ਕਰਨਾਟਕ ਹਾਈਕੋਰਟ ਵੱਲੋਂ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ਵਾਲੀ ਜਨਹਿੱਤ ਪਟੀਸ਼ਨ ਖਾਰਜ
ਬੰਗਲੁਰੂ, 21 ਅਕਤੂਬਰ
ਕਰਨਾਟਕ ਹਾਈ ਕੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗਣ ਵਾਲੀ ਜਨਹਿਤ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਸੀ ਕਿ ਰਾਹੁਲ ਨੇ ਭਾਰਤੀ ਔਰਤਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ ਜਿਸ ਕਰ ਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਜਨਤਾ ਦਲ (ਸੈਕੂਲਰ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ, ’ਤੇ ਦੋਸ਼ ਲਾਇਆ ਸੀ ਕਿ ਇਹ ਸੈਕਸ ਸਕੈਂਡਲ ਨਹੀਂ ਕਿਉਂਕਿ ਉਸ ਨੇ ਵੱਡੀ ਗਿਣਤੀ ਔਰਤਾਂ ਨਾਲ ਜਬਰ ਜਨਾਹ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਜਵਲ ਰੇਵੰਨਾ ਖ਼ਿਲਾਫ ਚਾਰ ਸੌ ਔਰਤਾਂ ਨਾਲ ਜਬਰ ਜਨਾਹ ਤੇ ਇਸ ਦੀਆਂ ਵੀਡੀਓਜ਼ ਬਣਾਉਣ ਸਬੰਧੀ ਕੇਸ ਦਰਜ ਹੋਇਆ ਸੀ।
ਚੀਫ਼ ਜਸਟਿਸ ਐਨਵੀ ਅੰਜਾਰੀਆ ਅਤੇ ਜਸਟਿਸ ਕੇ ਅਰਵਿੰਦ ਦੇ ਬੈਂਚ ਨੇ ਇਹ ਕਹਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਕਿ ਇਹ ਨਿਆਂਇਕ ਸਮੇਂ ਦੀ ਬਰਬਾਦੀ ਹੈ। ਅਦਾਲਤ ਨੇ ਪਟੀਸ਼ਨ ਦਾਇਰ ਕਰਨ ਵਾਲੇ ਆਲ ਇੰਡੀਆ ਦਲਿਤ ਐਕਸ਼ਨ ਕਮੇਟੀ ’ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਪੀਟੀਆਈ