪੈਣ ਕਾਰਨ ਡੱਲ ਝੀਲ ਵਾਲੀ ਸੜਕ ਰਾਹੀਂ ਕਮਰੇ ਤੱਕ ਜਾਣ ਲਈ ਡੇਢ ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਮੀਂਹ ਕਾਰਨ ਪੰਜਾਬੀ ਢਾਬੇ ’ਤੇ ਕਾਫ਼ੀ ਭੀੜ ਸੀ। ਅਸੀਂ ਵੀ ਉਸੇ ਢਾਬੇ ’ਤੇ ਖਾਣਾ ਖਾ ਕੇ ਕਮਰੇ ਵਿੱਚ ਸੌਣ ਲਈ ਚਲੇ ਗਏ। ਅਗਲੇ ਦਿਨ ਸੁਵਖਤੇ ਉੱਠ ਕੇ ਅਸੀਂ ਡੱਲ ਝੀਲ ਸ਼ਿਕਾਰੇ ਦੀ ਸੈਰ ਦਾ ਆਨੰਦ ਲੈਣ ਲਈ ਚੱਲ ਪਏ। ਕਿਸ਼ਤੀ ਚਾਲਕ ਦਾ ਨਾਮ ਗੁਲਾਬ ਮੁਹੰਮਦ ਸੀ ਜੋ ਕਿ ਬਹੁਤ ਹੀ ਸੁੰਦਰ ਲਹਿਜੇ ਵਿੱਚ ਡੱਲ ਝੀਲ ਬਾਰੇ ਦੱਸਦਾ ਸੀ। ਝੀਲ ਵਿੱਚ ਹੀ ਕਿਸ਼ਤੀ ਰਾਹੀਂ ਆਇਆ ਗਰਮ ਕਸ਼ਮੀਰੀ ਕਾਹਵਾ ਪੀਤਾ, ਇੱਕ ਹੋਰ ਕਿਸ਼ਤੀ ਤੋਂ ਯਾਦਗਾਰੀ ਸਮਾਨ ਖਰੀਦਿਆ ਅਤੇ ਝੀਲ ਦੇ ਅੰਦਰ ਬਣੀ ਮਾਰਕੀਟ ਦੇਖੀ ਜਿੱਥੇ ਆਮ ਵਰਤੋਂ ਦਾ ਸਮਾਨ ਮਿਲ ਜਾਂਦਾ ਹੈ ਜੋ ਕਿ ਅਤਿ ਸੁੰਦਰ ਹੁੰਦਾ ਹੈ। ਇਸ ਦੌਰਾਨ ਪਾਣੀ ਵਿੱਚ ਹੋਈ ਖੇਤੀ ਅਤੇ ਫੁੱਲਾਂ ਨੂੰ ਵੀ ਦੇਖਿਆ। ਇੱਕ ਘੰਟੇ ਦੇ ਝੀਲ ਦੇ ਸਫ਼ਰ ਤੋਂ ਬਾਅਦ ਪਰਤ ਆਏ। ਇਸ ਤੋਂ ਬਾਅਦ ਅਸੀਂ ਅਗਲੇ ਸਥਾਨ ਹਰੀ ਪਰਬਤ ਕਿਲ੍ਹੇ ਵੱਲ ਨੂੰ ਚੱਲ ਪਏ। ਰਸਤੇ ਵਿੱਚ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਯਾਦਗਾਰੀ ਗੁਰਦੁਆਰਾ ਦੇਖਿਆ। ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਹੈ। ਇੱਥੇ ਰਿਹਾਇਸ਼ੀ ਸਰਾਵਾਂ ਵੀ ਹਨ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਨੇੜੇ ਸਥਿਤ ਹਰੀ ਪਰਬਤ ਕਿਲ੍ਹਾ ਦੇਖਣ ਚਲੇ ਗਏ। ਇਹ ਕਿਲ੍ਹਾ ਉੱਚੀ ਚੋਟੀ ’ਤੇ ਸਥਿਤ ਹੈ ਜੋ ਕਿ ਅੱਜਕੱਲ੍ਹ ਬੀ.ਐੱਸ.ਐਫ. ਦੇ ਕੰਟਰੋਲ ਹੇਠ ਹੈ। ਪ੍ਰਾਈਵੇਟ ਵਾਹਨ, ਕਾਰਾਂ ਆਦਿ ਪਹਾੜ ਦੇ ਉਪਰ ਤੱਕ ਜਾ ਸਕਦੇ ਹਨ। ਇਸ ਤੋਂ ਅੱਗੇ ਕਾਫ਼ੀ ਉਚਾਈ ਹੋਣ ਕਾਰਨ ਪੈਦਲ ਜਾਣਾ ਪੈਂਦਾ ਹੈ। ਹਰੀ ਪਰਬਤ ਕਿਲ੍ਹੇ ਤੋਂ ਪੂਰੇ ਸ੍ਰੀਨਗਰ ਸ਼ਹਿਰ ਨੂੰ ਉਚਾਈ ਤੋਂ ਦੇਖਿਆ ਜਾ ਸਕਦਾ ਹੈ। ਕਿਲ੍ਹੇ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ, ਨੇੜੇ ਹੀ ਮੰਦਿਰ ਅਤੇ ਮਸਜਿਦ ਵੀ ਹਨ। ਇੱਥੇ ਸੈਲਾਨੀ ਨਤਮਸਤਕ ਹੁੰਦੇ ਹਨ। ਕਿਨ੍ਹੇ ਵਿੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰੀਨਗਰ ਤੋਂ ਪਹਿਲਗਾਮ 54 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਅਨੰਤਨਾਗ ਰਾਹੀਂ ਪਹਿਲਗਾਮ ਜਾਇਆ ਜਾਂਦਾ ਹੈ। ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣਨ ਲਈ ਪਹਿਲਗਾਮ ਦੇਖਣਯੋਗ ਹੈ। ਇੱਥੇ ਅਖੋਰਟਾਂ ਦੇ ਦਰੱਖਤ ਦੇਖਣ ਨੂੰ ਮਿਲਦੇ ਹਨ ਜੋ ਕਿ ਇਨ੍ਹਾਂ ਮਹੀਨਿਆਂ ਵਿੱਚ ਭਰੇ ਪਏ ਹੁੰਦੇ ਹਨ। ਰਸਤੇ ਵਿੱਚ ਸੇਬ ਦੇ ਬਾਗ਼ ਵੀ ਦੇਖਣ ਨੂੰ ਮਿਲਦੇ ਹਨ। ਪਹਿਲਗਾਮ ਤੋਂ ਅੱਗੇ ਬੇਤਾਬ ਵੈਲੀ ਅਤੇ ਚੰਦਨਵਾੜੀ ਦੇ ਕੁਦਰਤੀ ਨਜ਼ਾਰੇ ਦੇਖੇ ਜਾ ਸਕਦੇ ਹਨ। ਪਹਿਲਗਾਮ ਵਿੱਚ ਕੁਦਰਤੀ ਬਰਫ਼ੀਲੇ ਪਾਣੀ ਦੇ ਚਸ਼ਮੇ ਚੱਲਦੇ ਹਨ। ਸੈਲਾਨੀ ਠੰਢੇ ਪਾਣੀ ਦੇ ਚਸ਼ਮਿਆਂ ਵਿੱਚ ਬੈਠ ਕੇ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਹਨ। ਇਨ੍ਹਾਂ ਚਸ਼ਮਿਆਂ ਵਿੱਚ ਇੱਕ ਮਿੰਟ ਲਈ ਪੈਰ ਪਾ ਕੇ ਰੱਖਣਾ ਮੁਸ਼ਕਿਲ ਹੁੰਦਾ ਹੈ। ਪਹਿਲਗਾਮ ਦੀਆਂ ਉੱਚੀਆਂ ਚੋਟੀਆਂ ਤੇ ਬਰਫ਼ੀਲੇ ਪਹਾੜਾਂ ਦਾ ਆਨੰਦ ਲਿਆ ਜਾ ਸਕਦਾ ਹੈ।
ਜੁਲਾਈ ਅਗਸਤ ਵਿੱਚ ਸ੍ਰੀ ਅਮਰਨਾਥ ਯਾਤਰਾ ਹੋਣ ਕਾਰਨ ਪਹਿਲਗਾਮ ਤੋਂ ਧਾਰਮਿਕ ਯਾਤਰਾ ਦੀ ਰਵਾਨਗੀ ਚੈੱਕ ਪੋਸਟ ਰਾਹੀਂ ਹੋਣ ਕਾਰਨ ਇਸ ਖੇਤਰ ਵਿੱਚ ਕਾਫ਼ੀ ਭੀੜ ਹੁੰਦੀ ਹੈ। ਇਸ ਕਰਕੇ ਪਹਿਲਗਾਮ ਦੇ ਸੈਲਾਨੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਸ ਲਈ ਇਨ੍ਹਾਂ ਦੋ ਮਹੀਨਿਆਂ ਨੂੰ ਛੱਡ ਕੇ ਬਾਕੀ ਸਾਲ ਵਿੱਚ ਬਰਫ਼ੀਲੇ ਪਹਾੜਾਂ ਅਤੇ ਚਸ਼ਮਿਆਂ ਦਾ ਆਨੰਦ ਲਿਆ ਜਾ ਸਕਦਾ ਹੈ।
ਸ੍ਰੀਨਗਰ ਤੋਂ ਗੁਲਮਰਗ 47 ਕਿਲੋਮੀਟਰ ਅਤੇ ਸੋਨਮਰਗ ਲੇਹ ਹਾਈਵੇਅ ’ਤੇ 75 ਕਿਲੋਮੀਟਰ ਦਾ ਸਫ਼ਰ ਹੈ। ਇੱਥੇ ਅਪਰੈਲ ਤੋਂ ਨਵੰਬਰ ਮਹੀਨੇ ਤੱਕ ਸੜਕ ਰਾਹੀਂ ਜਾਇਆ ਜਾ ਸਕਦਾ ਹੈ। ਬਾਕੀ ਮਹੀਨਿਆਂ ਦੌਰਾਨ ਬਰਫ਼ ਹੋਣ ਕਾਰਨ ਸੜਕ ਆਵਾਜਾਈ ਲਈ ਬੰਦ ਹੋ ਜਾਂਦੀ ਹੈ।
ਕਸ਼ਮੀਰ ਦੇ ਸ੍ਰੀਨਗਰ ਤੱਕ ਦਾ ਸਫ਼ਰ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਕਠਿਨ ਜ਼ਰੂਰ ਹੈ ਅਤੇ ਕਈ ਥਾਵਾਂ ’ਤੇ ਰੋਡ ਜਾਮ ਕਾਰਨ ਰੁਕਣਾ ਵੀ ਪੈਂਦਾ ਹੈ, ਪਰ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਦੇਖਣ ਦੇ ਚਾਹਵਾਨ ਵਿਅਕਤੀ ਆਪਣੇ ਵਾਹਨ ਰਾਹੀਂ ਕਸ਼ਮੀਰ ਦਾ ਟੂਰ ਕਰ ਸਕਦੇ ਹਨ।
ਸੰਪਰਕ: 98141-99337