ਕਸ਼ਮੀਰ: ਗੁਲਮਰਗ ਤੇ ਪਹਿਲਗਾਮ ਵਿੱਚ ਕੜਾਕੇ ਦੀ ਠੰਢ ਜਾਰੀ
ਸ੍ਰੀਨਗਰ, 30 ਦਸੰਬਰ
ਕਸ਼ਮੀਰ ਦੇ ਗੁਲਮਰਗ ਅਤੇ ਪਹਿਲਗਾਮ ’ਚ ਸੀਤ ਲਹਿਰ ਕਾਰਨ ਕੜਾਕੇ ਦੀ ਠੰਢ ਜਾਰੀ ਹੈ, ਹਾਲਾਂਕਿ ਵਾਦੀ ਦੇ ਹੋਰ ਹਿੱਸਿਆਂ ਵਿੱਚ ਠੰਢ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਗੁਲਮਰਗ ’ਚ ਘੱਟੋ-ਘੱਟ ਤਾਪਮਾਨ ਮਨਫੀ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਨਾਲੋਂ ਦੋ ਡਿਗਰੀ ਘੱਟ ਹੈ। ਦੱਖਣੀ ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਦੇ ਬੇਸ ਕੈਂਪ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਮਨਫੀ 9.2 ਡਿਗਰੀ ਸੈਲਸੀਅਸ ਰਿਹਾ, ਜਦਕਿ ਪਿਛਲੀ ਰਾਤ ਇਹ ਮਨਫੀ 8.5 ਡਿਗਰੀ ਸੈਲਸੀਅਸ ਸੀ। ਸ੍ਰੀਨਗਰ ਵਿੱਚ ਰਾਤ ਦਾ ਤਾਪਮਾਨ ਮਨਫ਼ੀ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਕਸ਼ਮੀਰ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 2.8, ਜਦਕਿ ਕੋਨੀਬਲ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ 0.1, ਜਦਕਿ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਇੱਕ ਡਿਗਰੀ ਸੈਲਸੀਅਸ ਰਿਹਾ। ਵਾਦੀ ਵਿੱਚ ਸਿਰਫ ਕੁਪਵਾੜਾ ਵਿੱਚ ਹੀ ਘੱਟੋ-ਘੱਟ ਤਾਪਮਾਨ ਮਨਫੀ ਤੋਂ ਉੱਪਰ ਹੈ।
ਇਸ ਵੇਲੇ ਕਸ਼ਮੀਰ ਵਾਦੀ ਵਿੱਚ ‘ਚਿੱਲਈ-ਕਲਾਂ’ (ਕੜਾਕੇ ਦੀ ਠੰਢ) ਦਾ ਦੌਰ ਚੱਲ ਰਿਹਾ ਹੈ, ਜੋ 21 ਦਸੰਬਰ ਤੋਂ ਸ਼ੁਰੂ ਹੁੰਦਾ ਹੈ ਅਤੇ 40 ਦਿਨ ਚੱਲਦਾ ਹੈ। ਇਨ੍ਹਾਂ 40 ਦਿਨਾਂ ਦੌਰਾਨ ਸਭ ਤੋਂ ਵੱਧ ਬਰਫ਼ਬਾਰੀ ਹੁੰਦੀ ਹੈ। ਚਿੱਲਈ-ਕਲਾਂ ਅਗਲੇ ਸਾਲ 30 ਜਨਵਰੀ ਨੂੰ ਖਤਮ ਹੋ ਜਾਵੇਗਾ ਪਰ ਸੀਤ ਲਹਿਰ ਜਾਰੀ ਰਹੇਗੀ। ਇਸ ਤੋਂ ਬਾਅਦ 20 ਦਿਨ ‘ਚਿੱਲਈ-ਖੁਰਦ’ ਅਤੇ ਉਸ ਤੋਂ ਅਗਲੇ 10 ਦਿਨ ‘ਚਿੱਲਈ-ਬੱਚਾ’ ਦਾ ਦੌਰ ਚੱਲੇਗਾ। -ਪੀਟੀਆਈ