ਦੇਸ਼ ਵਿੱਚ ਕਾਸ਼ੀ ਹੁਣ ਵੱਡੇ ਸਿਹਤ ਸੰਭਾਲ ਕੇਂਦਰ ਵਜੋਂ ਉਭਰੇਗਾ: ਮੋਦੀ
ਵਾਰਾਨਸੀ , 20 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੂਰਬੀ ਉੱਤਰ ਪ੍ਰਦੇਸ਼ ਨੂੰ ਅਣਗੌਲਿਆਂ ਕਰਨ ਲਈ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਕਾਸ਼ੀ ਦੀ ਪਛਾਣ ਹੁਣ ਤੱਕ ਸਿਰਫ਼ ਧਰਮ ਤੇ ਅਧਿਆਤਮ ਦੇ ਕੇਂਦਰ ਵਜੋਂ ਸੀ ਪਰ ਹੁਣ ਇਹ ਵੱਡੇ ਸਿਹਤ ਸੰਭਾਲ ਕੇਂਦਰ ਵਜੋਂ ਉਭਰੇਗਾ। ਉਹ ਆਪਣੇ ਸੰਸਦੀ ਹਲਕੇ ਵਾਰਾਨਸੀ ’ਚ ਅੱਖਾਂ ਦੇ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਵਾਰਾਨਸੀ ਤੋਂ 6700 ਕਰੋੜ ਰੁਪਏ ਦੇ 23 ਵਿਕਾਸ ਪ੍ਰਾਜੈਕਟ ਵੀ ਦੇਸ਼ ਨੂੰ ਸਮਰਪਿਤ ਕੀਤੇ। ਉਨ੍ਹਾਂ ਕਿਹਾ ਕਿ ਉਹ ਵਾਰਾਨਸੀ ਵਾਪਸ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, ‘ਪਿਛਲੇ 10 ਸਾਲਾਂ ਅੰਦਰ ਦੇਸ਼ ਦੇ 25 ਕਰੋੜ ਲੋਕ ਗਰੀਬੀ ਤੋਂ ਉੱਭਰੇ ਹਨ ਅਤੇ ਇਸੇ ਲਈ ਸਾਡੀ ਸਰਕਾਰ ਲੋਕਾਂ ਦੀ ਸਿਹਤ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।’ ਉਨ੍ਹਾਂ ਕਿਹਾ, ‘ਮੈਂ ਹੁਣ ਹੀ ਇਹ ਅੱਖਾਂ ਦਾ ਹਸਪਤਾਲ ਦੇਖ ਕੇ ਮੁੜਿਆ ਹਾਂ। ਇਹ ਅਧਿਆਤਮ ਤੇ ਆਧੁਨਿਕਤਾ ਦਾ ਸੁਮੇਲ ਹੈ। ਇਹ ਹਸਪਤਾਲ ਬਜ਼ੁਰਗਾਂ ਦੇ ਨਾਲ ਨਾਲ ਬੱਚਿਆਂ ਦੀ ਵੀ ਸੇਵਾ ਕਰੇਗਾ।’ ਕਾਂਚੀ ਮਠ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਕਾਂਚੀ ਮਠ ਵੱਲੋਂ ਚਲਾਏ ਜਾ ਰਹੇ ਆਰ ਜੇ ਸ਼ੰਕਰ ਅੱਖਾਂ ਦੇ ਹਸਪਤਾਲ ਨਾਲ ਪੂਰਬੀ ਉੱਤਰ ਪ੍ਰਦੇਸ਼ ਦੇ 20 ਜ਼ਿਲ੍ਹਿਆਂ ਦੇ ਨਾਲ ਨਾਲ ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਸਰਹੱਦੀ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। ਕਾਂਚੀ ਮਠ ਦਾ ਇਹ ਦੇਸ਼ ’ਚ 14ਵਾਂ ਹਸਪਤਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹਰ ਸਾਲ ਅੱਖਾਂ ਦੇ 30 ਹਜ਼ਾਰ ਤੋਂ ਵੱਧ ਮੁਫ਼ਤ ਅਪਰੇਸ਼ਨਾਂ ਦਾ ਹੈ। -ਪੀਟੀਆਈ
ਮੋਦੀ ਨੇ ਬਾਗਡੋਗਰਾ ਹਵਾਈ ਅੱਡੇ ਦੇ ਵਿਸਥਾਰ ਦਾ ਨੀਂਹ ਪੱਥਰ ਰੱਖਿਆ
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰੀ-ਪੱਛਮੀ ਬੰਗਾਲ ’ਚ ਸਿਲੀਗੁੜੀ ਨੇੜੇ ਬਾਗਡੋਗਰਾ ਹਵਾਈ ਅੱਡੇ ਦਾ ਵਿਸਤਾਰ ਕੀਤੇ ਜਾਣ ਦਾ ਨੀਂਹ ਪੱਥਰ ਰੱਖਿਆ। ਇਸ ’ਤੇ 1550 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ 6700 ਕਰੋੜ ਰੁਪਏ ਦੇ 23 ਵਿਕਾਸ ਪ੍ਰਾਜੈਕਟਾਂ ’ਚੋਂ ਇੱਕ ਸੀ। ਪ੍ਰਧਾਨ ਮੰਤਰੀ ਨੇ ਵਾਰਾਨਸੀ ’ਚ ਸਮਾਗਮ ਦੌਰਾਨ ਆਨਲਾਈਨ ਢੰਗ ਨਾਲ ਇਹ ਨੀਂਹ ਪੱਥਰ ਰੱਖਿਆ। ਅਧਿਕਾਰੀਆਂ ਨੇ ਦੱਸਿਆ ਕਿ ਬਾਗਡੋਗਰਾ ਹਵਾਈ ਅੱਡੇ ’ਤੇ ਇੱਕ ਟਰਮੀਨਲ ਭਵਨ ਹੋਵੇਗਾ ਜਿੱਥੇ 3000 ਮੁਸਾਫਰਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। -ਪੀਟੀਆਈ