ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਮਦਾਰ ਆਵਾਜ਼ ਦਾ ਮਾਲਕ ਸੀ ਕਰਤਾਰ ਰਮਲਾ

07:47 AM Apr 27, 2024 IST

ਸ. ਸ. ਰਮਲਾ

Advertisement

ਜਦੋਂ ਵੀ ਪੰਜਾਬੀ ਗਾਇਕੀ ਦੀ ਗੱਲ ਤੁਰਦੀ ਹੈ ਤਾਂ ਕਰਤਾਰ ਰਮਲਾ ਦਾ ਨਾਂ ਆਪ ਮੁਹਾਰੇ ਅੱਖਾਂ ਅੱਗੇ ਆ ਜਾਂਦਾ ਹੈ। ਉਹ ਗਾਇਕੀ ਦੇ ਖੇਤਰ ਵਿੱਚ ਇੱਕ ਅਜਿਹਾ ਨਾਂ ਸੀ ਜਿਸ ਬਾਰੇ ਜੇ ਇਹ ਕਹਿ ਲਈਏ ਕਿ ਉਹ ਮਰਦੇ ਦਮ ਤੱਕ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸਰਗਰਮ ਰਿਹਾ ਤਾਂ ਝੂਠ ਨਹੀਂ ਹੈ। ਸਰਗਰਮ ਰਹਿੰਦਾ ਵੀ ਕਿਉਂ ਨਾ ਉਸ ਨੇ ਗਾਇਕੀ ਦੇ ਪਿੜ ਵਿੱਚ ਅੰਤਾਂ ਦੀ ਮਿਹਨਤ ਕਰਕੇ ਆਪਣੀ ਮੰਜ਼ਿਲ ਹਾਸਲ ਕੀਤੀ ਸੀ ਤੇ ਇਸ ਨੂੰ ਬਰਕਰਾਰ ਰੱਖਣ ਲਈ ਹੀ ਉਹ ਹਮੇਸ਼ਾ ਸਰਗਰਮ ਰਹਿੰਦਾ ਸੀ।
ਗੱਲ 2 ਦਸੰਬਰ 1978 ਦੀ ਹੈ। ਉਦੋਂ ਮੈਂ ਦਸਵੀਂ ਵਿੱਚ ਪੜ੍ਹਦਾ ਸੀ। ਗੁਆਂਢੀ ਪਿੰਡ ਕਨੋਈ ’ਚ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਣਾ ਸੀ। ਅਸੀਂ ਦਸ-ਬਾਰਾਂ ਜਣੇ ਦੁਪਹਿਰੇ ਦੋ ਕੁ ਵਜੇ ਸਾਈਕਲਾਂ ’ਤੇ ਕਨੋਈ ਪਹੁੰਚ ਗਏ ਪਰ ਉੱਥੇ ਜਾ ਕੇ ਪਤਾ ਲੱਗਾ ਕਿ ਇੱਥੇ ਮੁਹੰਮਦ ਸਦੀਕ ਨੇ ਤਾਂ ਆਥਣ ਵੇਲੇ ਆਉਣਾ ਹੈ ਪਰ ਗੁਆਂਢੀ ਪਿੰਡ ਖੇੜੀ ’ਚ ਧੰਨਾ ਸਿੰਘ ਰੰਗੀਲਾ ਦਾ ਪ੍ਰੋਗਰਾਮ ਚੱਲ ਰਿਹਾ ਹੈ। ਫਿਰ ਅਸੀਂ ਸਾਈਕਲ ਓਧਰ ਨੂੰ ਖਿੱਚ ਦਿੱਤੇ। ਰੰਗੀਲੇ ਦਾ ਅਖਾੜਾ ਅਜੇ ਪੂਰੇ ਜੋਬਨ ’ਤੇ ਚੱਲ ਰਿਹਾ ਸੀ ਤਾਂ ਕਿਸੇ ਨੇ ਕਨੋਈ ਵਾਲੇ ਰਾਹ ’ਤੇ ਜਾਂਦੀ ਕਾਰ ਵੇਖ ਕੇ ਕੂਕ ਮਾਰ ਦਿੱਤੀ ਕਿ ਬਈ ਸਦੀਕ ਆ ਗਿਆ ਹੈ। ਬਸ ਫਿਰ ਕੀ ਸੀ ਸਾਥੋਂ ਬਿਨਾਂ ਹੋਰ ਲੋਕਾਂ ਨੇ ਵੀ ਕਨੋਈ ਜਾਣ ਦੀ ਤਿਆਰੀ ਖਿੱਚ ਲਈ। ਸਾਡਾ ਪਿੰਡ ਕੰਮੋਮਾਜਰਾ ਕਲਾਂ, ਕਨੋਈ ਤੇ ਖੇੜੀ ਦਾ ਆਪਸ ਵਿੱਚ ਫਾਸਲਾ ਮਸਾਂ ਢਾਈ-ਤਿੰਨ ਕਿਲੋਮੀਟਰ ਦਾ ਸੀ। ਖੇੜੀ ਤੋਂ ਕਨੋਈ ਨੂੰ ਜਾਣ ਵਾਲਾ ਰਸਤਾ ਵੀ ਕੱਚਾ ਸੀ। ਕਨੋਈ ਪਹੁੰਚ ਕੇ ਅਸੀਂ ਸਾਈਕਲ ਸਾਈਡ ’ਤੇ ਲਾ ਕੇ ਸਟੇਜ ਦੇ ਅੱਗੇ ਥਾਂ ਮੱਲ ਕੇ ਬੈਠ ਗਏ। ਦਿਨ ਛੋਟੇ ਹੋਣ ਕਰਕੇ ਦਿਨ ਛਿਪ ਚੁੱਕਾ ਸੀ ਤੇ ਹਨੇਰਾ ਪਸਰ ਰਿਹਾ ਸੀ। ਗਾਇਕ ਜੋੜੀ ਦੇ ਸੰਗੀਤਕ ਮੈਂਬਰਾਂ ਨੇ ‘ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਕਲਾਕਾਰ ਜਲਦੀ ਪਹੁੰਚ ਰਹੇ ਨੇ’ ਕਹਿ ਕੇ ਆਪਣੇ ਸਾਜ਼ ਵਗੈਰਾ ਫਿੱਟ ਕਰਨੇ ਸ਼ੁਰੂ ਕੀਤੇ ਤਾਂ ਜਦੋਂ ਲੋਕਾਂ ਨੇ ਹਾਰਮੋਨੀਅਮ ’ਤੇ ਲਿਖਿਆ ਗਾਇਕ ਜੋੜੀ ਦਾ ਨਾਂ ‘ਕਰਤਾਰ ਰਮਲਾ ਐਂਡ ਪਾਰਟੀ’ ਪੜ੍ਹਿਆ ਤਾਂ ਘੁਸਰ-ਮੁਸਰ ਜਿਹੀ ਸ਼ੁਰੂ ਹੋ ਗਈ ਕਿ ਆਉਣਾ ਤਾਂ ਸਦੀਕ ਨੇ ਸੀ ਆਹ ਕੋਈ ਹੋਰ ਹੀ ਲਿਆ ਕੇ ਖੜ੍ਹਾ ਕਰਤਾ? ਸਟੇਜ ’ਤੇ ਪਹੁੰਚਦਿਆਂ ਹੀ ਕਰਤਾਰ ਰਮਲਾ ਨੇ ਵੀ ਲੋਕਾਂ ਦੀ ਘੁਸਰ-ਮੁਸਰ ਨੂੰ ਭਾਂਪਦਿਆਂ ਅਖਾੜਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਕਹਿ ਕੇ ਕਿ ਕੋਈ ਵੀ ਕਲਾਕਾਰ ਵੱਡਾ ਬਣਨ ਤੋਂ ਪਹਿਲਾਂ ਇਸੇ ਸਟੇਜ ਤੋਂ ਲੰਘਦਾ ਹੈ। ਉਸ ਨੇ ਉੱਪਰੋਂਥਲੀ ਚਾਰ ਗੀਤ ਇਕੱਠੇ ਸੁਣਾਏ ਤਾਂ ਲੋਕ ਸੁਸਰੀ ਵਾਂਗ ਸੌਂ ਗਏ।
ਕਰਤਾਰ ਰਮਲਾ ਦੀ ਰਿਕਾਰਡਿੰਗ ਭਾਵੇਂ 1967 ਵਿੱਚ ਐੱਚਐੱਮਵੀ ਵਿੱਚੋਂ ਆ ਚੁੱਕੀ ਸੀ ਤੇ ਗੀਤ ਵੀ ਸਾਫ਼ ਸੁਥਰੇ ਸਨ ਪਰ ਉਹ ਗੀਤ ਬਹੁਤੇ ਚੱਲੇ ਨਾ ਹੋਣ ਕਾਰਨ ਕਿਸੇ ਨੂੰ ਵੀ ਕਰਤਾਰ ਰਮਲਾ ਦੇ ਨਾਂ ਦਾ ਪਤਾ ਨਹੀਂ ਸੀ ਪਰ ਅੱਜ ਵਾਲਾ ਅਖਾੜਾ ਆਪਣੇ ਆਪ ਵਿੱਚ ਇੱਕ ਮਿਸਾਲ ਸੀ ਕਿਉਂਕਿ ਕਰਤਾਰ ਰਮਲਾ ਤੇ ਸੁਖਵੰਤ ਕੌਰ ਨੇ ਅਪਣੇ ਨਵੇਂ ਈ.ਪੀ. ਰਿਕਾਰਡ ‘ਬਾਪੂ ਦਾ ਖੁੰਡਾ’ ਨਾਲ ਲੋਕਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਸੀ। ਇਸ ਰਿਕਾਰਡ ਗੀਤ ਨਾਲ ਇਹ ਗਾਇਕ ਜੋੜੀ ਰਾਤੋ ਰਾਤ ਸਟਾਰ ਗਾਇਕ ਜੋੜੀ ਬਣ ਗਈ।
ਸਾਲ 1947 ਦੀ ਵੰਡ ਤੋਂ ਕੁਝ ਮਹੀਨੇ ਪਹਿਲਾਂ ਪੈਦਾ ਹੋਇਆ ਕਰਤਾਰ ਰਮਲਾ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਪਿੰਡ ਹੁੰਦਾਲ ਦੇ ਵਸਨੀਕ ਗਿਆਨੀ ਪਿਆਰਾ ਸਿੰਘ ਅਤੇ ਮਾਤਾ ਕਰਮ ਕੌਰ ਦੇ ਘਰ ਦਾ ਚਿਰਾਗ ਸੀ। ਦੇਸ਼ ਦੀ ਵੰਡ ਹੋਣ ’ਤੇ ਉਨ੍ਹਾਂ ਦਾ ਪਰਿਵਾਰ ਵੀ ਫ਼ਰੀਦਕੋਟ ਸ਼ਹਿਰ ਦੀ ਬਲਬੀਰ ਬਸਤੀ ਵਿੱਚ ਵਸ ਗਿਆ ਤੇ ਇੱਥੇ ਹੀ ਬਲਬੀਰ ਸਕੂਲ ਵਿੱਚੋਂ ਕਰਤਾਰ ਰਮਲਾ ਨੇ ਮੁੱਢਲੀ ਵਿੱਦਿਆ ਹਾਸਲ ਕੀਤੀ ਸੀ। ਉਸ ਨੇ ਆਪਣੇ ਪਿਤਾ ਗਿਆਨੀ ਪਿਆਰਾ ਸਿੰਘ ਤੋਂ ਹੀ ਸੰਗੀਤ ਦੀ ਮੁੱਢਲੀ ਵਿੱਦਿਆ ਹਾਸਲ ਕੀਤੀ ਸੀ। ਉਸ ਦੇ ਪਿਤਾ ਕਿਸਾਨ ਸਨ ਤੇ ਉਹ ਸੰਗੀਤ ਦੀਆਂ ਗਹਿਰਾਈਆਂ ਦੇ ਵੀ ਜਾਣੂ ਸਨ। ਕਰਤਾਰ ਨੇ ਆਪਣੇ ਪਿਤਾ ਤੋਂ ਹੀ ਤੂੰਬੀ ਵਜਾਉਣੀ ਤੇ ਹੋਰ ਸਾਜ਼ ਵਜਾਉਣੇ ਵੀ ਸਿੱਖੇ ਸਨ। ਬੇਸ਼ੱਕ ਮੁੱਢਲੀਆਂ ਬਾਰੀਕੀਆਂ ਉਸ ਨੇ ਆਪਣੇ ਪਿਤਾ ਤੋਂ ਸਿੱਖੀਆਂ ਸਨ ਪਰ ਫਿਰ ਵੀ ਉਸ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਗਾਉਣ ਵਾਲੇ ਪਾਸੇ ਜਾਵੇ। ਉਹ ਅਕਸਰ ਮੈਨੂੰ ਦੱਸਦਾ ਹੁੰਦਾ ਸੀ ਕਿ ਪਿਤਾ ਦਾ ਹੁਕਮ ਸੀ ਕਿ ਜਾਂ ਤਾਂ ਘਰ ਰਹਿ ਕੇ ਖੇਤੀ ਕਰ ਜਾਂ ਫਿਰ ਆਪਣਾ ਕਮਾ ਤੇ ਖਾ। ਘਰੋਂ ਗਾਇਕੀ ਦੇ ਖੇਤਰ ਵਿੱਚ ਆਉਣ ਦੀ ਹੱਲਾਸ਼ੇਰੀ ਨਾ ਮਿਲਣ ਕਾਰਨ ਉਹ ਮਾਪਿਆਂ ਨੂੰ ਕੁਝ ਬਣ ਕੇ ਦਿਖਾਉਣਾ ਚਾਹੁੰਦਾ ਸੀ। ਉਸ ਦੇ ਅੰਦਰਲਾ ਕਲਾਕਾਰ ਉਸ ਨੂੰ ਉਸ ਵੇਲੇ ਦੇ ਤੂੰਬੀ ਦੇ ਬਾਦਸ਼ਾਹ ਉਸਤਾਦ ਯਮਲਾ ਜੱਟ ਦੇ ਨੇੜੇ ਲੈ ਗਿਆ। ਕਰਤਾਰ ਰਮਲਾ ਨੂੰ ਬਹੁਤ ਮਾਣ ਸੀ ਕਿ ਉਹ ਯਮਲਾ ਜੀ ਦਾ ਸ਼ਾਗਿਰਦ ਹੈ। ਅਜਿਹਾ ਮਾਣ ਹਾਸਲ ਕਰਕੇ ਹੀ ਉਹ ਸਾਰੀ ਉਮਰ ਕਲਾ ਖੇਤਰ ਨੂੰ ਸਮਰਪਿਤ ਰਿਹਾ। ਮੁਹੰਮਦ ਸਦੀਕ ਤੋਂ ਬਿਨਾਂ ਹੋਰ ਵੀ ਕਈ ਕਲਾਕਾਰਾਂ ਨਾਲ ਸਹਿਯੋਗੀ ਕਲਾਕਾਰ ਦੇ ਤੌਰ ’ਤੇ ਜਾ ਕੇ ਉਸ ਨੇ ਆਪਣੇ ਸੰਗੀਤਕ ਸੰਘਰਸ਼ ਨੂੰ ਜਾਰੀ ਰੱਖਿਆ। ਪੱਥਰ ਦੇ ਰਿਕਾਰਡਾਂ ਤੋਂ ਸ਼ੁਰੂ ਹੋਇਆ ਉਸ ਦਾ ਸੰਗੀਤਕ ਸਫ਼ਰ ਸਮੇਂ ਸਮੇਂ ’ਤੇ ਹੁੰਦੀਆਂ ਸੰਗੀਤਕ ਤਬਦੀਲੀਆਂ ਦੇ ਪੈਮਾਨਿਆਂ ’ਚ ਬਾਖੂਬੀ ਫਿੱਟ ਹੁੰਦਾ ਰਿਹਾ। 1978 ਦੇ ਅਖਾੜੇ ਤੋਂ ਪ੍ਰਭਾਵਿਤ ਹੋ ਕੇ ਲਗਭਗ ਇੱਕ ਦਹਾਕੇ ਬਾਅਦ ਮੈਂ ਰਾਹੀ ਬਾਲੀਆਂ ਵਾਲੇ ਦੀ ਮਦਦ ਸਦਕਾ ਉਸ ਤੱਕ ਪਹੁੰਚਣ ਲਈ ਸਫਲ ਹੋ ਗਿਆ ਤੇ ਮੇਰੀ ਇਹ ਨੇੜਤਾ ਆਖਰੀ ਦਮ ਤੱਕ ਬਰਕਰਾਰ ਰਹੀ।
ਕਰਤਾਰ ਰਮਲਾ ਕੀ ਗਾਉਂਦਾ ਸੀ ਜਾਂ ਉਸ ਨੂੰ ਕੀ ਗਾਉਣਾ ਚਾਹੀਦਾ ਸੀ, ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਉਸ ਦੀ ਗਾਇਕੀ ਦਾ ਆਪਣਾ ਇੱਕ ਵੱਖਰਾ ਅੰਦਾਜ਼ ਸੀ। ਸਿਰਫ਼ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਹੀ ਉਸ ਦੇ ਗੀਤਾਂ ਦਾ ਹਿੱਸਾ ਨਹੀਂ ਹੁੰਦੀਆਂ ਸਨ ਸਗੋਂ ਉਹ ਆਪਣੇ ਆਪ ਨੂੰ ਵੀ ਆਪਣੇ ਗੀਤਾਂ ਦੀ ਸ਼ੈਲੀ ਵਿੱਚ ਫਿਟ ਕਰਨ ਦੀ ਕੋਸ਼ਿਸ਼ ਕਰਦਾ ਸੀ। ਮਿਰਜ਼ਾ ਸੰਗੋਵਾਲੀਆ ਵੱਲੋਂ ਗੀਤਾਂ ਵਿੱਚ ਫਿੱਟ ਕੀਤੀਆਂ ਗੋਟੀਆਂ ਦੇ ਸਦਕੇ ਕਰਤਾਰ ਰਮਲਾ ਕਲਾਕਾਰਾਂ ਦੀ ਵੱਡੀ ਭੀੜ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ ਪਰ ਇਸ ਚੜ੍ਹਤ ਨੂੰ ਛੇਤੀ ਹੀ ਨਜ਼ਰ ਲੱਗ ਗਈ ਤੇ ਛੇ ਕੁ ਵਰ੍ਹਿਆਂ ਦੇ ਵਕਫ਼ੇ ਬਾਅਦ ਐੱਚਐੱਮਵੀ ਵੱਲੋਂ ਕੁਝ ਕਲਾਕਾਰਾਂ ਦੀ ਆਵਾਜ਼ ਵਿੱਚ ਕੱਢੇ ਗਏ ਸਾਂਝੇ ਐੱਲਪੀ ਵਿੱਚ ਇਸ ਜੋੜੀ ਦੇ ਸੁਪਰ-ਡੁਪਰ ਹਿਟ ਗੀਤ ‘ਅੱਜ ਮੇਰਾ ਮੂਡ ਖਰਾਬ’ ਤੋਂ ਬਾਅਦ ਦੋਵਾਂ ਦੇ ਰਸਤੇ ਵੱਖੋ ਵੱਖਰੇ ਹੋ ਗਏ। ਸੈੱਟ ਟੁੱਟਣ ਤੋਂ ਬਾਅਦ ਸੁਖਵੰਤ ਕੌਰ ਦੀ ਵੱਡੀ ਭੈਣ ਕੁਲਦੀਪ ਕੌਰ ਨਾਲ ‘ਢਾਈ ਮਿੰਟ ਦਾ ਕੰਮ’ ਐੱਲਪੀ ਰਿਕਾਰਡ ਦਾ ਟਾਈਟਲ ਗੀਤ ਵੀ ਸ਼ਾਇਦ ਆਪਣੀ ਪਹਿਲੀ ਸਹਿ ਗਾਇਕਾ ਨੂੰ ਮਿਹਣੇ ਵੱਜੋਂ ਦਰਜ ਗੀਤ ਸੀ। ਸੁਖਵੰਤ ਨਾਲੋਂ ਸੈੱਟ ਟੁੱਟਣ ਤੋਂ ਬਾਅਦ ਉਸ ਨੇ ਕੁਲਦੀਪ ਕੌਰ, ਊਸ਼ਾ ਕਿਰਨ, ਹਰਨੀਤ ਨੀਤੂ ਤੇ ਤੇਜਵੀਰ ਰਾਜੂ ਆਦਿ ਗਾਇਕਾਵਾਂ ਨਾਲ ਸਟੇਜਾਂ ’ਤੇ ਗਾਇਆ ਪਰ ਜਦੋਂ ਫ਼ਰੀਦਕੋਟ ਦੀ ਜੰਮਪਲ ਕੁੜੀ ਪਰਮਜੀਤ ਸੰਧੂ ਤੇ ਕਰਤਾਰ ਰਮਲਾ ਦਾ ਐੱਚਐੱਮਵੀ ਵੱਲੋਂ ‘ਮੇਰੇ ਦਿਲ ਵਿੱਚ ਤੂੰ’ ਐੱਲਪੀ ਰਿਕਾਰਡ ਰਿਲੀਜ਼ ਹੋਇਆ ਤਾਂ ਇਸ ਜੋੜੀ ਦਾ ਪ੍ਰਮੁੱਖ ਗੀਤ ‘ਭੱਖੜੇ ਦੇ ਕੰਡੇ ਵਾਂਗੂੰ ਖੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ’ ਦਾ ਅਜਿਹਾ ਅਸਰ ਹੋਇਆ ਕਿ ਕਰਤਾਰ ਰਮਲਾ ਅਤੇ ਪਰਮਜੀਤ ਸੰਧੂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਨ੍ਹਾਂ ਦੇ ਘਰ ਸੈਂਡੀ ਤੇ ਮੈਂਡੀ ਦੋ ਬੇਟੀਆਂ ਨੇ ਜਨਮ ਲਿਆ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਨਾਲ ਨਾਲ ਫਿਲਮੀ ਖੇਤਰ ਵਿੱਚ ਵਧੀਆ ਨਾਂ ਕਮਾਇਆ ਹੈ। ਆਪਣੇ ਸਾਂਵਲੇ ਰੰਗ ਅਤੇ ਗੋਰੀ ਚਿੱਟੀ ਜੀਵਨ ਸਾਥਣ ਸੰਧੂ ’ਤੇ ਕਰਤਾਰ ਰਮਲਾ ਨੇ ਗੀਤਕਾਰ ਬਿੱਕਰ ਮਹਿਰਾਜ ਤੋਂ ਕਹਿ ਕੇ ਗੀਤ ਲਿਖਵਾਇਆ ਸੀ ਜਿਸ ਦੇ ਬੋਲ ਸਨ ‘ਲੋਕੀਂ ਆਖਦੇ ਸੁਨੱਖੀ ਸਾਰੇ ਪਿੰਡ ਤੋਂ ਤੇ ਕਾਲੇ ਜਿਹੇ ਨਾਲ ਕਿਵੇਂ ਫਸ ਗਈ’ ਬੜਾ ਮਕਬੂਲ ਗੀਤ ਸੀ। ਉਹ ਸਿਰਫ਼ ‘ਭੰਨ ਕੇ ਟਰੱਕ ਬਹਿ ਗਿਆ’ ਵਰਗੇ ਗੀਤ ਹੀ ਨਹੀਂ ਸੀ ਗਾਉਂਦਾ ਸਗੋਂ ਉਸ ਨੇ ਪਰਮਜੀਤ ਸੰਧੂ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦਿਆਂ ‘ਦੋ ਹੰਸਾਂ ਦੇ ਜੋੜੇ’ ਧਾਰਮਿਕ ਗੀਤਾਂ ਦੀ ਪੂਰੀ ਕੈਸੇਟ ਰਿਲੀਜ਼ ਕੀਤੀ ਸੀ ਜਿਸ ਨੂੰ ਉਸ ਵੇਲੇ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਇੰਦਰਲੋਕ ਵੱਲੋਂ ਰਿਲੀਜ਼ ਕੀਤਾ ਗਿਆ ਸੀ। ‘ਦੋ ਹੰਸਾਂ ਦੇ ਜੋੜੇ’ ਗੀਤ ਜਸਪਿੰਦਰ ਨਰੂਲਾ ਦੇ ਨਾਲ ਵੀ ਰਿਕਾਰਡ ਹੋਇਆ ਸੀ। ਪਰਮਜੀਤ ਸੰਧੂ ਨਾਲ ਕਰਤਾਰ ਰਮਲਾ ਦੀਆਂ ਕਾਫ਼ੀ ਕੈਸੇਟਾਂ ਹਿੱਟ ਰਹੀਆਂ। ਬੇਸ਼ੱਕ ਪਰਮਜੀਤ ਨਾਲ ਕਰਤਾਰ ਰਮਲਾ ਦਾ ਸੈੱਟ ਵਧੀਆ ਚੱਲਿਆ ਸੀ ਪਰ ਸਮੇਂ ਦੀ ਤੋਰ ’ਨੇ ਇਸ ਗਾਇਕ ਜੋੜੀ ਨੂੰ ਇੱਕ ਵਾਰ ਫਿਰ ਵੱਖ ਕਰ ਦਿੱਤਾ। ਉਸ ਨੇ ‘ਸਦਕੇ ਮੈਂ ਜਾਵਾਂ’ ਸੋਲੋ ਗੀਤਾਂ ਦੀ ਪੂਰੀ ਕੈਸੇਟ ਵੀ ਆਪਣੇ ਸਰੋਤਿਆਂ ਨੂੰ ਸੁਣਨ ਲਈ ਦਿੱਤੀ ਸੀ। ਮਨਜੀਤ ਕੌਰ ਮਾਨ ਦੇ ਨਾਲ ਕਰਤਾਰ ਰਮਲਾ ਦੀ ਕੈਸੇਟ ‘ਸੁਪਨਾ ਹੋਗੀ ਪਾਲੀਏ’ ਸੁਪਰ ਡੁਪਰ ਹਿੱਟ ਰਹੀ ਸੀ। ਕਰਤਾਰ ਰਮਲਾ ਦੇ ਗੀਤ ਸਮਾਜਿਕ ਤਾਣਿਆਂ-ਬਾਣਿਆਂ ਦੀ ਘੁੰਮਣਘੇਰੀ ਨੁੰ ਦਰਸਾਉਣ ਲਈ ਪੂਰੇ ਸਮਰੱਥ ਹਨ। ਉਸ ਵੱਲੋਂ ਬੂਬਣੇ ਸਾਧਾਂ ’ਤੇ ਗਾਏ ਗੀਤ ਹਮੇਸ਼ਾ ਸੰਦੇਸ਼ ਵਾਚਕ ਹੁੰਦੇ ਸਨ।
ਪੰਜਾਬੀ ਦੀ ਸਫਲ ਫਿਲਮ ‘ਸੈਦਾ ਜੋਗਣ’ ਵਿੱਚ ਕੁਲਦੀਪ ਮਾਣਕ ਅਤੇ ਕਰਤਾਰ ਰਮਲਾ ਵੱਲੋਂ ਗਾਈ ਗਈ ਹੀਰ ਦੀ ਕਲੀ ਦਾ ਸ਼ਿਅਰ ਕਰਤਾਰ ਰਮਲਾ ਤੋਂ ਵਿਸ਼ੇਸ਼ ਤੌਰ ’ਤੇ ਗਵਾਇਆ ਗਿਆ ਸੀ। ਸ਼ਿਅਰ ਗਾਉਣ ਦੇ ਮਾਮਲੇ ਵਿੱਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਇੱਕ ਨਹੀਂ ਅਨੇਕਾਂ ਹੀ ਗੀਤਾਂ ਤੋਂ ਪਹਿਲਾਂ ਗਾਏ ਗਏ ਸ਼ਿਅਰ ਉਸ ਦੀ ਪੁਖਤਾ ਗਾਇਕੀ ਦੀ ਗਵਾਹੀ ਭਰਦੇ ਹਨ। ਬੇਸ਼ੱਕ ਉਸ ’ਤੇ ਤੱਤੇ ਗੀਤ ਗਾਉਣ ਦਾ ਦੋਸ਼ ਲੱਗਦਾ ਰਿਹਾ ਪਰ ਉਹ ਆਪਣੇ ਮਨ ਦੇ ਸਕੂਨ ਦੀ ਪ੍ਰਾਪਤੀ ਲਈ ‘ਇਹ ਜੋਬਨ ਵੇਖਿਆਂ ਮੁੱਕਦਾ ਨ੍ਹੀਂ’ ਅਕਸਰ ਹਰੇਕ ਸਟੇਜ ’ਤੇ ਗਾਉਂਦਾ ਸੀ। ਦੋਗਾਣਾ ਗਾਇਕੀ ਵਿੱਚ ਉਸ ਦਾ ਘੇਰਾ ਬੇਹੱਦ ਵਿਸ਼ਾਲ ਸੀ। ਦੇਸ਼ ਵਿਦੇਸ਼ ਵਿੱਚ ਉਸ ਦੇ ਪੱਕੇ ਸਰੋਤੇ ਸਨ। ਉਮਰ ਦੇ ਸੱਤਵੇਂ ਦਹਾਕੇ ਵਿੱਚ ਵੀ ਉਸ ਦੀ ਆਪਣੇ ਸਰੋਤਿਆਂ ਨਾਲ ਪ੍ਰੀਤ ਪਹਿਲਾਂ ਨਾਲੋਂ ਵੀ ਗੂੜ੍ਹੀ ਸੀ। ਉਸ ਦੇ ਮੁੱਢਲੇ ਸਰੋਤੇ ਜਿਨ੍ਹਾਂ ਨੇ ਕਰਤਾਰ ਰਮਲਾ ਤੇ ਸੁਖਵੰਤ ਕੌਰ ਦੇ ਦੋਗਾਣੇ ਸੁਣੇ ਹੋਏ ਸਨ ਦਾ ਸਾਰੀ ਉਮਰ ਸ਼ਿਕਵਾ ਰਿਹਾ ਕਿ ਜੇ ਰਮਲਾ ਸੁਖਵੰਤ ਦੀ ਜੋੜੀ ਬਣੀ ਰਹਿੰਦੀ ਤਾਂ ਪੰਜਾਬੀ ਗਾਇਕੀ ਵਿੱਚ ਇਸ ਜੋੜੀ ਦਾ ਜਾਦੂ ਵੱਖਰਾ ਹੀ ਹੋਣਾ ਸੀ। ਆਖਰੀ ਸਮੇਂ ’ਚ ਕਰਤਾਰ ਰਮਲਾ ਦਾ ਸੈੱਟ ਨਵਜੋਤ ਰਾਣੀ ਨਾਲ ਬਣਿਆ ਹੋਇਆ ਸੀ। ਦੋਵਾਂ ਨੇ ਕਾਫ਼ੀ ਚਰਚਿਤ ਗੀਤ ਸਰੋਤਿਆਂ ਨੂੰ ਸੁਣਨ ਲਈ ਦਿੱਤੇ ਸਨ। ਅਖੀਰ 18 ਮਾਰਚ 2020 ਨੂੰ ਕਰਤਾਰ ਰਮਲਾ ਆਪਣੇ ਪ੍ਰਸੰਸਕਾਂ ਨੂੰ ਅਲਵਿਦਾ ਕਹਿ ਗਿਆ ਤੇ ਪੰਜਾਬੀ ਗਾਇਕੀ ਦੀ ਫੁੱਲਵਾੜੀ ਨੂੰ ਸੁੰਨੀ ਕਰ ਗਿਆ।
ਉਸ ਨੇ ਬਾਬੂ ਸਿੰਘ ਮਾਨ ਮਰਾੜਾਂਵਾਲਾ, ਹੇਮ ਰਾਜ ਬਾਲੀਆਂ ਵਾਲਾ, ਮਿਰਜ਼ਾ ਸੰਗੋਵਾਲੀਆ, ਅਜਮੇਰ ਘਰਾਚੋਂ, ਬਿੱਕਰ ਮਹਿਰਾਜ, ਡਾ. ਸੁਰਜੀਤ ਸਿੰਘ ਘੋਲੀਆ, ਕਰਮ ਸਿੰਘ ਭੱਟੀ, ਬਚਿੱਤਰ ਅਨਪੜ੍ਹ, ਬਾਂਸਲ ਬਾਪਲੇਵਾਲਾ, ਪਾਲੀ ਦੇਤਵਾਲੀਆ, ਬਲਵੀਰ ਲਹਿਰੇ ਵਾਲਾ, ਧਰਮ ਕੰਮੇਆਣਾ, ਤੇਜਾ ਭੁੱਟੇ ਵਾਲਾ ਤੇ ਗਾਮੀ ਸੰਗਤਪੁਰੀਆ ਤੋਂ ਇਲਾਵਾ ਅਨੇਕਾਂ ਗੀਤਕਾਰਾਂ ਦੇ ਗੀਤ ਗਾਏ ਸਨ ।
ਸੰਪਰਕ: 98722-50956

Advertisement
Advertisement
Advertisement