ਕਰਨਾਟਕ: ਧਾਰਮਿਕ ਸਥਾਨ ’ਤੇ ਪਥਰਾਅ ਕਾਰਨ ਮਾਹੌਲ ਤਣਾਅਪੂਰਨ
ਮੰਗਲੂਰੂ, 16 ਸਤੰਬਰ
ਦੱਖਣੀ ਕੰਨੜ ਜ਼ਿਲ੍ਹੇ ਵਿੱਚ ਧਾਰਮਿਕ ਸਥਾਨ ’ਤੇ ਪਥਰਾਅ ਅਤੇ ਦੋ ਧਿਰਾਂ ਵੱਲੋਂ ਭੜਕਾਊ ਬਿਆਨ ਦਿੱਤੇ ਜਾਣ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਮੰਗਲੂਰੂ ਤਾਲੁਕ ਦੇ ਕਟਿਪੱਲਾ ’ਚ ਐਤਵਾਰ ਰਾਤ ਨੂੰ ਪੱਥਰਬਾਜ਼ੀ ਦੀ ਘਟਨਾ ਕਾਰਨ ਪੂਜਾ ਸਥਾਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਜਿਸ ਤੋਂ ਬਾਅਦ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਤੁਰੰਤ ਕਾਰਵਾਈ ਕਰਕੇ ਸਥਿਤੀ ’ਤੇ ਕਾਬੂ ਪਾ ਲਿਆ ਗਿਆ। ਖੇਤਰ ਵਿੱਚ ਹੋਰ ਕਿਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ।’
ਇਸ ਦੌਰਾਨ ਅੱਜ ਸੋਸ਼ਲ ਮੀਡੀਆ ’ਤੇ ਦੋ ਧਿਰਾਂ ਵੱਲੋਂ ਭੜਕਾਊ ਬਿਆਨ ਦਿੱਤੇ ਜਾਣ ਤੋਂ ਬਾਅਦ ਕੌਮੀ ਮਾਰਗ 75 ਦੇ ਨੇੜੇ ਬੰਤਵਾਲ ਤਾਲੁਕ ਦੇ ਬੀਸੀ ਰੋਡ ’ਤੇ ਤਣਾਅ ਪੈਦਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੰਤਵਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੁਹੰਮਦ ਸ਼ਰੀਫ ਵੱਲੋਂ ਹਿੰਦੂ ਜਥੇਬੰਦੀ ਵੀਐੱਚਪੀ ਦੇ ਆਗੂ ਸ਼ਰਨ ਪੰਪਵੈਲ ਨੂੰ ‘ਈਦ-ਏ-ਮਿਲਾਦ’ ਦੌਰਾਨ ਉਨ੍ਹਾਂ ਨੂੰ ਮਿਲਣ ਦੀ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਵੀਐੱਚਪੀ ਅਤੇ ਬਜਰੰਗ ਦਲ ਸਮੇਤ ਵੱਡੀ ਗਿਣਤੀ ਲੋਕ ਇਲਾਕੇ ’ਚ ਇਕੱਠੇ ਹੋ ਗਏ। ਇਸ ਤੋਂ ਬਾਅਦ ਦੱਖਣ ਕੰਨੜ ਜ਼ਿਲ੍ਹਾ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ। ਪੁਲੀਸ ਮੁਤਾਬਕ ਬੀਸੀ ਰੋਡ ਜੰਕਸ਼ਨ ਵੱਲ ਜਾਣ ਵਾਲੇ ਕੁਝ ਲੋਕਾਂ ਨੇ ਪੁਲੀਸ ਦੀਆਂ ਰੋਕਾਂ ਤੋੜ ਦਿੱਤੀਆਂ। ਇਲਾਕੇ ਵਿੱਚ ਵੱਡੀ ਗਿਣਤੀ ਲੋਕ ਇਕੱਠੇ ਹੋਣ ਕਾਰਨ ਨੈਸ਼ਨਲ ਹਾਈਵੇਅ 75 ਜਾਮ ਕਰ ਦਿੱਤਾ ਗਿਆ ਅਤੇ ਪੁਲੀਸ ਨੂੰ ਨਫਰੀ ਹੋਰ ਵਧਾਉਣੀ ਪਈ। -ਪੀਟੀਆਈ