ਕਰਨਾਟਕ: ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਛਾਪੇ
ਬੰਗਲੁਰੂ, 28 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (ਮੁੱਡਾ) ਦੇ ਮਨੀ ਲਾਂਡਰਿੰਗ ਮਾਮਲੇ ਨਾਲ ਸਬੰਧਤ ਅੱਜ ਅੱਠ ਥਾਵਾਂ ’ਤੇ ਛਾਪੇ ਮਾਰੇ। ਈਡੀ ਨੇ ਇਸ ਮਾਮਲੇ ਵਿਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰਾਂ ’ਤੇ ਕੇਸ ਦਰਜ ਕੀਤਾ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਨੇ ਬੰਗਲੁਰੂ ਅਤੇ ਮੈਸੂਰ ਵਿੱਚ ਲਗਪਗ ਸੱਤ ਤੋਂ ਅੱਠ ਥਾਵਾਂ ’ਤੇ ਛਾਪੇ ਮਾਰੇ। ਇਹ ਛਾਪੇ ਬੰਗਲੁਰੂ ਵਿੱਚ ਇੱਕ ਬਿਲਡਰ ਅਤੇ ਉਸ ਨਾਲ ਸਬੰਧਤ ਵਿਅਕਤੀਆਂ ਦੇ ਘਰਾਂ ਤੇ ਕਾਰੋਬਾਰਾਂ ’ਤੇ ਮਾਰੇ ਗਏ। ਈਡੀ ਨੇ ਇਸ ਮਾਮਲੇ ਵਿੱਚ 18 ਅਕਤੂਬਰ ਨੂੰ ਵੀ ਛਾਪੇ ਮਾਰੇ ਸਨ। ਉਸ ਵੇਲੇ ਮੈਸੂਰ ਵਿੱਚ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਮੁੱਡਾ) ਦੇ ਦਫ਼ਤਰ ਅਤੇ ਕੁਝ ਹੋਰ ਥਾਵਾਂ ਦੀ ਤਲਾਸ਼ੀ ਲਈ ਗਈ ਸੀ। ਜ਼ਿਕਰਯੋਗ ਹੈ ਕਿ ਸਿੱਧਾਰਮੱਈਆ ’ਤੇ ਮੁੱਡਾ ਰਾਹੀਂ ਆਪਣੀ ਪਤਨੀ ਨੂੰ 14 ਥਾਵਾਂ ਦੀ ਜ਼ਮੀਨ ਸਸਤੇ ਭਾਅ ਦੇਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਈਡੀ ਨੂੰ ਵੀਡੀਓ ਸੌਂਪੀ
ਬੰਗਲੁਰੂ: ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (ਮੁੱਡਾ) ਵੱਲੋਂ ਸਸਤੇ ਭਾਅ ਜ਼ਮੀਨ ਅਲਾਟ ਕਰਨ ਸਬੰਧੀ ਸਮਾਜਿਕ ਕਾਰਕੁਨ ਸਨੇਹਾਮਈ ਕ੍ਰਿਸ਼ਨਾ ਨੇ ਈਡੀ ਨੂੰ ਅੱਜ ਵੀਡੀਓ ਸਬੂਤ ਸੌਂਪੇ। ਇਸ ਘੁਟਾਲੇ ਸਬੰਧੀ ਸ਼ਿਕਾਇਤਕਰਤਾਵਾਂ ਵਿਚੋਂ ਇਕ ਕ੍ਰਿਸ਼ਨਾ ਨੇ ਈਡੀ ਸਾਹਮਣੇ ਪੇਸ਼ ਹੋ ਕੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਈਡੀ ਦੇ ਵਧੀਕ ਨਿਰਦੇਸ਼ਕ ਨੂੰ ਦਿੱਤੀ ਸ਼ਿਕਾਇਤ ਵਿੱਚ ਕ੍ਰਿਸ਼ਨਾ ਨੇ ਕਿਹਾ ਕਿ ਵੀਡੀਓ ਵਿਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਵਾਹਨ ਦੀ ਪਿਛਲੀ ਸੀਟ ’ਤੇ ਨੋਟਾਂ ਦੇ ਬੰਡਲ ਗਿਣੇ ਜਾ ਰਹੇ ਹਨ ਜਦੋਂ ਕਿ ਅਗਲੀ ਸੀਟ ’ਤੇ ਬੈਠੇ ਵਿਅਕਤੀ ਨਾਲ ਗੱਲਬਾਤ ਹੋ ਰਹੀ ਹੈ। ਇਸ ਗੱਲਬਾਤ ਵਿੱਚ 25 ਲੱਖ ਰੁਪਏ ਦੀ ਰਕਮ ਦਾ ਸਪਸ਼ਟ ਜ਼ਿਕਰ ਕੀਤਾ ਗਿਆ ਹੈ। ਕ੍ਰਿਸ਼ਨਾ ਨੇ ਇਹ ਲੈਣ ਦੇਣ ਕਰਨ ਵਾਲਿਆਂ ਦੇ ਨਾਂ ਵੀ ਈਡੀ ਨੂੰ ਸੌਂਪੇ ਹਨ।