ਕਰਨਾਟਕ: ਮਾਲਵੀਆ ਨੇ ਤੇਲ ਕੀਮਤਾਂ ਵਿੱਚ ਵਾਧੇ ਲਈ ਰਾਹੁਲ ਨੂੰ ਭੰਡਿਆ
ਨਵੀਂ ਦਿੱਲੀ, 16 ਜੂਨ
ਭਾਜਪਾ ਦੇ ਕੌਮੀ ਆਈਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਤੇਲ ਕੀਮਤਾਂ ਵਿਚ ਕੀਤੇ ਹਾਲੀਆ ਵਾਧੇ ਲਈ ਕਰਨਾਟਕ ਦੀ ਕਾਂਗਰਸ ਸਰਕਾਰ ਤੇ ਰਾਹੁਲ ਗਾਂਧੀ ਨੂੰ ਭੰਡਿਆ ਹੈ। ਮਾਲਵੀਆ ਨੇ ਐਕਸ ’ਤੇ ਇਕ ਪੋਸਟ ਵਿਚ ਕਰਨਾਟਕ ਦੇ ਇੰਡਸਟਰੀਜ਼ ਤੇ ਡਿਵੈਲਪਮੈਂਟ ਮੰਤਰੀ ਐੱਮਬੀ ਪਾਟਿਲ ਦੇ ਉਸ ਬਿਆਨ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਵਿਚ ਮੰਤਰੀ ਨੇ ਤੇਲ ਕੀਮਤਾਂ ਵਿਚ ਵਾਧੇ ਨੂੰ ਰਾਹੁਲ ਗਾਂਧੀ ਦੀਆਂ ‘ਗਾਰੰਟੀਆਂ’ ਨੂੰ ਪੂਰਾ ਕਰਨ ਲਈ ਜ਼ਰੂਰੀ ਦੱਸ ਕੇ ਤਰਕਸੰਗਤ ਠਹਿਰਾਇਆ ਸੀ। ਮਾਲਵੀਆ ਨੇ ਕਿਹਾ, ‘‘ਕਰਨਾਟਕ ਸਰਕਾਰ ’ਚ ਮੰਤਰੀ ਐੱਮਬੀ ਪਾਟਿਲ ਨੇ ਕਿਹਾ ਸੀ ਕਿ ਤੇਲ ਕੀਮਤਾਂ ਵਿਚ ਵਾਧਾ ਜ਼ਰੂਰੀ ਸੀ ਤਾਂ ਕਿ ਰਾਹੁਲ ਗਾਂਧੀ ਦੀਆਂ ‘ਗਾਰੰਟੀਆਂ’ ਪੂਰੀਆਂ ਕਰਨ ਲਈ ਫੰਡ ਜੁਟਾਇਆ ਜਾ ਸਕੇ। ਰਾਹੁਲ ਗਾਂਧੀ ਨੇ ਹਰ ਉਸ ਰਾਜ ਨੂੰ ਬਰਬਾਦ ਕਰ ਕੇ ਰੱਖ ਦਿੱਤਾ, ਜਿਸ ਨੂੰ ਉਨ੍ਹਾਂ ਹੱਥ ਲਾਇਆ।’’
ਕਾਬਿਲੇਗੌਰ ਹੈ ਕਿ ਐੱਮਬੀ ਪਾਟਿਲ ਨੇ ਤੇਲ ਕੀਮਤਾਂ ਵਿਚ ਵਾਧੇ ਦੇ ਕਰਨਾਟਕ ਸਰਕਾਰ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਸੂਬੇ ਦੀਆਂ ਗਾਰੰਟੀ ਸਕੀਮਾਂ ਤੇ ਹੋਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇਹ ਜ਼ਰੂਰੀ ਸੀ।
ਕਰਨਾਟਕ ਸਰਕਾਰ ਵੱਲੋਂ ਪੈਟਰੋਲ/ਡੀਜ਼ਲ ’ਤੇ ਪ੍ਰਚੂਨ ਵਿਕਰੀ ਕਰ ਵਧਾਉਣ ਨਾਲ ਪੈਟਰੋਲ ਪ੍ਰਤੀ ਲਿਟਰ ਤਿੰਨ ਰੁਪਏ ਤੇ ਡੀਜ਼ਲ ਪ੍ਰਤੀ ਲਿਟਰ ਸਾਢੇ ਤਿੰਨ ਰੁਪਏ ਮਹਿੰਗਾ ਹੋ ਗਿਆ ਸੀ। -ਆਈਏਐੱਨਐੱਸ
ਸਿਧਾਰਮੱਈਆ ਵੱਲੋਂ ਤੇਲ ਕੀਮਤਾਂ ’ਚ ਵਾਧੇ ਦਾ ਬਚਾਅ
ਬੰਗਲੂਰੂ: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਨੇ ਤੇਲ ਕੀਮਤਾਂ ਵਿਚ ਵਾਧੇ ਦਾ ਬਚਾਅ ਕਰਦਿਆਂ ਕਿਹਾ ਕਿ ਇਸ ਨਾਲ ਜ਼ਰੂਰੀ ਜਨਤਕ ਸੇਵਾਵਾਂ ਤੇ ਵਿਕਾਸ ਪ੍ਰਾਜੈਕਟਾਂ ਵਾਸਤੇ ਫੰਡਿੰਗ ਯਕੀਨੀ ਬਣੇਗੀ। ਵਿਰੋਧੀ ਧਿਰ ਭਾਜਪਾ ਤੇ ਇਸ ਦੇ ਭਾਈਵਾਲ ਜੇਡੀ(ਐੱਸ) ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦਰਮਿਆਨ ਸਿਧਾਰਮੱਈਆ ਨੇ ਕਿਹਾ ਕਿ ਵਾਧੇ ਮਗਰੋਂ ਵੀ ਤੇਲ ਕੀਮਤਾਂ ’ਤੇ ਟੈਕਸ ਦੀ ਦਰ ਬਹੁਤੇ ਦੱਖਣੀ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰਨਾਟਕ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਵੈਟ ਵਧਾ ਕੇ ਕ੍ਰਮਵਾਰ 29.84 ਫੀਸਦ ਤੇ 18.44 ਫੀਸਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਪਿਛਲੀ ਡਬਲ ਇੰਜਣ ਸਰਕਾਰ ਨੇ ਕਰਨਾਟਕ ਦੇ ਵਸੀਲੇ ਹੋਰਨਾਂ ਰਾਜਾਂ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ