ਕਰਨਾਟਕ: ਮੀਂਹ ਕਾਰਨ ਬੰਗਲੂਰੂ ਸਣੇ ਕਈ ਇਲਾਕਿਆਂ ’ਚ ਜਨਜੀਵਨ ਪ੍ਰਭਾਵਿਤ
ਬੰਗਲੂਰੂ, 16 ਅਕਤੂਬਰ
ਕਰਨਾਟਕ ਦੀ ਰਾਜਧਾਨੀ ਬੰਗਲੂਰੂ ਸਣੇ ਸੂਬੇ ਦੇ ਕਈ ਦੱਖਣੀ ਹਿੱਸਿਆਂ ’ਚ ਲਗਾਤਾਰ ਮੀਂਹ ਕਾਰਨ ਅੱਜ ਜਨਜੀਵਨ ਪ੍ਰਭਾਵਿਤ ਹੋਇਆ ਤੇ ਕਈ ਇਲਾਕਿਆਂ ’ਚ ਪਾਣੀ ਭਰਨ ਕਾਰਨ ਆਵਾਜਾਈ ’ਚ ਵਿਘਨ ਪਿਆ। ਲੰਘੇ 24 ਘੰਟਿਆਂ ਦੌਰਾਨ ਸਵੇਰੇ 8.30 ਤੱਕ ਬੰਗਲੂੁਰੂ ’ਚ 66.1 ਮਿਲੀਮੀਟਰ ਮੀਂਹ ਪਿਆ ਹੈ। ਇਸ ਦੌਰਾਨ ਬੰਗਲੂਰੂ ਮੈਟਰੋ ਸੇਵਾਵਾਂ ਵੀ ਪ੍ਰਭਵਿਤ ਹੋਈਆਂ ਜਦਕਿ ਕਈ ਥਾਈ ਪੱਟੜੀਆਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਕਈ ਰੇਲਗੱਡੀਆਂ ਰੱਦ ਕਰਨੀਆਂ ਪਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਪੱਛਮੀ ਰੇਲਵੇ ਨੇ ਅੱਜ ਬੇਸਿਨ ਬ੍ਰਿਜ ਜੰਕਸ਼ਨ (ਚੇਨੱਂਈ) ਤੇ ਵੇਸਰਪਾੜੀ ਸਟੇਸ਼ਨਾਂ ਵਿਚਾਲੇ ਬ੍ਰਿਜ ਨੰਬਰ 144 ’ਤੇ ਅੱਪ ਫਾਸਟ ਲਾਈਨ ’ਤੇ ਪੱਟੜੀਆਂ ਪਾਣੀ ਭਰਨ ਕਾਰਨ ਅੱਜ ਚੇਨੱਈ, ਬੰਗਲੂੂਰੂ, ਮੈਸੂਰ, ਚਮਰਾਜਨਗਰ ਸਣੇ ਕਈ ਹੋਰ ਸਟੇਸ਼ਨਾਂ ਵਿਚਾਲੇ ਚੱਲਣ ਵਾਲੀਆਂ ਰੇਲਗੱਡੀਆਂ ਰੱਦ ਕਰ ਦਿੱਤੀਆਂ।
ਦੂਜੇ ਪਾਸੇ ਮੰਗਲਵਾਰ ਤੋਂ ਅੱਜ ਸਵੇਰ ਤੱਕ ਪਏ ਮੀਂਹ ਨਾਲ ਸ਼ਹਿਰ ਦੇ ਕੁਝ ਹਿੱਸਿਆਂ ’ਚ ਪਾਣੀ ਭਰਨ ਕਾਰਨ ਲੋਕਾਂ ਨੂੰ ਆਮ ਜਨਜੀਵਨ ’ਚ ਮੁਸ਼ਕਲਾਂ ਤੇ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਬੰਗਲੂਰੂ ਸ਼ਹਿਰੀ ਜ਼ਿਲ੍ਹੇ ’ਚ ਅੱਜ ਸਕੂਲ ਬੰਦ ਰਹੇ ਜਦਕਿ ਕਈ ਸੂਚਨਾ ਤਕਨੀਕੀ, ਬਇਓਤਕਨੀਕੀ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਮੁਲਾਜ਼ਮਾਂ ਘਰ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਗਈ। ਕਰਨਾਟਕ ਦੇ ਮਾਲ ਮੰਤਰੀ ਕ੍ਰਿਸ਼ਨਾ ਬਾਇਰ ਗੌੜਾ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਕਰਨਾਟਕ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਬੰਗਲੂਰ ’ਚ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਤੇ ਕਰਨਾਟਕ ਰਾਜ ਆਫ਼ਤ ਪ੍ਰਬੰਧਨ ਬਲ (ਕੇਐੱਸਡੀਆਰਐੱਫ) ਦੇ 60 ਜਵਾਨ ਤਾਇਨਾਤ ਕੀਤੇ ਗਏ ਹਨ ਜਦਕਿ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ। -ਪੀਟੀਆਈ
ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰ: ਸ਼ਿਵਕੁਮਾਰ
ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਲਗਾਤਾਰ ਬਾਰਿਸ਼ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਅਤੇ ਆਖਿਆ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਮੀਂਹ ਕਾਰਨ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਤੇ ਸਥਿਤੀ ’ਤੇ ਕੰਟਰਲ ਕਰਨ ਲਈ ‘ਮਜ਼ਬੂਤ’ ਪ੍ਰਬੰਧ ਹੈ। ਉਨ੍ਹਾਂ ਕਿਹਾ, ‘‘ਮੀਂਹ ਪੈਣ ਦਿਓ। ਚੱਕਰਵਾਤ ਆਉਣ ਵਾਲਾ ਹੈ ਅਤੇ ਅਸੀਂ ਸਥਿਤੀ ਸੰਭਾਲ ਲਵਾਂਗੇ। ਕੋਈ ਮੁਸ਼ਕਲ ਨਹੀਂ ਹੈ। ਸਰਕਾਰ ਤੇ ਨਾਗਰਿਕਾਂ ’ਚ ਸਥਿਤੀ ਨੂੰ ਸੰਭਾਲਣ ਦੀ ਤਾਕਤ ਹੈ।’’ -ਪੀਟੀਆਈ