ਕਰਨਾਟਕ: ਮਾਂਡਿਆ ਵਿੱਚ ਸ਼ੋਭਾ ਯਾਤਰਾ ਦੌਰਾਨ ਦੋ ਗਰੁੱਪਾਂ ’ਚ ਝੜਪ
ਨਾਗਮੰਗਲਾ, 12 ਸਤੰਬਰ
ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਨਾਗਮੰਗਲਾ ਕਸਬੇ ’ਚ ਗਣੇਸ਼ ਮੂਰਤੀ ਵਿਸਰਜਣ ਸ਼ੋਭਾ ਯਾਤਰਾ ਦੌਰਾਨ ਦੋ ਸਮੂਹਾਂ ਵਿਚਾਲੇ ਝੜਪ ਹੋ ਗਈ, ਜਿਸ ਮਗਰੋਂ ਭੀੜ ਵੱਲੋਂ ਕਈ ਦੁਕਾਨਾਂ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਏ ਜਾਣ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਪੁਲੀਸ ਨੇ ਦੱਸਿਆ ਲੰਘੀ ਰਾਤ ਇਸ ਘਟਨਾ ਮਗਰੋਂ 52 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹਤਿਆਤ ਵਜੋਂ 14 ਸਤੰਬਰ ਤੱਕ ਕਸਬੇ ’ਚ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਦਿੱਤੀ ਗਈ ਹੈ।
ਪੁਲੀਸ ਨੇ ਦੱਸਿਆ ਕਿ ਪਥਰਾਅ ਵਿੱਚ ਦੋ ਪੁਲੀਸ ਮੁਲਾਜ਼ਮਾਂ ਸਮੇਤ ਕੁਝ ਲੋਕਾਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ। ਸਥਿਤੀ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਵਧੇਰੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਬਦਰੀਕੋਪਲੂ ਪਿੰਡ ਤੋਂ ਸ਼ਰਧਾਲੂ ਸ਼ੋਭਾ ਯਾਤਰਾ ਕੱਢ ਰਹੇ ਸਨ ਤਾਂ ਦੋ ਸਮੂਹਾਂ ਵਿਚਾਲੇ ਬਹਿਸ ਹੋ ਗਈ ਤੇ ਕੁਝ ਵਿਅਕਤੀਆਂ ਨੇ ਪਥਰਾਅ ਕੀਤਾ, ਜਿਸ ਕਾਰਨ ਸਥਿਤੀ ਵਿਗੜ ਗਈ। ਦੋਵਾਂ ਸਮੂਹਾਂ ਵਿਚਾਲੇ ਝੜਪ ਮਗਰੋਂ ਕੁਝ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਤੇ ਵਾਹਨ ਸਾੜ ਦਿੱਤੇ ਗਏ। ਪੁਲੀਸ ਨੇ ਭੀੜ ਖਿੰਡਾਉਣ ਤੇ ਸਥਿਤੀ ਸੰਭਾਲਣ ਲਈ ਤਾਕਤ ਦੀ ਵਰਤੋਂ ਵੀ ਕੀਤੀ। ਸ਼ੋਭਾ ਯਾਤਰਾ ਸਜਾਉਣ ਵਾਲੇ ਨੌਜਵਾਨਾਂ ਦੇ ਸਮੂਹ ਨੇ ਥਾਣੇ ਨੇੜੇ ਰੋਸ ਮੁਜ਼ਾਹਰਾ ਕੀਤਾ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। -ਪੀਟੀਆਈ
ਮੁੱਖ ਮੰਤਰੀ ਵੱਲੋਂ ਕਾਰਵਾਈ ਦੀ ਚਿਤਾਵਨੀ
ਬੰਗਲੂਰੂ:
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਹਿੰਸਾ ਦੰਗਈਆਂ ਦਾ ਕੰਮ ਹੈ, ਜਿਸ ਨਾਲ ਸਮਾਜ ’ਚ ਅਮਨ ਤੇ ਸਦਭਾਵਨਾ ਦਾ ਮਾਹੌਲ ਵਿਗੜਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਧਰਮ ਦੇ ਆਧਾਰ ’ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਫਿਰ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। -ਪੀਟੀਆਈ